ਸ਼ਾਰਜਾਹ ਵਿੱਚ ਫਸੇ 30 ਨੌਜਵਾਨਾਂ ਨੇ ਵੀਡੀਓ ਜਾਰੀ ਕਰ ਕੇ ਦਰਦ ਬਿਆਨ ਕੀਤਾ

ਗੁਰਦਾਸਪੁਰ (ਸਮਾਜ ਵੀਕਲੀ): ਟਰੈਵਲ ਏਜੰਟਾਂ ਨੂੰ ਮੋਟੀਆਂ ਰਕਮਾਂ ਦੇ ਕੇ ਪੈਸਾ ਕਮਾਉਣ ਲਈ ਸੰਯੁਕਤ ਅਰਬ ਅਮੀਰਾਤ ਗਏ 30 ਦੇ ਕਰੀਬ ਨੌਜਵਾਨ ਇਸ ਵੇਲੇ ਬੇਹੱਦ ਮਾੜੇ ਹਾਲਾਤ ’ਚੋਂ ਲੰਘ ਰਹੇ ਹਨ। ਖ਼ੁਦ ਨੂੰ ਜ਼ਿਲ੍ਹਾ ਗੁਰਦਾਸਪੁਰ ਅਤੇ ਪਠਾਨਕੋਟ ਨਾਲ ਸਬੰਧਤ ਦੱਸਣ ਵਾਲੇ ਇਨ੍ਹਾਂ ਨੌਜਵਾਨਾਂ ਦੀ ਇਕ ਵੀਡੀਓ ਸੋਸ਼ਲ ਮੀਡੀਆ ’ਤੇ ਵਾਇਰਲ ਹੋ ਰਹੀ ਹੈ ਜਿਸ ਵਿੱਚ ਉਹ ਦੱਸ ਰਹੇ ਹਨ ਕਿ ਉਹ ਸ਼ਾਰਜਾਹ (ਸੰਯੁਕਤ ਅਰਬ ਅਮੀਰਾਤ) ਵਿੱਚ ਫਸੇ ਹੋਏ ਹਨ। ਟਰੈਵਲ ਏਜੰਟਾਂ ਦੇ ਵਾਅਦਿਆਂ ਅਨੁਸਾਰ ਨਾ ਤਾਂ ਉਨ੍ਹਾਂ ਨੂੰ ਉੱਥੇ ਕੋਈ ਕੰਮ ਮਿਲਿਆ ਤੇ ਨਾ ਹੀ ਉਨ੍ਹਾਂ ਕੋਲ ਰੋਟੀ ਲਈ ਪੈਸੇ ਹਨ।

ਵੀਡੀਓ ਵਿਚ ਦਿਸ ਰਹੇ ਨੌਜਵਾਨਾਂ ਦਾ ਦੋਸ਼ ਹੈ ਕਿ ਉਹ ਦੀਨਾਨਗਰ ਤੇ ਗੁਰਦਾਸਪੁਰ ਦੇ ਏਜੰਟਾਂ ਨੂੰ ਲੱਖਾਂ ਰੁਪਏ ਦੇ ਕੇ ਦੁਬਈ ਪਹੁੰਚੇ ਸਨ। ਏਜੰਟਾਂ ਨੇ ਉਨ੍ਹਾਂ ਨੂੰ ਵਰਕ ਪਰਮਿਟ ਵੀਜ਼ਾ ਦੇ ਕੇ ਦੁਬਈ ਭੇਜਿਆ ਸੀ। ਸ਼ਾਰਜਾਹ ਤੋਂ ਭੇਜੀ ਗਈ ਇਸ ਵੀਡੀਓ ਵਿੱਚ ਨੌਜਵਾਨਾਂ ਨੇ ਦੱਸਿਆ ਕਿ ਉੱਥੇ ਪਹੁੰਚੇ ਉਨ੍ਹਾਂ ਨੂੰ  ਤਿੰਨ ਮਹੀਨੇ ਤੋਂ ਵੱਧ ਦਾ ਸਮਾਂ ਹੋ ਗਿਆ ਹੈ, ਪਰ ਹੁਣ ਤੱਕ ਨਾ ਤਾਂ ਕਿਸੇ ਕੰਪਨੀ ਦੇ ਅਧਿਕਾਰੀ ਨੇ ਉਨ੍ਹਾਂ ਨਾਲ ਸੰਪਰਕ ਕੀਤਾ ਹੈ ਤੇ ਨਾ ਹੀ ਕੋਈ ਕੰਮ ਮਿਲਿਆ ਹੈ। ਉਨ੍ਹਾਂ ਵਿੱਚੋਂ ਬਹੁਤ ਸਾਰੇ  ਨੌਜਵਾਨ ਬਿਮਾਰ ਵੀ ਹਨ। ਉਨ੍ਹਾਂ ਕੋਲ ਕੋਈ ਦਸਤਾਵੇਜ਼ ਨਾ ਹੋਣ ਕਾਰਨ ਉਹ ਬਾਹਰ ਜਾ ਕੇ ਦਵਾਈ ਵੀ ਨਹੀਂ ਲੈ ਸਕ ਰਹੇ ਹਨ।

ਮਾਮਲੇ ਦੀ ਪੂਰੀ ਜਾਂਚ ਕਰਾਵਾਂਗੇ: ਐੱਸਐੱਸਪੀ

ਇਸ ਸਬੰਧੀ ਐੱਸਐੱਸਪੀ ਗੁਰਦਾਸਪੁਰ ਡਾ. ਨਾਨਕ ਸਿੰਘ ਨੇ ਕਿਹਾ ਕਿ ਉਕਤ ਮਾਮਲਾ ਉਨ੍ਹਾਂ ਦੇ ਧਿਆਨ ਵਿੱਚ ਨਹੀਂ ਹੈ। ਹੁਣ ਇਹ ਮਾਮਲਾ ਉਨ੍ਹਾਂ ਦੇ ਧਿਆਨ ਵਿੱਚ ਆਇਆ ਹੈ ਤਾਂ ਉਹ ਮਾਮਲੇ ਦੀ ਪੂਰੀ ਡੂੰਘਾਈ ਨਾਲ ਜਾਂਚ ਕਰਵਾਉਣਗੇ।

 

 

 

‘ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly

Previous articleਮੁਕੁਲ ਰਾਏ ਦੀ ਤ੍ਰਿਣਮੂਲ ਵਿੱਚ ਵਾਪਸੀ
Next articleਪ੍ਰਸ਼ਾਂਤ ਕਿਸ਼ੋਰ ਵੱਲੋਂ ਸ਼ਰਦ ਪਵਾਰ ਨਾਲ ਮੁਲਾਕਾਤ