‘ਸ਼ਾਂਤੀ ਤੇ ਸੁਰੱਖਿਆ ਬਾਰੇ ਵਿਹਾਰਕ ਨਜ਼ਰੀਆ ਅਪਣਾਇਆ ਜਾਵੇ’

ਇਸਲਾਮਾਬਾਦ (ਸਮਾਜ ਵੀਕਲੀ) : ਪਾਕਿਸਤਾਨ ਦੀ ਧਰਤੀ ’ਤੇ ਚੱਲ ਰਹੇ ਅਤਿਵਾਦੀ ਸੰਗਠਨਾਂ ਖ਼ਿਲਾਫ਼ ਕਾਰਵਾਈ ਕਰਨ ਅਤੇ 26/11 ਮੁੰਬਈ ਤੇ ਪਠਾਨਕੋਟ ਵਰਗੇ ਦਹਿਸ਼ਤੀ ਹਮਲਿਆਂ ਦੇ ਦੋਸ਼ੀਆਂ ਨੂੰ ਸਜ਼ਾਵਾਂ ਦੇਣ ਸਬੰਧੀ ਅਮਰੀਕਾ ਤੇ ਭਾਰਤ ਵੱਲੋਂ ਬਣਾਏ ਗਏ ਦਬਾਅ ਦੇ ਮੱਦੇਨਜ਼ਰ ਪਾਕਿਸਤਾਨ ਨੇ ਅੱਜ ਭਾਈਵਾਲ ਦੇਸ਼ਾਂ ਨੂੰ ਅਪੀਲ ਕੀਤੀ ਹੈ ਕਿ ਦੱਖਣੀ ਏਸ਼ੀਆ ਖਿੱਤੇ ਵਿੱਚ ਸ਼ਾਂਤੀ ਤੇ ਸੁਰੱਖਿਆ ਦੇ ਮੁੱਦਿਆਂ ਸਬੰਧੀ ਵਿਵਹਾਰਕ ਨਜ਼ਰੀਆ ਅਪਣਾਇਆ ਜਾਵੇ। ਅਮਰੀਕਾ ਤੇ ਭਾਰਤ ਨੇ ਪਿਛਲੇ ਹਫ਼ਤੇ ਅਤਿਵਾਦੀ ਸੰਗਠਨਾਂ ਦੇ ਇਸਤੇਮਾਲ ਅਤੇ ਕਿਸੇ ਵੀ ਰੂਪ ਵਿੱਚ ਸਰਹੱਦ ਪਾਰੋਂ ਅਤਿਵਾਦ ਫੈਲਾਊਣ ਦੀ ਤਿੱਖੇ ਸ਼ਬਦਾਂ ਵਿੱਚ ਆਲੋਚਨਾ ਕੀਤੀ ਸੀ।

ਦੋਹਾਂ ਦੇਸ਼ਾਂ ਨੇ ਸੰਯੁਕਤ ਰਾਸ਼ਟਰ ਵੱਲੋਂ ਪਾਬੰਦੀਸ਼ੁਦਾ ਅਤਿਵਾਦੀ ਸੰਗਠਨਾਂ ਤੋਂ ਪੈਦਾ ਹੋਏ ਖ਼ਤਰਿਆਂ ਅਤੇ ਅਲ-ਕਾਇਦਾ, ਆਈਐੱਸ, ਲਸ਼ਕਰ-ਏ-ਤੋਇਬਾ, ਜੈਸ਼-ਏ-ਮੁਹੰਮਦ ਅਤੇ ਹਿਜ਼ਬ-ਊਲ-ਮੁਜਾਹਿਦੀਨ ਸਮੇਤ ਸਾਰੇ ਦਹਿਸ਼ਤੀ ਨੈੱਟਵਰਕਾਂ ਖ਼ਿਲਾਫ਼ ਠੋਸ ਕਾਰਵਾਈ ਕਰਨ ਬਾਰੇ ਵਿਚਾਰ ਸਾਂਝੇ ਕੀਤੇ ਸਨ। 9-10 ਸਤੰਬਰ ਨੂੰ ਵੀਡੀਓ ਕਾਨਫ਼ਰੰਸਿੰਗ ਰਾਹੀਂ ਦੋਹਾਂ ਦੇਸ਼ਾਂ ਨੇ ਭਾਰਤ-ਅਮਰੀਕਾ ਅਤਿਵਾਦ ਵਿਰੋਧੀ ਜੁਆਇੰਟ ਵਰਕਿੰਗ ਗਰੁੱਪ ਦੀ 17ਵੀਂ ਮੀਟਿੰਗ ਅਤੇ ਭਾਰਤ-ਅਮਰੀਕਾ ਦੇ ਊੱਚ ਅਧਿਕਾਰੀਆਂ ਦੀ ਗੱਲਬਾਤ ਦਾ ਤੀਜਾ ਸੈਸ਼ਨ ਕੀਤਾ ਸੀ।

ਭਾਰਤ-ਅਮਰੀਕਾ ਵੱਲੋਂ 10 ਸਤੰਬਰ ਨੂੰ ਜਾਰੀ ਕੀਤੇ ਗਏ ਸਾਂਝੇ ਬਿਆਨ ’ਤੇ ਪ੍ਰਤੀਕਿਰਆ ਦਿੰਦਿਆਂ ਪਾਕਿਸਤਾਨੀ ਵਿਦੇਸ਼ ਮੰਤਰਾਲੇ ਨੇ ਅੱਜ ਕਿਹਾ ਕਿ ਇਹ ਬਹੁਤ ਜ਼ਰੂਰੀ ਹੈ ਕਿ ਭਾਈਵਾਲ ਮੁਲਕ ਦੱਖਣੀ ਏਸ਼ੀਆ ਵਿੱਚ ਸ਼ਾਂਤੀ ਤੇ ਸੁਰੱਖਿਆ ਦੇ ਮੁੱਦਿਆਂ ’ਤੇ ਵਿਵਹਾਰਕ ਨਜ਼ਰੀਆ ਅਪਣਾਊਣ ਅਤੇ ਜ਼ਮੀਨੀ ਹਕੀਕਤ ਤੋਂ ਦੂਰ ਦਾਅਵੇ ਕਰਨ ਤੋਂ ਪ੍ਰਹੇਜ਼ ਕਰਨ। ਵਿਦੇਸ਼ ਮੰਤਰਾਲੇ ਨੇ ਇਕ ਬਿਆਨ ’ਚ ਕਿਹਾ, ‘‘ਅਸੀਂ ਊਕਤ ਸਾਂਝੇ ਬਿਆਨ ਵਿੱਚ ਪਾਕਿਸਤਾਨ ਦੇ ਜ਼ਿਕਰ ਨੂੰ ਨਾਮਨਜ਼ੂਰ ਕਰਦੇ ਹੋਏ ਇਸ ਦੀ ਸਖ਼ਤ ਸ਼ਬਦਾਂ ਵਿੱਚ ਨਿੰਦਾ ਕਰਦੇ ਹਾਂ ਅਤੇ ਇਸ ਸਬੰਧੀ ਇਤਰਾਜ਼ ਅਸੀਂ ਅਮਰੀਕਾ ਨੂੰ ਭੇਜ ਦਿੱਤਾ ਹੈ।’’

Previous articleਸੰਯੁਕਤ ਰਾਸ਼ਟਰ ਦੇ ਇਤਿਹਾਸਕ 75ਵੇਂ ਸੈਸ਼ਨ ਦੀ ਡਿਜੀਟਲ ਸ਼ੁਰੂਆਤ
Next articleਬੋਰਿਸ ਜੌਹਨਸਨ ਦਾ ਵਿਵਾਦਤ ਬਿੱਲ ਹਾਊਸ ਆਫ ਕਾਮਨਜ਼ ’ਚੋਂ ਪਾਸ