ਲੰਡਨ (ਸਮਾਜ ਵੀਕਲੀ) : ਸ਼ਹਿਜ਼ਾਦੇ ਹੈਰੀ ਦੀ ਪਤਨੀ ਤੇ ਹੌਲੀਵੁੱਡ ਅਦਾਕਾਰ ਮੇਗਨ ਮਰਕਲ ਨੇ ਬਰਤਾਨੀਆ ਦੇ ਸ਼ਾਹੀ ਪਰਿਵਾਰ ’ਤੇ ਨਸਲਵਾਦ, ਝੂਠ ਬੋਲਣ ਤੇ ਉਸ ਨੂੰ ਖ਼ੁਦਕਸ਼ੀ ਦੀ ਕਗਾਰ ’ਤੇ ਧੱਕਣ ਜਿਹੇ ਸੰਗੀਨ ਦੋਸ਼ ਲਾਏ ਹਨ। ਮਰਕਲ ਨੇ ਆਪਣੇ ਸਹੁਰਾ ਪਰਿਵਾਰ ’ਤੇ ਇਹ ਸਾਰੇ ਦੋਸ਼ ਓਫਰਾ ਵਿਨਫਰੇ ਨੂੰ ਦਿੱਤੀ ਇੰਟਰਵਿਊ ਦੌਰਾਨ ਲਾਏ ਹਨ। ਮਰਕਲ ਦੀ ਮਾਂ ਸਿਆਹਫਾਮ ਤੇ ਪਿਤਾ ਗੋਰੀ ਚਮੜੀ ਦੇ ਹਨ। ਨੂੰਹ ਵੱਲੋਂ ਲਾਏ ਇਨ੍ਹਾਂ ਦੋਸ਼ਾਂ ਮਗਰੋਂ ਬਰਤਾਨੀਆ ਦੇ ਸ਼ਾਹੀ ਪਰਿਵਾਰ ਨੂੰ ਵੱਡਾ ਝਟਕਾ ਲੱਗਾ ਹੈ।
ਇਸ ਦੌਰਾਨ ਹੈਰੀ ਤੇ ਮੇਗਨ ਨੇ ਖੁਲਾਸਾ ਕੀਤਾ ਕਿ ਉਨ੍ਹਾਂ ਦੀ ਦੂਜੀ ਔਲਾਦ ਬੇਟੀ ਹੋਵੇਗੀ। ਵਿਨਫਰੇ ਨੂੰ ਦਿੱਤੀ ਇਹ ਇੰਟਰਵਿਊ ਲੰਘੀ ਰਾਤ ਪ੍ਰਸਾਰਿਤ ਕੀਤੀ ਗਈ ਸੀ। ਇਸ ਜੋੜੇ ਕੋਲ ਪਹਿਲਾਂ ਇਕ ਪੁੱਤ ਹੈ। ਮੇਗਨ ਨੇ ਕਿਹਾ ਕਿ ਜਦੋਂ ਉਹ ਪਹਿਲੀ ਵਾਰ ਮਾਂ ਬਣਨ ਵਾਲੀ ਸੀ ਤਾਂ ਉਨ੍ਹਾਂ ਦੇ ਹੋਣ ਵਾਲੇ ਬੱਚੇ ਦੇ ਰੰਗ ਨੂੰ ਲੈ ਕੇ ਵੀ ਸਵਾਲ ਕੀਤੇ ਗੲੇ। ਹੈਰੀ ਤੇ ਮੇਗਨ ਨੇ ਮਈ 2018 ਵਿੱਚ ਵਿੰਡਸਰ ਕੈਸਲ ’ਚ ਵਿਆਹ ਕੀਤਾ ਸੀ। ਇਹ ਜੋੜਾ ਸ਼ਾਹੀ ਪਰਿਵਾਰ ਨੂੰ ਛੱਡ ਕੇ ਅੱਜ ਕੱਲ੍ਹ ਉੱਤਰੀ ਅਮਰੀਕਾ ਵਿੱਚ ਰਹਿ ਰਿਹਾ ਹੈ।