ਰਾਜਪਾਲ ਮਲਿਕ ਨੇ ਖ਼ੁਦ ਹਵਾਈ ਅੱਡੇ ’ਤੇ ਪੁੱਜ ਕੇ ਕੀਤਾ ਕੇਂਦਰੀ ਗ੍ਰਹਿ ਮੰਤਰੀ ਦਾ ਸਵਾਗਤ
ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਅਹੁਦਾ ਸੰਭਾਲਣ ਮਗਰੋਂ ਆਪਣੀ ਪਲੇਠੀ ਸਰਕਾਰੀ ਫੇਰੀ ਤਹਿਤ ਅੱਜ ਸ੍ਰੀਨਗਰ ਪੁੱਜੇ ਤੇ ਉਨ੍ਹਾਂ ਸੂਬੇ ਵਿੱਚ ਸੁਰੱਖਿਆ ਹਾਲਾਤ ਦਾ ਜਾਇਜ਼ਾ ਲਿਆ। ਰਾਜਪਾਲ ਸੱਤਿਆ ਪਾਲ ਮਲਿਕ ਨੇ ਪ੍ਰੋਟੋਕੋਲ ਦੀ ਪ੍ਰਵਾਹ ਨਾ ਕਰਦਿਆਂ ਖੁ਼ਦ ਹਵਾਈ ਅੱਡੇ ’ਤੇ ਪਹੁੰਚ ਕੇ ਉਨ੍ਹਾਂ ਦਾ ਸਵਾਗਤ ਕੀਤਾ। ਇਸ ਮੌਕੇ ਰਾਜਪਾਲ ਦੇ ਸਲਾਹਕਾਰ ਤੇ ਸਿਖਰਲੇ ਅਧਿਕਾਰੀ ਵੀ ਉਨ੍ਹਾਂ ਦੇ ਨਾਲ ਮੌਜੂਦ ਸਨ। ਆਮ ਕਰਕੇ ਰਾਜਪਾਲਾਂ ਵੱਲੋਂ ਪ੍ਰਧਾਨ ਮੰਤਰੀ ਨੂੰ ਹੀ ਜੀ ਆਇਆਂ ਆਖਿਆ ਜਾਂਦਾ ਹੈ। ਦੋ ਰੋਜ਼ਾ ਫੇਰੀ ਤਹਿਤ ਸ੍ਰੀਨਗਰ ਪੁੱਜੇ ਸ੍ਰੀ ਸ਼ਾਹ ਨੇ ਸਿਵਲ ਪ੍ਰਸ਼ਾਸਨ ਦੇ ਅਧਿਕਾਰੀਆਂ ਅਤੇ ਰਾਜ ਵਿੱਚ ਵੱਖ ਵੱਖ ਸੁਰੱਖਿਆ ਏਜੰਸੀਆਂ ਦੇ ਸਿਖਰਲੇ ਅਧਿਕਾਰੀਆਂ ਨਾਲ ਉੱਚ ਪੱਧਰੀ ਮੀਟਿੰਗ ਕੀਤੀ। ਮੀਟਿੰਗ ਵਿੱਚ ਰਾਜਪਾਲ ਦੇ ਗ੍ਰਹਿ ਮਾਮਲਿਆਂ ਬਾਰੇ ਸਲਾਹਕਾਰ ਤੇ ਇੰਚਾਰਜ ਕੇ.ਵਿਜੈ ਕੁਮਾਰ, ਗ੍ਰਹਿ ਸਕੱਤਰ ਰਾਜੀਵ ਗਾਬਾ, ਰਾਜ ਦੇ ਮੁੱਖ ਸਕੱਤਰ ਬੀ.ਵੀ.ਆਰ ਸੁਬਰਾਮਨੀਅਮ, ਉੱਤਰੀ ਫ਼ੌਜ ਦੇ ਕਮਾਂਡਰ ਲੈਫਟੀਨੈਂਟ ਜਨਰਲ ਰਣਬੀਰ ਸਿੰਘ, ਡੀਜੀਪੀ ਦਿਲਬਾਗ ਸਿੰਘ ਅਤੇ ਵਾਦੀ ਤੇ ਜੰਮੂ ਦੇ ਡਿਵੀਜ਼ਨਲ ਕਮਿਸ਼ਨਰ ਮੌਜੂਦ ਸਨ। ਅਧਿਕਾਰੀਆਂ ਨੇ ਗ੍ਰਹਿ ਮੰਤਰੀ ਨੂੰ ਰਾਜ ਵਿੱਚ ਕੁਲ ਮਿਲਾ ਕੇ ਸੁਰੱਖਿਆ ਹਾਲਾਤ ਤੋਂ ਜਾਣੂ ਕਰਵਾਇਆ। ਸ੍ਰੀ ਸ਼ਾਹ ਨੂੰ ਪੁਲਵਾਮਾ ਜਿਹੇ ਦਹਿਸ਼ਤੀ ਹਮਲਿਆਂ ਨੂੰ ਟਾਲਣ ਤੇ ਸਿਖਰਲੇ ਦਹਿਸ਼ਤਗਰਦਾਂ ਨੂੰ ਖ਼ਤਮ ਕਰਨ ਲਈ ਚੁੱਕੇ ਵੱਖ ਵੱਖ ਕਦਮਾਂ ਬਾਰੇ ਦੱਸਿਆ ਗਿਆ। ਪਹਿਲੀ ਜੁਲਾਈ ਤੋਂ ਸ਼ੁਰੂ ਹੋ ਰਹੀ ਸਾਲਾਨਾ ਅਮਰਨਾਥ ਯਾਤਰਾ ਮੌਕੇ ਸ਼ਰਧਾਲੂਆਂ ਦੀ ਸੁਰੱਖਿਆ ਯਕੀਨੀ ਬਣਾਉਣ ਲਈ ਕੀਤੀ ਪੇਸ਼ਕਦਮੀ ਬਾਰੇ ਵੀ ਕੇਂਦਰੀ ਗ੍ਰਹਿ ਮੰਤਰੀ ਨੂੰ ਤਫ਼ਸੀਲ ਵਿੱਚ ਦੱਸਿਆ ਗਿਆ। ਸ੍ਰੀ ਸ਼ਾਹ ਇਸ ਫੇਰੀ ਦੌਰਾਨ ਰਾਜ ਵਿੱਚ ਦਹਿਸ਼ਤੀ ਹਮਲਿਆਂ ਦੌਰਾਨ ਮਾਰੇ ਗਏ ਪੁਲੀਸ ਮੁਲਾਜ਼ਮਾਂ ਦੇ ਪਰਿਵਾਰਾਂ ਨੂੰ ਵੀ ਮਿਲਣਗੇ।