ਮੋਗਾ/ ਨਕੋਦਰ (ਹਰਜਿੰਦਰ ਛਾਬੜਾ) (ਸਮਾਜ ਵੀਕਲੀ) : ਬੀਤੀ 22 ਜੁਲਾਈ ਨੂੰ ਅਰੁਣਾਚਲ ਪ੍ਰਦੇਸ਼ ‘ਚ ਡਿਊਟੀ ਦੌਰਾਨ ਸ਼ਹੀਦ ਹੋਏ ਲਖਬੀਰ ਸਿੰਘ ਦੀ ਮ੍ਰਿਤਕ ਦੇਹ ਜੱਦੀ ਪਿੰਡ ਡੇਮਰੂ ਪਹੁੰਚੀ, ਜਿਥੇ ਅੱਜ ਸ਼ਹੀਦ ਜਵਾਨ ਦਾ ਅੰਤਿਮ ਸਸਕਾਰ ਸਰਕਾਰੀ ਸਨਮਾਨਾਂ ਨਾਲ ਕੀਤਾ ਗਿਆ। ਇਸ ਮੌਕੇ ਜਿਥੇ ਪਰਿਵਾਰਿਕ ਮੈਬਰਾਂ ਦੀ ਅੱਖਾਂ ਨਮ ਸੀ ਉਥੇ ਹੀ ਪਿੰਡ ਦੇ ਲੋਕ ਵੀ ਸ਼ਹੀਦ ਨੂੰ ਸ਼ਰਧਾਂਜਲੀ ਭੇਟ ਕਰ ਰਹੇ ਹਨ।
ਸ਼ਹੀਦ ਦੇ ਅੰਤਿਮ ਸਸਕਾਰ ਮੌਕੇ ਮੋਗਾ ਦੇ ਡੀਸੀ ਸੰਦੀਪ ਹੰਸ, ਐੱਸ.ਐੱਸ ਪੀ ਹਰਮਨਵੀਰ ਸਿੰਘ ਗਿੱਲ ਸਮੇਤ ਕਈ ਹੋਰ ਪ੍ਰਸ਼ਾਸਨਿਕ ਅਤੇ ਰਾਜਨੀਤਿਕ ਆਗੂਆਂ ਨੇ ਪਹੁੰਚ ਕੇ ਸ਼ਹੀਦ ਦੀ ਸ਼ਹਾਦਤ ਨੂੰ ਸਿਜਦਾ ਕੀਤਾ।
ਸ਼ਹੀਦ ਲਖਬੀਰ ਸਿੰਘ ਦੀ ਪਤਨੀ ਦਾ ਕਹਿਣਾ ਹੈ ਕਿ ਉਹਨਾਂ ਨੂੰ ਮਾਣ ਹੈ ਉਹਨਾਂ ਦੇ ਪਤੀ ਦੇਸ਼ ਲਈ ਸ਼ਹੀਦ ਹੋ ਗਏ ਹਨ ਤੇ ਉਹ ਹਮੇਸ਼ਾ ਅਮਰ ਰਹਿਣਗੇ। ਉਹਨਾਂ ਪੰਜਾਬ ਸਰਕਾਰ ਨੂੰ ਮੰਗ ਕੀਤੀ ਹੈ ਕਿ ਉਹਨਾਂ ਦੀ ਮਦਦ ਲਈ ਉਹਨਾਂ ਨੂੰ ਸਰਕਾਰੀ ਨੌਕਰੀ ਦਿੱਤੀ ਜਾਵੇ ਤਾਂ ਉਹ ਆਪਣੇ ਪਰਿਵਾਰ ਨੂੰ ਪਾਲ ਸਕੇ।
ਜ਼ਿਕਰਯੋਗ ਹੈ ਕਿ ਦੇਸ਼ ਦੀ ਰੱਖਿਆ ਲਈ ਪੰਜਾਬ ਦੇ ਜਵਾਨ ਸ਼ਹੀਦ ਹੋ ਰਹੇ ਹਨ, ਇਹਨਾਂ ਵਿੱਚੋਂ ਲਖਬੀਰ ਸਿੰਘ ਵੀ ਹੈ, ਜੋ ਬੀਤੇ ਦਿਨੀਂ ਡਿਊਟੀ ਦੌਰਾਨ ਅਰੁਣਾਚਲ ਪ੍ਰਦੇਸ਼ ‘ਚ ਸ਼ਹਾਦਤ ਦਾ ਜਾਮ ਪੀ ਗਿਆ।