ਸ਼ਾਟ ਪੁੱਟ ’ਚ ਏਸ਼ਿਆਈ ਚੈਂਪੀਅਨ ਰਹੀ ਅਥਲੀਟ ਮਨਪ੍ਰੀਤ ਕੌਰ ਦੇ ਨਮੂਨੇ ਨੂੰ ਚਾਰ ਵਾਰ ਪਾਜ਼ੇਟਿਵ ਪਾਏ ਜਾਣ ਮਗਰੋਂ ਕੌਮੀ ਡੋਪਿੰਗ ਰੋਕੂ ਏਜੰਸੀ (ਨਾਡਾ) ਨੇ ਪਾਬੰਦੀ ਲਾ ਦਿੱਤੀ ਹੈ। ਨਾਡਾ ਦੇ ਡੋਪਿੰਗ ਰੋਕੂ ਅਨੁਸ਼ਾਸਨੀ ਪੈਨਲ ਮੁਤਾਬਕ, ਮਨਪ੍ਰੀਤ ਕੌਰ ’ਤੇ ਇਹ ਪਾਬੰਦੀ ਚਾਰ ਸਾਲ ਲਈ ਲਾਗੂ ਰਹੇਗੀ, ਜਿਸ ਦੀ ਸ਼ੁਰੂਆਤ 20 ਜੁਲਾਈ 2017 ਤੋਂ ਹੋਵੇਗੀ।
ਨਾਡਾ ਦੇ ਨਿਰਦੇਸ਼ਕ ਨਵੀਨ ਅਗਰਵਾਲ ਨੇ ਕਿਹਾ, ‘‘ਹਾਂ ਮਨਪ੍ਰੀਤ ਕੌਰ ’ਤੇ ਚਾਰ ਸਾਲ ਦੀ ਪਾਬੰਦੀ ਲਾਈ ਗਈ ਹੈ।’’ ਹਾਲਾਂਕਿ ਮਨਪ੍ਰੀਤ ਇਸ ਪਾਬੰਦੀ ਖ਼ਿਲਾਫ਼ ਡੋਪਿੰਗ ਰੋਕੂ ਅਪੀਲੀ ਪੈਨਲ ਦਾ ਦਰਵਾਜਾ ਖੜਕਾ ਸਕਦੀ ਹੈ। ਇਸ ਫ਼ੈਸਲੇ ਨਾਲ ਮਨਪ੍ਰੀਤ 2017 ਵਿੱਚ ਭੁਵਨੇਸ਼ਵਰ ਵਿੱਚ ਹੋਈ ਏਸ਼ਿਆਈ ਚੈਂਪੀਅਨਸ਼ਿਪ ਵਿੱਚ ਮਿਲਿਆ ਸੋਨ ਤਗ਼ਮਾ ਅਤੇ ਆਪਣਾ ਕੌਮੀ ਰਿਕਾਰਡ ਗੁਆ ਲਵੇਗੀ ਕਿਉਂਕਿ ਪੈਨਲ ਨੇ ਉਸ ਦੇ ਨਮੂਨੇ ਲੈਣ ਦੀ ਤਰੀਕ ਤੋਂ ਉਸ ਨੂੰ ਅਯੋਗ ਕਰਾਰ ਦਿੱਤਾ ਹੈ। ਚੀਨ ਦੇ ਜਿਨਹੂਆ ਵਿੱਚ 24 ਅਪਰੈਲ ਨੂੰ ਏਸ਼ਿਆਈ ਗ੍ਰਾਂ ਪ੍ਰੀ ਮਗਰੋਂ ਫੈਡਰੇਸ਼ਨ ਕੱਪ (ਪਟਿਆਲਾ, ਪਹਿਲੀ ਜੂਨ) ਏਸ਼ਿਆਈ ਅਥਲੈਟਿਕ ਚੈਂਪੀਅਨਸ਼ਿਪ (ਭੁਵਨੇ਼ਸਵਰ, ਛੇ ਜੁਲਾਈ) ਅਤੇ ਅੰਤਰ ਰਾਜੀ ਚੈਂਪੀਅਨਸ਼ਿਪ (ਗੰਟੂਰ, 16 ਜੁਲਾਈ) ਵਿੱਚ ਵੀ ਉਸ ਦੇ ਨਮੂਨੇ ਪਾਜ਼ੇਟਿਵ ਪਾਏ ਗਏ ਸਨ। ਜਿਨਹੂਆ ਵਿੱਚ ਮਨਪ੍ਰੀਤ ਕੌਰ ਦੇ ਨਾਮ 18.86 ਮੀਟਰ ਦਾ ਕੌਮੀ ਰਿਕਾਰਡ ਵੀ ਸੀ।
Sports ਸ਼ਾਟ ਪੁੱਟਰ ਮਨਪ੍ਰੀਤ ਕੌਰ ’ਤੇ ਚਾਰ ਸਾਲ ਦੀ ਪਾਬੰਦੀ