ਸੀਪੀਆਈ ਦੇ ਜਨਰਲ ਸਕੱਤਰ ਡੀ.ਰਾਜਾ ਨੇ ਕਿਹਾ ਕਿ ਉਹ ਗ੍ਰਹਿ ਮੰਤਰੀ ਨੂੰ ਦਿੱਲੀ ਪੁਲੀਸ ਦੀ ‘ਨਾਕਾਮੀ’ ਸਬੰਧੀ ਜਵਾਬ ਮੰਗਣਗੇ। ਉਨ੍ਹਾਂ ਕਿਹਾ ਕਿ ਅਮਿਤ ਸ਼ਾਹ ਦੀ ਜਵਾਬਦੇਹੀ ਤੈਅ ਕਰਨੀ ਬਣਦੀ ਹੈ। ਸੀਪੀਐੱਮ ਦੇ ਸੰਸਦ ਮੈਂਬਰ ਕੇ.ਕੇ.ਰਾਗੇਸ਼ ਨੇ ਕਿਹਾ, ‘ਖੱਬੀਆਂ ਪਾਰਟੀਆਂ ਵਿਰੋਧੀ ਧਿਰ ਦੀ ਆਵਾਜ਼ ਨੂੰ ਤਾਕਤ ਦੇਣਗੀਆਂ। ਦੋਵਾਂ ਸਦਨਾਂ ਵਿੱਚ ਦਿੱਲੀ ਹਿੰਸਾ ਦੇ ਮੁੱਦੇ ਨੂੰ ਰੱਖਾਂਗੇ। ਮੈਂ ਰਾਜ ਸਭਾ ਦੇ ਚੇਅਰਮੈਨ ਨੂੰ ਧਾਰਾ 267 ਤਹਿਤ ਨੋਟਿਸ ਦਿੱਤਾ ਹੈ।’ ਸੂਤਰਾਂ ਨੇ ਕਿਹਾ ਕਿ ਤ੍ਰਿਣਮੂਲ ਕਾਂਗਰਸ, ਸੀਪੀਆਈ ਤੇ ਸੀਪੀਐੱਮ ਸੰਸਦ ਦੇ ਦੋਵਾਂ ਸਦਨਾਂ ਵਿੱਚ ਦਿੱਲੀ ਹਿੰਸਾ ਦਾ ਮੁੱਦਾ ਰੱਖ ਕੇ ਗ੍ਰਹਿ ਮੰਤਰੀ ਤੋਂ ਇਸ ਬਾਰੇ ਜਵਾਬ ਮੰਗਣਗੇ।