
- ਓਹਨਾਂ ਵਲੋਂ ਲਿਖੀ “ਨੌਰੰਗ-ਏ-ਮੌਸੀਕੀ” ਪੁਸਤਕ ਦਾ 9 ਵਾਂ ਸਸਕਰਣ ਹੋਵੇਗਾ ਜਲਦ ਰਿਲੀਜ਼
- ਖਿਆਲ, ਠੁਮਰੀ, ਕਾਫੀ ਅਤੇ ਕਲਾਸੀਕਲ ਗਾਇਕੀ ਦੇ ਸਨ ਬੇਤਾਜ ਬਾਦਸ਼ਾਹ
ਹੁਸ਼ਿਆਰਪੁਰ /ਜਲੰਧਰ, ਸਮਾਜ ਵੀਕਲੀ (ਕੁਲਦੀਪ ਚੁੰਬਰ )- ਉਸਤਾਦ ਅਖਤਰ ਅਲੀ ਖਾਨ ਦਾ ਜਨਮ 1944 ਜ਼ਿਲ੍ਹਾ ਹੁਸ਼ਿਆਰਪੁਰ ਦੇ ਕਸਬਾ ਸ਼ਾਮਚੁਰਾਸੀ ਵਿੱਚ ਹੋਇਆ ਸੀ। ਉਹ ਉਸਤਾਦ ਸਲਾਮਤ ਅਲੀ ਖਾਨ ਅਤੇ ਉਸਤਾਦ ਨਜ਼ਾਕਤ ਅਲੀ ਖਾਨ ਦਾ ਛੋਟਾ ਭਰਾ ਸੀ, ਉਸਨੇ ਸੰਗੀਤ ਦੀ ਸਿਖਲਾਈ ਆਪਣੇ ਵੱਡੇ ਭਰਾ ਉਸਤਾਦ ਸਲਾਮਤ ਅਲੀ ਖਾਨ ਅਤੇ ਉਸਤਾਦ ਨਜ਼ਾਕਤ ਅਲੀ ਖਾਨ ਤੋਂ ਪ੍ਰਾਪਤ ਕੀਤੀ l ਓਹਨਾਂ 7 ਸਾਲ ਦੀ ਬਹੁਤ ਛੋਟੀ ਉਮਰ ਵਿੱਚ ਗਾਉਣਾ ਸ਼ੁਰੂ ਕੀਤਾ, ਅਤੇ ਆਪਣੀ ਗ੍ਰੈਜੂਏਸ਼ਨ ਅੰਮ੍ਰਿਤਸਰ ਕਾਲਜ ਮੁਲਤਾਨ ਤੋਂ ਕੀਤੀ l ਆਪਣੇ ਵੱਡੇ ਭਰਾਵਾਂ ਵਾਂਗ ਕਲਾਸੀਕਲ ਗਾਇਨ ਦੀ ਸ਼ੁਰੂਆਤ ਕਰਕੇ ਉਸਤਾਦ ਅਖਤਰ ਅਲੀ ਖਾਨ ਨੇ ਸੰਗੀਤ ਪ੍ਰੇਮੀਆਂ ਵਿਚ ਅਹਿਮ ਥਾਂ ਬਣਾਈ l ਉਹ ਜੋੜੀ ਵਿਚ ਆਪਣੇ ਛੋਟੇ ਭਰਾ ਉਸਤਾਦ ਜ਼ਾਕਿਰ ਅਲੀ ਖਾਨ ਨਾਲ ਇਕੱਠੇ ਗਾ ਰਹੇ ਸਨ, ਖਿਆਲ, ਠੁਮਰੀ, ਕਾਫੀਆਂ, ਅਤੇ ਹੋਰ ਕਈ ਕਿਸਮਾਂ ਦੇ ਕਲਾਸੀਕਲ ਰਾਗਾਂ ਵਿਚ ਓਹਨਾਂ ਦੀ ਪਕੜ ਆਹਲਾ ਦਰਜੇ ਦੀ ਸੀ l
ਉਨ੍ਹਾਂ ਨੇ ਕਈ ਹੋਰ ਦੇਸ਼ਾਂ ਅਤੇ ਸ਼ਹਿਰਾਂ ਦੀ ਯਾਤਰਾ ਕੀਤੀ ਅਤੇ ਕਲਾਸੀਕਲ ਸੰਗੀਤ ਵਿਚ ਆਪਣੀ ਕਾਬਲੀਅਤ ਦਿਖਾਈ l ਉਨ੍ਹਾਂ ਨੇ ਪਾਕਿਸਤਾਨ ਟੈਲੀਵਿਜ਼ਨ, ਰੇਡੀਓ ਤੇ ਇੰਡੀਆ ਦੂਰਦਰਸ਼ਨ ਅਤੇ ਇੰਡੀਆ ਰੇਡੀਓ ਵਿਚ ਕਈ ਵਾਰ ਕਲਾਸੀਕਲ ਗਾਇਕੀ ਦਾ ਪ੍ਰਦਰਸ਼ਨ ਕਰਕੇ ਆਪਣੀ ਸੁਰ ਦਾ ਲੋਹਾ ਮਨਵਾਇਆ । ਉਨ੍ਹਾਂ ਨੇ ਠੁਮਰੀ ਨੂੰ ਬਹੁਤ ਵਧੀਆ ਗਾਇਆ ਅਤੇ ਬਹੁਤ ਹੀ ਘੱਟ ਸਮੇਂ ਵਿਚ ਖਿਆਲ ਅਤੇ ਠੁਮਰੀ ਮਾਸਟਰ ਬਣ ਗਏ l ਉਸਤਾਦ ਅਖਤਰ ਅਲੀ ਖਾਨ ਨੇ ਕਲਾਸੀਕਲ ਸੰਗੀਤ ਅਤੇ ਨੌਰੰਗ-ਏ-ਮੌਸੀਕੀ ਨਾਮ ਦੀ ਇੱਕ ਬਹੁਤ ਮਸ਼ਹੂਰ ਕਿਤਾਬ ਦੇ ਅਧਾਰ ਤੇ ਬਹੁਤ ਸਾਰੀਆਂ ਕਿਤਾਬਾਂ ਲਿਖੀਆਂ। ਨੌਰੰਗ-ਏ-ਮੌਸੀਕੀ ਪਿਛਲੇ 35 ਸਾਲ ਪਹਿਲਾਂ ਤੋਂ ਉਰਦੂ ਸਾਇੰਸ ਬੋਰਡ ਸਰਕਾਰੀ ਪਾਕਿਸਤਾਨ ਦੁਆਰਾ ਪ੍ਰਕਾਸ਼ਤ ਹੈ l
ਹੁਣ ਇਹ ਕਿਤਾਬ ਦਾ 9 ਵਾਂ ਸੰਸਕਰਣ ਬਹੁਤ ਜਲਦੀ ਪ੍ਰਕਾਸ਼ਤ ਹੋ ਰਿਹਾ ਹੈ ਜਿਸ ਨੂੰ ਬਹੁਤ ਹੀ ਜਲਦੀ ਲੋਕ ਅਰਪਿਤ ਕੀਤਾ ਜਾਵੇਗਾ l ਇਸ ਸਬੰਧੀ ਸ਼ਾਨ ਅਖਤਰ ਅਲੀ ਖਾਨ ਉਸਤਾਦ ਅਖਤਰ ਅਲੀ ਖਾਨ ਦੇ ਪੁੱਤਰ ਨੇ ਤਰਲੋਚਨ ਲੋਚੀ ਸ਼ਾਮ ਚੁਰਾਸੀ ਨੂੰ ਦੱਸਿਆ ਕਿ ਜਲਦ ਹੀ ਇਸ ਪੁਸਤਕ ਦਾ ਉਰਦੂ ਤੋਂ ਅੰਗਰੇਜ਼ੀ ਅਤੇ ਗੁਰਮੁੱਖੀ ਪੰਜਾਬੀ ਵਿਚ ਤਰਜਮਾ ਕਰਵਾਇਆ ਜਾਵੇਗਾ ਅਤੇ ਇਹ ਪੁਸਤਕ ਪਾਠਕਾਂ ਨੂੰ ਅੰਗਰੇਜ਼ੀ ਤੇ ਗੁਰਮੁੱਖੀ ਵਿਚ ਵੀ ਪੜ੍ਹਨ ਨੂੰ ਮਿਲੇਗੀ l
ਇਸ ਕਿਤਾਬ ਦੇ ਪ੍ਰਕਾਸ਼ਿਕ ਸ਼ਾਨ ਅਖਤਰ ਅਲੀ ਖਾਨ ਨੇ ਜੋ ਇਸਦੀ ਪ੍ਰਕਾਸ਼ਨਾ ਲਈ ਬੇਹੱਦ ਯਤਨਸ਼ੀਲ ਹਨ l ਉਸਤਾਦ ਅਖਤਰ ਅਲੀ ਖਾਨ ਦਾ ਬੇਟਾ ਸ਼ਾਨ ਅਖਤਰ ਅਲੀ ਖਾਨ ਵੀ ਕਾਮਰਸ ਵਿੱਚ ਗ੍ਰੈਜੂਏਟ ਅਤੇ ਕਲਾਸੀਕਲ ਸੰਗੀਤ ਵਿਚ ਪਿਤਾ ਪੁਰਖਾਂ ਵਾਂਗ ਚੋਖੀ ਮੁਹਾਰਿਤ ਰੱਖਦਾ ਹੈ । ਉਸਨੇ ਕਲਾਸੀਕਲ ਸੰਗੀਤ ਦਾ ਗਿਆਨ ਆਪਣੇ ਚਾਚੇ ਅਤੇ ਚਚੇਰਾ ਭਰਾ ਉਸਤਾਦ ਇਮਤਿਆਜ਼ ਅਲੀ ਖਾਨ ਅਤੇ ਉਸਦੇ ਬੇਟੇ ਉਸਤਾਦ ਸ਼ਹਿਜ਼ਾਦ ਅਲੀ ਖਾਨ ਤੋਂ ਲਿਆ l ਉਹ ਦੋਵੇਂ ਸ਼ਾਮ ਚੁਰਾਸੀ ਸੰਗੀਤ ਘਰਾਨੇ ਨਾਲ ਸਬੰਧਤ ਹਨ। ਲਾਹੌਰ ਨਿਵਾਸੀ ਉਸਤਾਦ ਅਖਤਰ ਅਲੀ ਖਾਨ (52) 15 ਜੂਨ 1996 ਨੂੰ ਇਸ ਫਾਨੀ ਸੰਸਾਰ ਤੋਂ ਰੁਖਸਤ ਹੋ ਗਏ l
ਸਤਿਕਾਰ: – ਸ਼ਾਨ ਅਖਤਰ ਅਲੀ ਖਾਨ ਉਸਤਾਦ ਅਖਤਰ ਅਲੀ ਖਾਨ ਦਾ ਪੁੱਤਰ
‘ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly