ਸ਼ਾਹ ਨੇ ‘ਵੰਦੇ ਭਾਰਤ ਐਕਸਪ੍ਰੈੱਸ’ ਨੂੰ ਵਿਖਾਈ ਹਰੀ ਝੰਡੀ

ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਨੇ ਦਿੱਲੀ ਤੋਂ ਕੱਟੜਾ ਲਈ ਸ਼ੁਰੂ ਕੀਤੀ ਵੰਦੇ ਭਾਰਤ ਐਕਸਪ੍ਰੈੱਸ ਰੇਲਗੱਡੀ (ਜਿਸ ਨੂੰ ਟਰੇਨ 18 ਵੀ ਕਹਿੰਦੇ ਹਨ) ਨੂੰ ਅੱਜ ਇਥੇ ਨਵੀਂ ਦਿੱਲੀ ਰੇਲਵੇ ਸਟੇਸ਼ਨ ਤੋਂ ਹਰੀ ਝੰਡੀ ਵਿਖਾ ਕੇ ਪਲੇਠੇ ਸਫ਼ਰ ਲਈ ਰਵਾਨਾ ਕੀਤਾ। ਇਸ ਮੌਕੇ ਰੇਲ ਮੰਤਰੀ ਪਿਯੂਸ਼ ਗੋਇਲ, ਕੇਂਦਰੀ ਮੰਤਰੀ ਜਿਤੇਂਦਰ ਸਿੰਘ ਤੇ ਹਰਸ਼ ਵਰਧਨ ਵੀ ਮੌਜੂਦ ਸਨ।
ਸ੍ਰੀ ਸ਼ਾਹ ਨੇ ਮੁਲਕ ਦੀ ਦੂਜੀ ਸਵਦੇਸ਼ੀ ਗੱਡੀ ਨੂੰ ਹਰੀ ਝੰਡੀ ਵਿਖਾਉਣ ਮਗਰੋਂ ਕਿਹਾ ਕਿ ਸਰਕਾਰ ਦੇ ਦੋ ਅਹਿਮ ਫੈਸਲਿਆਂ- ਜੰਮੂ ਕਸ਼ਮੀਰ ’ਚੋਂ ਧਾਰਾ 370 ਮਨਸੂਖ਼ ਕਰਨ ਅਤੇ ਵੰਦੇ ਭਾਰਤ ਐਕਸਪ੍ਰੈੱਸ ਦੀ ਸ਼ੁਰੂਆਤ- ਨਾਲ ਜੰਮੂ ਕਸ਼ਮੀਰ ਵਿੱਚ ਵਿਕਾਸ ਦਾ ਨਵਾਂ ਸਫ਼ਰ ਸ਼ੁਰੂ ਹੋ ਗਿਆ ਹੈ। ਉਨ੍ਹਾਂ ਕਿਹਾ, ‘ਮੈਂ ਮੰਨਦਾ ਹਾਂ ਕਿ ਧਾਰਾ 370 ਨਾ ਸਿਰਫ਼ ਦੇਸ਼ ਦੀ ਏਕਤਾ ਵਿੱਚ ਅੜਿੱਕਾ ਸੀ, ਬਲਕਿ ਇਹ ਕਸ਼ਮੀਰ ਦੇ ਵਿਕਾਸ ਵਿੱਚ ਸਭ ਤੋਂ ਵੱਡਾ ਰੋੜਾ ਸੀ। ਮੈਨੂੰ ਯਕੀਨ ਹੈ ਕਿ ਧਾਰਾ 370 ਖ਼ਤਮ ਕੀਤੇ ਜਾਣ ਨਾਲ, ਅਸੀਂ ਉਥੋਂ ਦਹਿਸ਼ਤਗਰਦੀ ਨੂੰ ਜੜ੍ਹੋਂ ਪੁੱਟਣ ਵਿੱਚ ਸਫ਼ਲ ਰਹਾਂਗੇ।’ ਪੀਐੱਮਓ ਵਿੱਚ ਰਾਜ ਮੰਤਰੀ ਜਿਤੇਂਦਰ ਸਿੰਘ ਨੇ ਵੰਦੇ ਭਾਰਤ ਐਕਸਪ੍ਰੈੱਸ ਗੱਡੀ ਦੀ ਸ਼ੁਰੂਆਤ ਨੂੰ ਜੰਮੂ ਕਸ਼ਮੀਰ ਦੇ ਲੋਕਾਂ ਲਈ ਤੋਹਫ਼ਾ ਦੱਸਿਆ। ਚੇਤੇ ਰਹੇ ਕਿ ਇਹ ਗੱਡੀ ਦਿੱਲੀ ਤੋਂ ਕੱਟੜਾ ਤਕ ਦੇ ਸਫ਼ਰ ਨੂੰ ਅੱਠ ਘੰਟਿਆਂ ’ਚ ਪੂਰਾ ਕਰੇਗੀ।
ਇਸ ਦੌਰਾਨ ਰੇਲਵੇ ਪ੍ਰੋਟੈਕਸ਼ਨ ਫੋਰਸ ਦੇ ਡਾਇਰੈਕਟਰ ਜਨਰਲ ਅਰੁਣ ਕੁਮਾਰ ਨੇ ਕਿਹਾ ਕਿ 654 ਕਿਲੋਮੀਟਰ ਦੇ ਸਫ਼ਰ ਦੌਰਾਨ ਜੰਮੂ ਤੇ ਪਠਾਨਕੋਟ ਜਿਹੇ ਅਹਿਮ/ਨਾਜ਼ੁਕ ਸਟੇਸ਼ਨਾਂ ’ਤੇ ਵਿਸ਼ੇਸ਼ ਕਮਾਂਡੋਜ਼ ਤਾਇਨਾਤ ਕੀਤੇ ਜਾਣਗੇ।

Previous articleਜ਼ਮਾਨਤ ਲਈ ਸੁਪਰੀਮ ਕੋਰਟ ਪੁੱਜੇ ਚਿਦੰਬਰਮ
Next articleਬਾਬਰੀ ਮਸਜਿਦ ਹੇਠਾਂ ਵੱਡੇ ਢਾਂਚੇ ਦੀ ਮੌਜੂਦਗੀ ਦਾ ਸਬੂਤ ਸ਼ੱਕ ਤੋਂ ਪਰ੍ਹੇ