ਸ਼ਹੀਦ ਸਕੁਐਡਰਨ ਲੀਡਰ ਸਿਧਾਰਥ ਵਸ਼ਿਸ਼ਟ ਨੂੰ ਨਮ ਅੱਖਾਂ ਨਾਲ ਅੰਤਿਮ ਵਿਦਾਈ

ਜੰਮੂ-ਕਸ਼ਮੀਰ ਦੇ ਬੜਗਾਓਂ ਵਿੱਚ ਲੰਘੇ ਦਿਨੀਂ ਐੱਮਆਈ-17 ਹੈਲੀਕਾਪਟਰ ਕਰੈਸ਼ ਹੋਣ ਕਾਰਨ ਸ਼ਹੀਦ ਹੋਏ ਭਾਰਤੀ ਹਵਾਈ ਸੈਨਾ ਦੇ ਸਕੁਐਡਰਨ ਲੀਡਰ ਸਿਧਾਰਥ ਵਸ਼ਿਸ਼ਟ ਦਾ ਅੱਜ ਇੱਥੇ ਸੈਕਟਰ-25 ਦੇ ਸ਼ਮਸ਼ਾਨਘਾਟ ਵਿੱਚ ਪੂਰੇ ਸਰਕਾਰੀ ਸਨਮਾਨਾਂ ਨਾਲ ਅੰਤਿਮ ਸੰਸਕਾਰ ਕੀਤਾ ਗਿਆ। ਇਸ ਮੌਕੇ ਸਿਧਾਰਥ ਵਸ਼ਿਸ਼ਟ ਦੇ ਪਰਿਵਾਰਕ ਮੈਂਬਰਾਂ ਤੋਂ ਇਲਾਵਾ ਸਿਆਸੀ ਆਗੂ, ਪ੍ਰਸ਼ਾਸਨ ਦੇ ਸੀਨੀਅਰ ਅਧਿਕਾਰੀ, ਹਵਾਈ ਸੈਨਾ ਦੇ ਅਧਿਕਾਰੀ ਅਤੇ ਵੱਡੀ ਗਿਣਤੀ ਲੋਕ ਹਾਜ਼ਰ ਸਨ, ਜਿਨ੍ਹਾਂ ਨਮ ਅੱਖਾਂ ਨਾਲ ਹਵਾਈ ਸੈਨਾ ਦੇ ਬਹਾਦੁਰ ਅਫ਼ਸਰ ਨੂੰ ਅੰਤਿਮ ਵਿਦਾਈ ਦਿੱਤੀ। ਸਕੁਐਡਰਨ ਲੀਡਰ ਸਿਧਾਰਥ ਵਸ਼ਿਸ਼ਟ ਦੀ ਚਿਖਾ ਨੂੰ ਅਗਨੀ ਉਨ੍ਹਾਂ ਦੇ ਪਿਤਾ ਜਗਦੀਸ਼ ਚੰਦਰ ਨੇ ਦਿਖਾਈ। ਅੱਜ ਸਵੇਰੇ 11 ਵਜੇ ਭਾਰਤੀ ਹਵਾਈ ਸੈਨਾ ਦੇ ਟਰੱਕ ਵਿੱਚ ਸੈਕਟਰ-25 ਦੇ ਸ਼ਮਸ਼ਾਨਘਾਟ ਪਹੁੰਚੀ ਸਕੁਐਡਰਨ ਲੀਡਰ ਸਿਧਾਰਥ ਵਸ਼ਿਸ਼ਟ ਦੀ ਸ਼ਵ ਯਾਤਰਾ ਵਿੱਚ ਵੱਡੀ ਗਿਣਤੀ ਵਿੱਚ ਲੋਕ ਸ਼ਾਮਲ ਸਨ। ਇਸ ਮੌਕੇ ਸੰਸਦ ਮੈਂਬਰ ਕਿਰਨ ਖੇਰ, ਸਾਬਕਾ ਕੇਂਦਰੀ ਮੰਤਰੀ ਪਵਨ ਕੁਮਾਰ ਬਾਂਸਲ, ਸਾਬਕਾ ਸੰਸਦ ਮੈਂਬਰ ਸੱਤਿਆ ਪਾਲ ਜੈਨ, ਚੰਡੀਗੜ੍ਹ ਭਾਜਪਾ ਦੇ ਪ੍ਰਧਾਨ ਸੰਜੇ ਟੰਡਨ, ਸਾਬਕਾ ਮੇਅਰ ਦੇਵੇਸ਼ ਮੋਦਗਿੱਲ ਤੋਂ ਇਲਾਵਾ ਕਈ ਹੋਰ ਰਾਜਨੀਤਕ ਪਾਰਟੀਆਂ ਦੇ ਨੇਤਾ ਵੀ ਮੌਜੂਦ ਸਨ। ਇਸ ਤੋਂ ਇਲਾਵਾ ਹਵਾਈ ਸੈਨਾ ਦੇ ਕਈ ਸੀਨੀਅਰ ਅਧਿਕਾਰੀ, ਚੰਡੀਗੜ੍ਹ ਦੇ ਡਿਪਟੀ ਕਮਿਸ਼ਨਰ ਮਨਦੀਪ ਸਿੰਘ ਬਰਾੜ ਅਤੇ ਚੰਡੀਗੜ੍ਹ ਪੁਲੀਸ ਦੇ ਡੀਐੱਸਪੀ ਕ੍ਰਿਸ਼ਨ ਕੁਮਾਰ ਤੇ ਡੀਐਸਪੀ ਸੋਂਧੀ ਵੀ ਮੌਜੂਦ ਸਨ। ਦੱਸਣਯੋਗ ਹੈ ਕਿ ਲੰਘੇ ਦਿਨੀਂ ਜੰਮੂ-ਕਸ਼ਮੀਰ ਦੇ ਬਡਗਾਓਂ ਵਿੱਚ ਐੱਮਆਈ-17 ਹੈਲੀਕਾਪਟਰ ਕਰੈਸ਼ ਹੋਣ ਕਾਰਨ ਸਕੁਐਡਰਨ ਲੀਡਰ ਸਿਧਾਰਥ ਵਸ਼ਿਸ਼ਟ ਸਣੇ ਸੱਤ ਜਣੇ ਸ਼ਹੀਦ ਹੋ ਗਏ ਸਨ। ਚੰਡੀਗੜ੍ਹ ਦੇ ਸੈਕਟਰ-44 ਦੇ ਆਰਮੀ ਫਲੈਟਸ ਵਿੱਚ ਰਹਿੰਦੇ ਇਸ ਸੂਰਬੀਰ ਦੀ ਸ਼ਹਾਦਤ ਦੀ ਖ਼ਬਰ ਨੂੰ ਲੈ ਕੇ ਸ਼ਹਿਰ ਵਾਸੀ ਸਦਮੇ ਵਿੱਚ ਹਨ। ਵੀਰਵਾਰ ਦੇਰ ਸ਼ਾਮ 7.30 ਵਜੇ ਸਿਧਾਰਥ ਵਸ਼ਿਸ਼ਟ ਦੀ ਮ੍ਰਿਤਕ ਦੇਹ ਚੰਡੀਗੜ੍ਹ ਲਿਆਂਦੀ ਗਈ ਸੀ। ਸਕੁਐਡਰਨ ਲੀਡਰ ਸਿਧਾਰਥ ਵਸ਼ਿਸ਼ਟ ਅਤੇ ਉਨ੍ਹਾਂ ਦੀ ਪਤਨੀ ਸਕੁਐਡਰਨ ਲੀਡਰ ਆਰਤੀ ਸ੍ਰੀਨਗਰ ਵਿੱਚ ਤਾਇਨਾਤ ਸਨ। ਉਹ ਛੁੱਟੀ ’ਤੇ ਘਰ ਆਏ ਹੋਏ ਸਨ ਪਰ ਸਰਹੱਦ ’ਤੇ ਤਣਾਅ ਵਧਣ ਕਾਰਨ ਸਿਧਾਰਥ ਨੂੰ ਡਿਊਟੀ ’ਤੇ ਬਡਗਾਓਂ ਜਾਣਾ ਪਿਆ।

Previous articleਪਾਕਿ ਨੂੰ ਅਜੇ ਬਹੁਤ ਕੁਝ ਕਰਨ ਦੀ ਲੋੜ: ਵੀਕੇ ਸਿੰਘ
Next article‘ਜੇਲ੍ਹ ਭਰੋ’ ਅੰਦੋਲਨ: ਪ੍ਰਸ਼ਾਸਨ ਨੇ ਕਿਸਾਨਾਂ-ਮਜ਼ਦੂਰਾਂ ਨੂੰ ਗ੍ਰਿਫ਼ਤਾਰ ਕਰਨ ਤੋਂ ਹੱਥ ਖੜ੍ਹੇ ਕੀਤੇ