(ਸਮਾਜ ਵੀਕਲੀ)
ਪੁਸਤਕ ਰੀਵਿਊ
ਸ਼ਾਇਰ ਮਨ ਦੀ ਪੀੜ – ਪੁਸਤਕ ਡੂੰਘੇ ਦਰਦ ਦਰਿਆਵਾਂ ਦੇ
ਡੂੰਘੇ ਦਰਦ ਦਰਿਆਵਾਂ ਦੇ ਡਾ.ਮੇਹਰ ਮਾਣਕ ਦਾ ਨਵ ਪ੍ਰਕਾਸ਼ਿਤ ਕਾਵਿ ਸੰਗ੍ਰਿਹ ਹੈ। ਜਿਸ ਵਿੱਚ ਉਸਦੀਆਂ 68 ਕਾਵਿ ਰਚਨਾਵਾਂ ਸ਼ਾਮਿਲ ਹਨ। ਪੁਸਤਕ ਦੇ ਆਰੰਭ ਵਿੱਚ ਹੀ ਦਰਿਆਵਾਂ ਨਾਲ ਸਬੰਧਿਤ ਤਿੰਨ ਲੰਬੀਆਂ ਕਵਿਤਾਵਾਂ ਤੋਂ ਇਲਾਵਾ ਨਦੀਆਂ ਅਤੇ ਦਰਿਆਵਾਂ ਨੂੰ ਸੰਬੋਧਿਤ ਕਈ ਹੋਰ ਕਵਿਤਾਵਾਂ ਵੀ ਦਰਜ਼ ਹਨ। ਉਸਨੇ ਦਰਿਆਵਾਂ ਨਾਲ ਜੁੜੇ ਇਤਿਹਾਸ ਅਤੇ ਮਿਥਿਹਾਸ ਨੂੰ ਮੁਖਾਤਿਬ ਹੁੰਦਿਆਂ ਇਸ਼ਕ ਹਕੀਕੀ ਦੇ ਨਾਲ ਦੇਸ਼ ਵੰਡ ਅਤੇ ਹੋਰ ਬਹੁਤ ਸਾਰੇ ਦਰਦ ਵੀ ਆਪਣੀਆਂ ਕਵਿਤਾਵਾਂ ਰਾਹੀਂ ਬਿਆਨ ਕੀਤੇ ਹਨ । ਦਰਿਆਵਾਂ ਦੇ ਅੰਮ੍ਰਿਤ ਵਰਗੇ ਜਲ ਦੇ ਪ੍ਰਦੂਸ਼ਿਤ ਹੋਣ ਅਤੇ ਦਰਿਆਵਾਂ ਦੇ ਨੀਰ ਤੋਂ ਰੇਤ ਵਿੱਚ ਬਦਲਣ ਦਾ ਵਰਤਾਰਾ ਵੀ ਇਹ ਕਵਿਤਾਵਾਂ ਪੇਸ਼ ਕਰਦੀਆਂ ਹਨ। ਅਜੋਕੇ ਦੌਰ ਅੰਦਰ ਮਨੁੱਖ ਦੇ ਖਾਲੀਪਨ ਦਾ ਅਹਿਸਾਸ ਕਰਵਾਉਂਦੀਆਂ ਸਤਰਾਂ ਦੇਖੋ ;
ਰਾਵੀ ਮੇਰੇ ਹਾਣ ਦੀਏ ਨੀ
ਦੁੱਖਾਂ ਸੁੱਖਾਂ ‘ਚ ਜਿੰਦ ਛਾਣ ਦੀਏ ਨੀ
ਤੂਫ਼ਾਨ ਜਿਹੇ ਨੂੰ ਕਾਬੂ ਕਰਕੇ
ਤਪਦੇ ਪੱਤਣ ਦੇ ਨੈਣੀਂ ਸੂਰਮਾਂ ਭਰਕੇ
ਜਦ ਵੀ ਘਰ ਨੂੰ ਪਰਤ ਆਉਂਦਾ ਹਾਂ
ਨੱਕੋ ਨੱਕ ਭਰੀਆਂ ਲਹਿਰਾਂ ਅੰਦਰ
ਖ਼ੁਦ ਨੂੰ ਅਕਸਰ ਖਾਲੀ ਪਾਉਂਦਾ ਹਾਂ।
ਉਹ ਝੂਠੀ ਆਜ਼ਾਦੀ ਬਾਰੇ ਪੂਰੀ ਤਰ੍ਹਾਂ ਸੁਚੇਤ ਹੈ। ਆਜ਼ਾਦੀ ਤੋਂ ਬਾਅਦ ਵੀ ਲੋਕਾਂ ਦਾ ਜੀਵਨ ਪੱਧਰ ਨਹੀਂ ਸੁਧਰਿਆ। ਰਾਜਨੀਤਕ ਲੋਕਾਂ ਨੇ ਦੇਸ਼ ਦਾ ਭਲਾ ਕਰਨ ਦੀ ਥਾਂ ਆਪਣੇ ਘਰ ਭਰ ਲਏ ਹਨ ਤੇ ਮੁਲਕ ਦਾ ਉਜਾੜਾ ਕਰ ਦਿੱਤਾ ਹੈ;
ਚਿਹਰੇ ਬਦਲੇ ਕਿਰਦਾਰ ਉਹੀ ਨੇ ਰਤਾ ਨਾ ਕੋਈ ਭੁਲੇਖਾ,
ਵਿੱਚ ਉਜਾੜਾਂ ਜੋ ਰਹਿੰਦੇ ਉੱਲੂ ਉਹ ਲਿਆਉਂਦੇ ਕਦੋਂ ਬਹਾਰਾਂ।
ਡਾ.ਮੇਹਰ ਮਾਣਕ ਪੂੰਜੀਵਾਦ ਦੀ ਲੁੱਟ ਦੇ ਤਰੀਕਿਆਂ ਪ੍ਰਤੀ ਵੀ ਜਾਗਰੂਕ ਹੈ। ਉਹ ਜਾਣਦਾ ਹੈ ਕਿ ਆਪਣਾ ਮਾਲ ਵੇਚਣ ਲਈ ਸਰਮਾਏਦਾਰ ਲਾਬੀ ਕਿਸ ਤਰ੍ਹਾਂ ਦੇ ਭਰਮ ਸਿਰਜ ਕੇ ਲੋਕਾਂ ਦੀ ਜੇਬ ‘ਤੇ ਡਾਕਾ ਮਾਰਦੀ ਹੈ। ਇਹੀ ਨਹੀਂ ਰਾਜਨੀਤਕ ,ਸਮਾਜਿਕ ਅਤੇ ਧਾਰਮਿਕ ਤੌਰ ‘ਤੇ ਇੱਕ ਦੂਜੇ ਦੇ ਸਹਿਯੋਗ ਨਾਲ ਚੱਲਣ ਵਾਲੀ ਸੱਤਾ ਅਤੇ ਲੁੱਟ ਦਾ ਢਾਂਚਾ ਕਿਵੇਂ ਉੱਸਰਦਾ ਹੈ , ਇਸ ਨੂੰ ਵੀ ਉਹ ਆਪਣੀ ਕਵਿਤਾ ਰਾਹੀਂ ਉਜਾਗਰ ਕਰਦਾ ਹੈ;
ਹਰ ਇੱਕ ਦਾ ਰੱਬ ਨਿਰਾਲਾ ਕਹਿੰਦੇ ਜੁਦਾ ਰਹਿਣ ਦਾ ਆਦੀ ,
ਆਲੀਸ਼ਾਨ ਦੇਣਾ ਘਰ ਬਣਾ ਕੇ ਜਿੱਥੇ ਉਹ ਖ਼ੂਬ ਨਜ਼ਾਰੇ ਲੁੱਟੇ।
ਇਸ ਦੇ ਨਾਲ ਹੀ ਪਾਖੰਡੀ ਲੋਕਾਂ ਦੇ ਮਗਰ ਲੱਗਣ ਵਾਲਿਆਂ ਨੂੰ ਵੀ ਉਹ ਲੰਬੇ ਹੱਥੀਂ ਲੈਂਦਾ ਹੈ ;
ਲੁੱਕਣ ਮੀਟੀ ਚੱਲਦੀ ਹੱਥ ਫੜਿਆ ਕਾਸਾ
ਦਾਨੀ ਬਣ ਗਿਐ ਮੰਗਤਾ ਨਾਲੇ ਖੋਲ੍ਹਿਆ ਝਾਟਾ
ਖ਼ਲਕਤ ਪੈਰੀਂ ਗਿਰ ਰਹੀ ਜਿਸ ਕਦੇ ਪੈਰ ਨਾ ਧੋਤੇ
ਵੇਖੋ ਵੇਖੀ ਦੌੜਦੇ ਰਹਿਣ ਸਦਾ ਭੇਡਾਂ ਖੋਤੇ।
ਇਨਾਮ-ਸਨਮਾਨ ਤੇ ਉੱਚੇ ਅਹੁਦੇ ਤੇ ਰੁਤਬੇ ਕਾਬਲੀਅਤ ਦੀ ਥਾਂ ਆਪਣਿਆਂ ਨੂੰ ਜਾਂ ਚਾਪਲੂਸਾਂ ਨੂੰ ਵੰਡੇ ਜਾਂਦੇ ਹਨ। ਰਾਜਨੀਤੀ ਕਿਸ ਤਰ੍ਹਾਂ ਆਪਣੀ ਸੱਤਾ ਲਈ ਅਮਨ ਦੇ ਨਾਮ ‘ਤੇ ਲੋਕਾਂ ਨੂੰ ਜੰਗ ਦੇ ਮੂੰਹ ਵਿੱਚ ਧੱਕ ਦਿੰਦੀ ਹੈ। ਇਸ ਸੰਬੰਧ ਵਿੱਚ ਵੀ ਇਸ ਪੁਸਤਕ ਦੀਆਂ ਕਵਿਤਾਵਾਂ ਚਾਨਣ ਪਾਉਂਦੀਆਂ ਹਨ। ਮਨੁੱਖ ਨੇ ਆਪਣੇ ਸਵਾਰਥ ਲਈ ਕੁਦਰਤ ਦੀ ਵੀ ਭਾਰੀ ਤਬਾਹੀ ਕੀਤੀ ਹੈ। ਸਤਰਾਂ ਦੇਖੋ ;
ਜਗਤ ਸਾਰੇ ਨੂੰ ਜੰਨਤ ਬਖਸ਼ੀ ਇਸ ਧਰਤੀ ਦੇ ਰੁੱਖਾਂ।
ਪਰ ਰਤਾ ਇਸ ਦੀ ਕਦਰ ਨਾ ਪਾਈ ਇਸ ਧਰਤੀ ਦੇ ਪੁੱਤਾਂ।
ਪੁਸਤਕ ਵਿੱਚ ਕੁੱਝ ਰੁਮਾਂਟਿਕ ਕਵਿਤਾਵਾਂ ਵੀ ਪੜ੍ਹਨ ਨੂੰ ਮਿਲਦੀਆਂ ਹਨ;
ਇੱਕ ਦੂਜੇ ਬਿਨ ਜੀ ਨਹੀਂ ਹੋਣਾ ,ਏਸ ਸੱਚ ਨੂੰ ਜਾਣਦਿਆਂ ਵੀ ,
ਕੋਮਲ ਚਿੱਤ ਨੇ ਪਤਾ ਨਹੀਂ ਕਿੱਦਾਂ ,ਦਿਲ ‘ਤੇ ਪੱਥਰ ਧਰਿਆ ਹੋਣੈ ?
ਡਾ.ਮੇਹਰ ਮਾਣਕ ਨੇ ਕਵਿਤਾ ਰਾਹੀਂ ਆਪਣੀ ਗੱਲ ਕਹਿਣ ਲਈ ਬਹੁਤ ਥਾਈਂ ਪ੍ਰਤੀਕਾਂ ਦੇ ਨਾਲ ਦ੍ਰਿਸ਼ ਚਿਤਰਨ ਅਤੇ ਕਹਾਵਤਾਂ ਦੀ ਵੀ ਸੁਚੱਜੀ ਵਰਤੋਂ ਕੀਤੀ ਹੈ। 112 ਪੰਨਿਆਂ ਦੀ ਇਸ ਪੁਸਤਕ ਨੂੰ ਸਨਾਵਰ ਪਬਲੀਕੇਸ਼ਨਜ਼ ਪਟਿਆਲਾ ਨੇ ਪ੍ਰਕਾਸ਼ਿਤ ਕੀਤਾ ਹੈ ਅਤੇ ਪੁਸਤਕ ਦੀ ਕੀਮਤ 200/ਰੁਪਏ ਰੱਖੀ ਗਈ ਹੈ।
ਸਰਬਜੀਤ ਧੀਰ
ਮੋਬਾਈਲ-88722-18418