ਸ੍ਰੀਨਗਰ (ਸਮਾਜ ਵੀਕਲੀ) : ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਵੱਲੋਂ ਜੰਮੂ ਕਸ਼ਮੀਰ ਦੀਆਂ ਸਿਆਸੀ ਪਾਰਟੀਆਂ ਦੇ ਗੱਠਜੋੜ ਨੂੰ ‘ਗੈਂਗ’ ਸੱਦੇ ਜਾਣ ਦੀ ਆਲੋਚਨਾ ਕਰਦਿਆਂ ਕਾਂਗਰਸ ਆਗੂ ਸੈਫੂਦੀਨ ਸੋਜ਼ ਨੇ ਕਿਹਾ ਹੈ ਕਿ ਸ਼ਾਹ ਨੇ ਭਾਰਤ ਅਤੇ ਇਸ ਦੇ ਲੋਕਤੰਤਰ ਨੂੰ ਨੀਵਾਂ ਦਿਖਾਇਆ ਹੈ। ਜ਼ਿਕਰਯੋਗ ਹੈ ਕਿ ਮੰਗਲਵਾਰ ਨੂੰ ਸ਼ਾਹ ਨੇ ਟਵੀਟ ਕਰਕੇ ਜੰਮੂ ਕਸ਼ਮੀਰ ਨੂੰ ਭਾਰਤ ਦਾ ਅਨਿੱਖੜਵਾਂ ਹਿੱਸਾ ਦਸਦਿਆਂ ਕੇਂਦਰ ਸ਼ਾਸਿਤ ਪ੍ਰਦੇਸ਼ ਦੀਆਂ ਸਿਆਸੀ ਪਾਰਟੀ ਦੇ ਗੱਠਜੋੜ ਨੂੰ ‘ਗੁਪਕਾਰ ਗੈਂਗ’ ਕਰਾਰ ਦਿੱਤਾ ਸੀ।
ਊਨ੍ਹਾਂ ਕਿਹਾ ਸੀ ਕਿ ਇਹ ਮੁਲਕ ਦੇ ਕੌਮੀ ਹਿੱਤਾਂ ਖ਼ਿਲਾਫ਼ ‘ਅਪਵਿੱਤਰ ਆਲਮੀ ਗੱਠਬੰਧਨ’ ਹੈ। ਊਨ੍ਹਾਂ ਕਾਂਗਰਸ ਆਗੂਆਂ ਸੋਨੀਆ ਗਾਂਧੀ ਅਤੇ ਰਾਹੁਲ ਗਾਂਧੀ ਨੂੰ ਸਵਾਲ ਕੀਤਾ ਸੀ ਕਿ ਕੀ ਊਹ ਗੁਪਕਾਰ ਐਲਾਨਨਾਮੇ ਲਈ ਲੋਕਾਂ ਦੇ ਗੱਠਜੋੜ ਨੂੰ ਹਮਾਇਤ ਦਿੰਦੇ ਹਨ ਜਾਂ ਨਹੀਂ। ਸੋਜ਼ ਨੇ ਬਿਆਨ ’ਚ ਕਿਹਾ,‘‘ਇਹ ਬੜੀ ਮੰਦਭਾਗੀ ਗੱਲ ਹੈ ਕਿ ਗ੍ਰਹਿ ਮੰਤਰੀ ਅਮਿਤ ਸ਼ਾਹ ਇੰਨੇ ਨੀਵੇਂ ਡਿੱਗ ਗਏ ਹਨ ਕਿ ਊਨ੍ਹਾਂ ਕਸ਼ਮੀਰ ਦੀਆਂ ਮੁੱਖ ਧਾਰਾ ਵਾਲੀਆਂ ਪਾਰਟੀਆਂ ਨੂੰ ‘ਗੈਂਗ’ ਦੱਸ ਦਿੱਤਾ। ਊਨ੍ਹਾਂ ਭਾਰਤ ਅਤੇ ਊਸ ਦੇ ਲੋਕਤੰਤਰ ਦੀ ਦਿਖ ਨੂੰ ਢਾਹ ਲਾਈ ਹੈ।’’ ਊਨ੍ਹਾਂ ਕਿਹਾ ਕਿ ਕੇਂਦਰ ’ਚ ਹਾਕਮ ਪਾਰਟੀ ਭਾਜਪਾ ਨੇ ਆਪਣੇ ਆਪ ਨੂੰ ਜਮਹੂਰੀ ਪ੍ਰਣਾਲੀ ਦਾ ਇਕਲੌਤਾ ਰਖਿਅਕ ਦਰਸਾ ਕੇ ਪਹਿਲਾਂ ਹੀ ਮੁਲਕ ਦੀ ਸ਼ਾਸਨ ਪ੍ਰਣਾਲੀ ਨੂੰ ਵੱਡਾ ਨੁਕਸਾਨ ਪਹੁੰਚਾਇਆ ਹੈ ਜਦਕਿ ਅਸਲੀਅਤ ਇਸ ਦੇ ਬਿਲਕੁਲ ਊਲਟ ਹੈ।
‘ਨੈਸ਼ਨਲ ਕਾਨਫਰੰਸ, ਕਾਂਗਰਸ, ਪੀਡੀਪੀ, ਪੀਪਲਜ਼ ਕਾਨਫਰੰਸ ਅਤੇ ਹੋਰ ਪਾਰਟੀਆਂ ਦੀਆਂ ਜਮਹੂਰੀ ਸਰਗਰਮੀਆਂ ਨੂੰ ਗ੍ਰਹਿ ਮੰਤਰੀ ਅਤੇ ਹੋਰ ਆਗੂ ਵੰਡਪਾਊ ਕਿਵੇਂ ਆਖ ਸਕਦੇ ਹਨ।’ ਊਨ੍ਹਾਂ ਕਿਹਾ ਕਿ ਪਿਛਲੇ ਕੁਝ ਸਾਲਾਂ ਦੌਰਾਨ ਜੰਮੂ ਕਸ਼ਮੀਰ ਅਤੇ ਕੇਂਦਰ ਵਿਚਾਲੇ ਸੰਵਿਧਾਨਕ ਸਬੰਧਾਂ ਨੂੰ ਝਟਕਾ ਲੱਗਾ ਹੈ ਅਤੇ ਇਹ ਨੁਕਸਾਨ ਪੂਰਿਆ ਨਹੀਂ ਜਾ ਸਕਦਾ ਹੈ। ਭਾਜਪਾ ਜਨਰਲ ਸਕੱਤਰ ਤਰੁਣ ਚੁੱਘ ਨੇ ਜੰਮੂ ਕਸ਼ਮੀਰ ਵਿਚ ਜ਼ਿਲ੍ਹਾ ਵਿਕਾਸ ਕੌਂਸਲ ਦੀਆਂ ਚੋਣਾਂ ਨੂੰ ‘ਤਿਰੰਗੇ ਨੂੰ ਪਿਆਰ ਕਰਨ ਵਾਲਿਆਂ’ ਅਤੇ ‘ਪਾਕਿਸਤਾਨ-ਚੀਨ ਨੂੰ ਪਿਆਰ ਕਰਨ ਵਾਲਿਆਂ’ ਵਿਚਾਲੇ ਲੜਾਈ ਕਰਾਰ ਦਿੱਤਾ ਹੈ। ਉਨ੍ਹਾਂ ਕਿਹਾ ਕਿ ਗੁਪਕਾਰ ਗੱਠਜੋੜ ਦੇ ਆਗੂ ਵਿਸ਼ੇਸ਼ ਦਰਜਾ ਬਹਾਲ ਕਰਵਾਉਣ ਦੇ ਦਿਨੇ ਸੁਪਨੇ ਦੇਖ ਰਹੇ ਹਨ। ਚੁੱਘ ਤੇ ਕੇਂਦਰੀ ਮੰਤਰੀ ਅਨੁਰਾਗ ਠਾਕੁਰ ਨੇ ਅੱਜ ਜੰਮੂ ਵਿਚ ਡੀਡੀਸੀ ਚੋਣਾਂ ਲਈ ਮੀਟਿੰਗ ਕੀਤੀ।