ਸ਼ਾਹੀਨ ਬਾਗ: ਹੈਗੜੇ ਨੇ ਅੰਦੋਲਨਕਾਰੀਆਂ ਨੂੰ ਸਥਾਨ ਬਦਲਣ ਲਈ ਪ੍ਰੇਰਿਆ

ਸਾਲਸਾਂ ਨੇ ਦੂਜੇ ਦਿਨ ਵੀ ਕੀਤੀ ਸ਼ਾਹੀਨ ਬਾਗ ਅੰਦੋਲਨਕਾਰੀਆਂ ਨਾਲ ਵਾਰਤਾ

ਸੁਪਰੀਮ ਕੋਰਟ ਵੱਲੋਂ ਨਿਯੁਕਤ ਸਾਲਸਾਂ ਨੇ ਅੱਜ ਲਗਾਤਾਰ ਦੂਜੇ ਦਿਨ ਸ਼ਾਹੀਨ ਬਾਗ ਅੰਦੋਲਨਕਾਰੀਆਂ ਨਾਲ ਧਰਨੇ ਵਾਲੀ ਥਾਂ ਉੱਤੇ ਜਾ ਕੇ ਗੱਲਬਾਤ ਕੀਤੀ। ਜ਼ਿਕਰਯੋਗ ਹੈ ਕਿ ਨਾਗਰਕਿਤਾ ਸੋਧ ਕਾਨੂੰਨ ਜਦੋਂ ਤੋਂ ਹੋਂਦ ਵਿੱਚ ਆਇਆ ਹੈ, ਇੱਥੇ ਉਸ ਦਿਨ ਤੋਂ ਹੀ ਲੋਕ ਰੋਸ ਵਜੋਂ ਧਰਨੇ ਉੱਤੇ ਬੈਠੇ ਹਨ। ਇਸ ਦੌਰਾਨ ਵਕੀਲ ਸੰਜੇ ਹੈਗੜੇ ਅਤੇ ਸਾਧਨਾ ਰਾਮਾਚੰਦਰਨ ਮੀਡੀਆ ਦੀ ਹਾਜ਼ਰੀ ਵਿੱਚ ਗੱਲਬਾਤ ਕਰਨ ਲਈ ਤਿਆਰ ਨਹੀਂ ਸਨ। ਦੂਜੇ ਪਾਸੇ ਅੰਦੋਲਨਕਾਰੀ ਉਨ੍ਹਾਂ ਨੂੰ ਮੀਡੀਆ ਦੀ ਹਾਜ਼ਰੀ ਵਿੱਚ ਆਪਣਾ ਪੱਖ ਦੱਸਣ ਲਈ ਰਾਜ਼ੀ ਕਰਨ ਉੱਤੇ ਲੱਗੇ ਹੋਏ ਸਨ ਪਰ ਬਾਅਦ ਵਿੱਚ ਪੱਤਰਕਾਰਾਂ ਨੂੰ ਜਾਣ ਲਈ ਕਹਿ ਦਿੱਤਾ ਗਿਆ। ਇਸ ਤੋਂ ਬਾਅਦ ਰਾਮਾਚੰਦਰਨ ਨੇ ਆਪਣਾ ਪੱਖ ਇਸ ਤਰ੍ਹਾਂ ਸ਼ੁਰੂ ਕੀਤਾ,‘ ਆਪ ਨੇ ਬੁਲਾਇਆ ਹਮ ਚਲੇ ਆਏ’।
ਜ਼ਿਕਰਯੋਗ ਹੈ ਕਿ ਸੁਪਰੀਮ ਕੋਰਟ ਨੇ ਸੋਮਵਾਰ ਨੂੰ ਕਿਹਾ ਸੀ ਕਿ ਸ਼ਾਹੀਨ ਬਾਗ ਵਿੱਚ ਸੜਕ ਰੋਕਣ ਨਾਲ ਸਮੱਸਿਆ ਵਧ ਰਹੀ ਹੈ ਅਤੇ ਸੁਝਾਅ ਦਿੱਤਾ ਸੀ ਕਿ ਅੰਦੋਲਨਕਾਰੀ ਕਿਸੇ ਦੂਜੀ ਥਾਂ ਉੱਤੇ ਚਲੇ ਜਾਣ ਅਤੇ ਜਿੱਥੇ ਕਿਸੇ ਜਨਤਕ ਥਾਂ ਉੱਤੇ ਅੜਿੱਕਾ ਪੇਸ਼ ਨਾ ਆਵੇ। ਇਸ ਦੇ ਨਾਲ ਹੀ ਅਦਾਲਤ ਨੇ ਉਨ੍ਹਾਂ ਦੇ ਰੋਸ ਪ੍ਰਗਟਾਵੇ ਦੇ ਹੱਕ ਨੂੰ ਮੰਨ ਲਿਆ ਸੀ। ਸੁਪਰੀਮ ਕੋਰਟ ਨੇ ਹੈਗੜੇ ਨੂੰ ਕਿਹਾ ਸੀ ਕਿ ਉਹ ਮੁਜ਼ਾਹਰਾਕਾਰੀਆਂ ਨੂੰ ਕਿਸੇ ਦੂਜੀ ਥਾਂ ਉੱਤੇ ਜਾਣ ਲਈ ਸਹਿਮਤ ਕਰਨ ਵਿੱਚ ਉਸਾਰੂ ਭੂਮਿਕਾ ਅਦਾ ਕਰਨ। ਅਦਾਲਤ ਨੇ ਆਪਣੇ ਹੁਕਮਾਂ ਵਿੱਚ ਕਿਹਾ ਹੈ ਕਿ ਉਹ ਸਾਬਕਾ ਨੌਕਰਸ਼ਾਹ ਵਜਾਹਤ ਹਬੀਬਉਲ੍ਹਾ ਦੀ ਵੀ ਸਹਾਇਤਾ ਲੈ ਸਕਦੇ ਹਨ। ਹੈਗੜੇ ਨੇ ਕਿਹਾ ਹੈ ਕਿ ਸੁਪਰੀਮ ਕੋਰਟ ਨੇ ਉਨ੍ਹਾਂ ਦੇ ਰੋਸ ਪ੍ਰਗਟ ਕਰਨ ਦੇ ਅਧਿਕਾਰ ਨੂੰ ਮਾਨਤਾ ਦੇ ਦਿੱਤੀ ਹੈ। ਸੀਨੀਅਰ ਵਕੀਲ ਹੈਗੜੇ ਨੇ ਅੰਦੋਲਨਕਾਰੀਆਂ ਨੂੰ ਸੰਬੋਧਨ ਕਰਦਿਆਂ ਕਿਹਾ,‘ ਜਦੋਂ ਸ਼ਾਹੀਨ ਬਾਗ ਦੇਸ਼ ਦੇ ਅੰਦੋਲਨਾਂ ਲਈ ਇੱਕ ੳਦਾਹਰਨ ਬਣ ਗਿਆ ਹੈ ਤਾਂ ਸਾਨੂੰ ਇਹ ਵੀ ਉਦਾਹਰਨ ਤੈਅ ਕਰਨੀ ਚਹੀਦੀ ਹੈ ਕਿ ਅੰਦੋਲਨ ਕਾਰਨ ਕਿਸੇ ਨੂੰ ਕੋਈ ਦਿੱਕਤ ਪੇਸ਼ ਨਾ ਆਵੇ। ਤੁਹਾਨੂੰ ਸਾਰਿਆਂ ਨੂੰ ਇਹ ਭਰੋਸਾ ਹੋਣਾ ਚਾਹੀਦਾ ਹੈ ਕਿ ਅਸੀਂ ਇੱਥੇ ਤੁਹਾਡੇ ਲਈ ਲੜਾਈ ਲੜਨ ਆਏ ਹਾਂ ਅਤੇ ਅਜਿਹਾ ਨਾ ਸੋਚੋ ਕਿ ਜੇ ਤੁਸੀਂ ਸਥਾਨ ਬਦਲ ਲਿਆ ਤਾਂ ਅੰਦੋਲਨ ਦਬ ਜਾਵੇਗਾ।’ ਉਨ੍ਹਾਂ ਕਿਹਾ,‘ ਅਸੀਂ ਅਨੇਕਾਂ ਪ੍ਰਧਾਨ ਮੰਤਰੀ ਆਉਂਦੇ ਤੇ ਜਾਂਦੇ ਦੇਖੇ ਹਨ। ਕੋਈ ਵੀ ਸੱਤਾ ਵਿੱਚ ਆਉਂਦਾ ਹੈ ਅਤੇ ਦੇਸ਼ ਨੂੰ ਚਲਾਉਂਦਾ ਹੈ। ਕਈ ਮੌਕਿਆਂ ਉੱਤੇ ਕੋਈ ਠੀਕ ਹੋ ਸਕਦਾ ਹੈ ਅਤੇ ਕਈ ਵਾਰ ਕੋਈ ਗਲਤ ਵੀ ਹੋ ਸਕਦਾ ਹੈ। ਤੁਹਾਨੂੰ ਇਹ ਸਮਝ ਲੈਣਾ ਚਾਹੀਦਾ ਹੈ ਕਿ ਸਾਰਾ ਦੇਸ਼ ਅਤੇ ਪ੍ਰਧਾਨ ਮੰਤਰੀ ਵੀ ਸੁਣ ਰਿਹਾ ਹੈ ਕਿ ਮੁਜ਼ਾਹਰਾਕਾਰੀਆਂ ਨੇ ਨਾਗਰਿਕਤਾ ਸੋਧ ਕਾਨੂੰਨ ਨੂੰ ਵਾਪਿਸ ਲੈਣ ਦੀ ਮੰਗ ਕੀਤੀ ਹੈ।’ ਰਾਮਾਚੰਦਰਨ ਨੇ ਕਿਹਾ ਕਿ ਉਹ ਸੱਚਮੁੱਚ ਉਸ ਦਿਨ ਦੀ ਉਡੀਕ ਵਿੱਚ ਜਦੋਂ ਦੇਸ਼ ਦਾ ਮਾਹੌਲ ਬਦਲੇਗਾ। ਇਸ ਦੌਰਾਨ ਇੱਕ ਬਜ਼ੁਰਗ ਨੇ ਕਿਹਾ ਕਿ ਉਹ ਆਪਣੇ ਬੱਚਿਆਂ ਦੀ ਸੁਰੱਖਿਆ ਨੂੰ ਲੈ ਕੇ ਭੈਭੀਤ ਹਨ। ਉਸ ਨੇ ਕਿਹਾ,‘ਮੈਡਮ ਸਾਨੂੰ ਬਚਾਓ।’ ਇਸ ਦੌਰਾਨ ਹੀ ਇੱਕ ਅੰਦੋਲਨਕਾਰੀ ਨੇ ਕਿਹਾ ਕਿ ਉਸ ਨੇ ਦੇਸ਼ ਦਾ ਕੌਮੀ ਝੰਡਾ ਆਪਣੇ ਸਾਈਕਲ ਉੱਤੇ ਲਾ ਰੱਖਿਆ ਹੈ ਉਹ ਭਾਰਤ ਦੇਸ਼ ਨੂੰ ਪਿਆਰ ਕਰਦਾ ਹੈ ਅਤੇ ਉਨ੍ਹਾਂ ਨੂੰ ਦੇਸ਼ ਦੇ ਗੱਦਾਰ ਕਹਿਣਾ ਬੰਦ ਕੀਤਾ ਜਾਵੇ। ਉਸ ਦੀ ਧੀ ਨੇ ਪੱਤਰਕਾਰਾਂ ਨੂੰ ਕਿਹਾ ਕਿ ਉਹ ਖੂਬਸੂਰਤ ਭਾਰਤ ਦਾ ਸੁਪਨਾ ਦੇਖਦੀ ਹੈ।

“ਅਸੀਂ ਅਨੇਕਾਂ ਪ੍ਰਧਾਨ ਮੰਤਰੀ ਆਉਂਦੇ ਤੇ ਜਾਂਦੇ ਦੇਖੇ ਹਨ। ਕੋਈ ਵੀ ਸੱਤਾ ਵਿੱਚ ਆਉਂਦਾ ਹੈ ਅਤੇ ਦੇਸ਼ ਨੂੰ ਚਲਾਉਂਦਾ ਹੈ। ਕਈ ਮੌਕਿਆਂ ਉੱਤੇ ਕੋਈ ਠੀਕ ਹੋ ਸਕਦਾ ਹੈ ਅਤੇ ਕਈ ਵਾਰ ਕੋਈ ਗਲਤ ਵੀ ਹੋ ਸਕਦਾ ਹੈ।… ਸਾਰਾ ਦੇਸ਼ ਅਤੇ ਪ੍ਰਧਾਨ ਮੰਤਰੀ ਵੀ ਸੁਣ ਰਿਹਾ ਹੈ ਕਿ ਮੁਜ਼ਾਹਰਾਕਾਰੀਆਂ ਨੇ ਨਾਗਰਿਕਤਾ ਸੋਧ ਕਾਨੂੰਨ ਨੂੰ ਵਾਪਿਸ ਲੈਣ ਦੀ ਮੰਗ ਕੀਤੀ ਹੈ।

Previous articleਧਾਰਾ 371 ਨੂੰ ਮਨਸੂਖ਼ ਕਰਨ ਦਾ ਕੋਈ ਇਰਾਦਾ ਨਹੀਂ: ਸ਼ਾਹ
Next articleਮੁੱਖ ਮੰਤਰੀ ਵੱਲੋਂ ਜੇਲ੍ਹਾਂ ਵਿੱਚ ਵਿਆਪਕ ਸੁਧਾਰਾਂ ਨੂੰ ਪ੍ਰਵਾਨਗੀ