ਕਾਂਗਰਸ ਆਗੂ ਮਨੀਸ਼ ਤਿਵਾੜੀ ਨੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੂੰ ਬੇਨਤੀ ਕੀਤੀ ਹੈ ਕਿ ਉਹ ਸ਼ਹੀਦ ਭਗਤ ਸਿੰਘ, ਰਾਜਗੁਰੂ ਅਤੇ ਸੁਖਦੇਵ ਨੂੰ ਭਾਰਤ ਰਤਨ ਦੇਣ ਦਾ ਐਲਾਨ ਕਰਨ। ਸ੍ਰੀ ਮੋਦੀ ਨੂੰ ਲਿਖੇ ਪੱਤਰ ’ਚ ਉਨ੍ਹਾਂ ਇਹ ਵੀ ਬੇਨਤੀ ਕੀਤੀ ਹੈ ਕਿ ਇਨ੍ਹਾਂ ਆਜ਼ਾਦੀ ਘੁਲਾਟੀਆਂ ਨੂੰ ‘ਸ਼ਹੀਦ-ਏ-ਆਜ਼ਮ’ ਦਾ ਖ਼ਿਤਾਬ ਰਸਮੀ ਤੌਰ ’ਤੇ ਐਲਾਨਿਆ ਜਾਵੇ। ਉਨ੍ਹਾਂ ਮੁਹਾਲੀ ਸਥਿਤ ਚੰਡੀਗੜ੍ਹ ਹਵਾਈ ਅੱਡੇ ਦਾ ਨਾਮ ਵੀ ਸ਼ਹੀਦ ਭਗਤ ਸਿੰਘ ਦੇ ਨਾਮ ’ਤੇ ਰੱਖਣ ਦੀ ਮੰਗ ਕੀਤੀ ਹੈ। ਸ੍ਰੀ ਆਨੰਦਪੁਰ ਸਾਹਿਬ ਤੋਂ ਸੰਸਦ ਮੈਂਬਰ ਮਨੀਸ਼ ਤਿਵਾੜੀ ਨੇ ਚਿੱਠੀ ’ਚ ਕਿਹਾ ਹੈ ਕਿ ਸ਼ਹੀਦ ਭਗਤ ਸਿੰਘ, ਰਾਜਗੁਰੂ ਅਤੇ ਸੁਖਦੇਵ ਦੇ ਬਲਿਦਾਨ ਨੇ ਦੇਸ਼ਭਗਤਾਂ ਨੂੰ ਪ੍ਰੇਰਿਤ ਕੀਤਾ ਸੀ ਅਤੇ ਨੌਜਵਾਨ ਪੀੜ੍ਹੀ ਅੱਜ ਵੀ ਉਨ੍ਹਾਂ ਤੋਂ ਸੇਧ ਲੈ ਰਹੀ ਹੈ। ਉਨ੍ਹਾਂ ਕਿਹਾ ਕਿ 26 ਜਨਵਰੀ 2020 ਨੂੰ ਤਿੰਨੋਂ ਸ਼ਹੀਦਾਂ ਨੂੰ ‘ਭਾਰਤ ਰਤਨ’ ਨਾਲ ਨਿਵਾਜਿਆ ਜਾਣਾ ਚਾਹੀਦਾ ਹੈ। ਸ੍ਰੀ ਤਿਵਾੜੀ ਨੇ 25 ਅਕਤੂਬਰ ਨੂੰ ਲਿਖਿਆ ਪੱਤਰ ਟਵਿੱਟਰ ’ਤੇ ਵੀ ਸਾਂਝਾ ਕੀਤਾ ਹੈ। ਉਨ੍ਹਾਂ ਦਾ ਇਹ ਸੁਝਾਅ ਉਸ ਸਮੇਂ ਆਇਆ ਹੈ ਜਦੋਂ ਮਹਾਰਾਸ਼ਟਰ ’ਚ ਭਾਜਪਾ ਵੱਲੋਂ ਹਿੰਦੂਵਾਦੀ ਆਗੂ ਵੀਰ ਸਾਵਰਕਰ ਨੂੰ ਭਾਰਤ ਰਤਨ ਦੇਣ ਦੀ ਮੰਗ ਕੀਤੀ ਜਾ ਰਹੀ ਹੈ। ਇਸ ਤੋਂ ਪਹਿਲਾਂ ਆਲ ਇੰਡੀਆ ਮਜਲਿਸ-ਏ-ਇਤਿਹਾਦੁਲ ਮੁਸਲਮੀਨ ਦੇ ਮੁਖੀ ਅਸਦ-ਉਦ-ਦੀਨ ਓਵਾਇਸੀ ਨੇ ਭਗਤ ਸਿੰਘ, ਰਾਜਗੁਰੂ ਅਤੇ ਸੁਖਦੇਵ ਨੂੰ ਭਾਰਤ ਰਤਨ ਦੇਣ ਦੀ ਮੰਗ ਕੀਤੀ ਸੀ।
INDIA ਸ਼ਹੀਦ ਭਗਤ ਸਿੰਘ, ਰਾਜਗੁਰੂ ਅਤੇ ਸੁਖਦੇਵ ਨੂੰ ਭਾਰਤ ਰਤਨ ਦਿੱਤਾ ਜਾਵੇ: ਤਿਵਾੜੀ