ਗ੍ਰਹਿ ਮੰਤਰੀ ਅਮਿਤ ਸ਼ਾਹ ਵੱਲੋਂ ਦੇਸ਼ ਦੀ ਧਰਮ ਦੇ ਆਧਾਰ ਹੋਈ ਵੰਡ ਲਈ ਕਾਂਗਰਸ ਨੂੰ ਜ਼ਿੰਮੇਵਾਰ ਠਹਿਰਾਏ ਜਾਣ ਦਾ ਜਵਾਬ ਦਿੰਦਿਆਂ ਕਾਂਗਰਸ ਆਗੂ ਸ਼ਸ਼ੀ ਥਰੂਰ ਨੇ ਅੱਜ ਕਿਹਾ ਕਿ ਭਾਜਪਾ ਪ੍ਰਧਾਨ ਨੇ ਸ਼ਾਇਦ ਇਤਿਹਾਸ ਦੀਆਂ ਕਲਾਸਾਂ ਮਨ ਲਗਾ ਕੇ ਨਹੀਂ ਲਗਾਈਆਂ ਕਿਉਂਕਿ ਇਹ ਸਿਰਫ਼ ਹਿੰਦੂ ਮਹਾਸਭਾ ਤੇ ਮੁਸਲਿਮ ਲੀਗ ਹੀ ਸਨ ਜੋ ਦੋ ਮੁਲਕਾਂ ਦੇ ਸਿਧਾਂਤ ਦੀ ਪੈਰਵੀ ਕਰ ਰਹੀਆਂ ਸਨ। ਭਾਰਤੀ ਸਿਆਸਤ ’ਚ ਖੇਤਰੀ ਪਾਰਟੀਆਂ ਦੀ ਭੂਮਿਕਾ ਸਬੰਧੀ ਕੌਮੀ ਸਮਾਗਮ ਨੂੰ ਸੰਬੋਧਨ ਕਰਦਿਆਂ ਸ੍ਰੀ ਥਰੂਰ ਨੇ ਕਿਹਾ ਕਿ ਭਾਜਪਾ ਦੇ ਹਿੰਦੀ, ਹਿੰਦੂਤਵ ਤੇ ਹਿੰਦੂਸਤਾਨ ਦੇ ਸਿਧਾਂਤ ਦਾ ਵਿਰੋਧ ਸੂਬਿਆਂ ਤੋਂ ਹੋਣਾ ਸ਼ੁਰੂ ਹੋਵੇਗਾ। ਉਨ੍ਹਾਂ ਕਿਹਾ ਕਿ ਹਿੰਦੂ ਭਾਸ਼ਾ ਲਾਗੂ ਕਰਨ ਦੇ ਹੁਕਮ ਦੱਖਣੀ ਭਾਰਤ ਕਦੀ ਵੀ ਪ੍ਰਵਾਨ ਨਹੀਂ ਕਰੇਗਾ ਤੇ ਇਹ ਭਾਜਪਾ ਨੂੰ ਪਹਿਲਾਂ ਹੀ ਪਤਾ ਲੱਗ ਚੁੱਕਾ ਹੈ। ਇਸੇ ਤਰ੍ਹਾਂ ਹਿੰਦੂਤਵ ਦਾ ਏਜੰਡਾ ਦਾ ਵਿੰਧਿਆਂਚਲ ਦੇ ਦੱਖਣ ’ਚ ਪ੍ਰਵਾਨ ਨਹੀਂ ਕੀਤਾ ਜਾਵੇਗਾ। ਦੇਸ਼ ਦੀ ਧਰਮ ਦੇ ਆਧਾਰ ’ਤੇ ਵੰਡ ਬਾਰੇ ਕਾਂਗਰਸ ’ਤੇ ਲਾਏ ਦੋਸ਼ਾਂ ਸਬੰਧੀ ਥਰੂਰ ਨੇ ਕਿਹਾ, ‘ਮੈਨੂੰ ਲਗਦਾ ਹੈ ਕਿ ਉਨ੍ਹਾਂ (ਸ਼ਾਹ) ਇਤਿਹਾਸ ਦੀਆਂ ਕਲਾਸਾਂ ’ਚ ਧਿਆਨ ਨਹੀਂ ਦਿੱਤਾ। ਅਸਲੀਅਤ ਇਹ ਹੈ ਕਿ ਆਜ਼ਾਦੀ ਸੰਘਰਸ਼ ਦੌਰਾਨ ਕਾਂਗਰਸ ਹੀ ਇਕ ਅਜਿਹੀ ਪਾਰਟੀ ਸੀ ਜਿਸ ਨੇ ਹਰ ਕਿਸੇ ਦੀ ਨੁਮਾਇੰਦਗੀ ਕੀਤੀ ਅਤੇ ਸਭ ਧਰਮ ਦੇ ਲੋਕਾਂ ਲਈ ਖੜ੍ਹੀ ਰਹੀ।’