ਲੁਧਿਆਣਾ- ਸਨਅਤੀ ਸ਼ਹਿਰ ਦੇ ਨੌਘਰਾਂ ਮੁਹੱਲੇ ਸਥਿਤ ਸ਼ਹੀਦ ਸੁਖਦੇਵ ਥਾਪਰ ਦੇ ਜਨਮ ਸਥਾਨ ਨੇੜੇ ਹੋਈ ਨਾਜਾਇਜ਼ ਉਸਾਰੀ ਨੂੰ ਅੱਜ ਨਗਰ ਨਿਗਮ ਦੀ ਟੀਮ ਨੇ ਭਾਰੀ ਪੁਲੀਸ ਫੋਰਸ ਦੇ ਨਾਲ ਮੌਕੇ ’ਤੇ ਪੁੱਜ ਕੇ ਢਹਿ ਢੇਰੀ ਕਰ ਦਿੱਤਾ। ਸਵੇਰੇ ਸਾਢੇ ਅੱਠ ਵਜੇ ਹੀ ਨਗਰ ਨਿਗਮ ਦੀ ਟੀਮ ਭਾਰੀ ਪੁਲੀਸ ਫੋਰਸ ਨਾਲ ਨੌਘਰਾਂ ਮੁਹੱਲੇ ’ਚ ਪੁੱਜੀ ਤੇ ਵਿਰੋਧ ਦੇ ਬਾਵਜੂਦ ਨਾਜਾਇਜ਼ ਉਸਾਰੀ ਢਾਹੁਣੀ ਸ਼ੁਰੂ ਕਰ ਦਿੱਤੀ। ਮੌਕੇ ’ਤੇ ਪੁਲੀਸ ਤਾਇਨਾਤ ਹੋਣ ਕਾਰਨ ਇਸ ਵਾਰ ਵਿਰੋਧ ਕਰਨ ਵਾਲੇ ਘੱਟ ਸਨ। ਦਰਅਸਲ, ਸ਼ਹੀਦ ਸੁਖਦੇਵ ਥਾਪਰ ਦੇ ਘਰ ਲਈ ਸਿੱਧਾ ਰਸਤਾ ਕੱਢਣ ਦੀ ਯੋਜਨਾ ਚੱਲ ਰਹੀ ਹੈ, ਜਿਸ ਦੇ ਰਸਤੇ ਵਿੱਚ ਇੱਕ ਮਕਾਨ ਮਾਲਕ ਨੇ ਨਾਜਾਇਜ਼ ਉਸਾਰੀ ਕੀਤੀ ਹੋਈ ਸੀ। ਪਿਛਲੇ ਸਮੇਂ ਦੌਰਾਨ ਜਦੋਂ ਨਗਰ ਨਿਗਮ ਦੇ ਮੁਲਾਜ਼ਮ ਉਸ ਦੇ ਨਾਜਾਇਜ਼ ਕਬਜ਼ੇ ’ਤੇ ਲਾਲ ਨਿਸ਼ਾਨ ਲਗਾ ਕੇ ਗਏ ਸਨ ਤਾਂ ਉਹ ਅਦਾਲਤ ਵਿੱਚ ਜਾ ਕੇ ਸਟੇਅ ਲੈ ਆਇਆ। ਇਸ ਮਗਰੋਂ ਨਗਰ ਨਿਗਮ ਨੇ ਉਸ ਸਟੇਅ ਨੂੰ ਅਦਾਲਤ ਵਿੱਚ ਚੈਲੇਂਜ ਕੀਤਾ ਤੇ ਅਦਾਲਤ ਨੇ ਫ਼ੈਸਲਾ ਨਗਰ ਨਿਗਮ ਦੇ ਹੱਕ ਵਿੱਚ ਸੁਣਾਇਆ। ਇਸ ਤੋਂ ਬਾਅਦ ਪਿਛਲੇ ਮਹੀਨੇ 9 ਨਵੰਬਰ ਨੂੰ ਅਦਾਲਤ ਦੇ ਹੁਕਮ ਲੈ ਕੇ ਨਗਰ ਨਿਗਮ ਦੀ ਟੀਮ 100 ਦੇ ਕਰੀਬ ਪੁਲੀਸ ਮੁਲਾਜ਼ਮਾਂ ਨਾਲ ਦਰੇਸੀ ਨੇੜੇ ਨੌਘਰਾਂ ਮੁਹੱਲੇ ਸਥਿਤ ਸ਼ਹੀਦ ਥਾਪਰ ਦੇ ਘਰ ਨੇੜੇ ਪੁੱਜੀ ਤੇ ਨਗਰ ਨਿਗਮ ਦੀ ਬਿਲਡਿੰਗ ਬਰਾਂਚ ਦੀ ਟੀਮ ਨੇ ਉੱਥੇ ਕਾਰਵਾਈ ਸ਼ੁਰੂ ਕਰ ਦਿੱਤੀ ਪਰ ਮਕਾਨ ਮਾਲਕ ਦੀਪਕ ਬਾਂਸਲ ਨੇ ਨਗਰ ਨਿਗਮ ਦੀ ਟੀਮ ਦਾ ਵਿਰੋਧ ਕੀਤਾ। ਉਨ੍ਹਾਂ ਨਾਲ ਹੋਰ ਵੀ ਕਈ ਲੋਕ ਸਨ, ਜਿਨ੍ਹਾਂ ਨੇ ਨਗਰ ਨਿਗਮ ਨੂੰ ਕਾਰਵਾਈ ਕਰਨ ਤੋਂ ਰੋਕਿਆ। ਇਸ ਦੌਰਾਨ ਬਾਂਸਲ ਨੇ ਪੈਟਰੋਲ ਆਪਣੇ ਉੱਪਰ ਪਾ ਲਿਆ ਤੇ ਆਤਮਦਾਹ ਦੀਆਂ ਧਮਕੀਆਂ ਦਿੱਤੀਆਂ। ਪੁਲੀਸ ਮੁਲਾਜ਼ਮਾਂ ਨੇ ਕਿਸੇ ਤਰੀਕੇ ਨਾਲ ਬਾਂਸਲ ਨੂੰ ਕਾਬੂ ਕੀਤਾ ਤੇ ਉੱਥੋਂ ਭੇਜ ਦਿੱਤਾ। ਇਸ ਦੌਰਾਨ ਨਗਰ ਨਿਗਮ ਦੀ ਟੀਮ ਦਾ ਵਿਰੋਧ ਕਾਫ਼ੀ ਜ਼ਿਆਦਾ ਹੋ ਗਿਆ ਸੀ। ਇਸ ਕਾਰਨ ਨਗਰ ਨਿਗਮ ਦੇ ਮੁਲਾਜ਼ਮ ਬਿਨਾਂ ਕਾਰਵਾਈ ਕੀਤਿਆਂ ਪਰਤ ਗਏ ਸਨ। ਹੁਣ ਅੱਜ ਸਵੇਰੇ ਸਾਢੇ ਅੱਠ ਵਜੇ ਹੀ ਨਗਰ ਨਿਗਮ ਦੀ ਟੀਮ ਨਗਰ ਨਿਗਮ ਦੇ ਜੁਆਇੰਟ ਕਮਿਸ਼ਨਰ ਨਵਰਾਜ ਸਿੰਘ ਬਰਾੜ ਦੀ ਅਗਵਾਈ ਹੇਠ ਨੌਘਰਾਂ ਮੁਹੱਲੇ ਪੁੱਜੀ, ਜਿੱਥੇ ਉਨ੍ਹਾਂ ਨਾਲ ਬਿਲਡਿੰਗ ਬਰਾਂਚ ਦੇ ਸਾਰੇ ਏਟੀਪੀ ਤੇ ਇੰਸਪੈਕਟਰ ਮੌਜੂਦ ਸਨ। ਵੱਡੀ ਗਿਣਤੀ ਵਿੱਚ ਪੁਲੀਸ ਮੁਲਾਜ਼ਮ ਨਾਲ ਹੋਣ ਕਾਰਨ ਨਗਰ ਨਿਗਮ ਨੇ ਬਿਨਾਂ ਵਿਰੋਧ ਤੋਂ ਕਾਰਵਾਈ ਸ਼ੁਰੂ ਕਰ ਦਿੱਤੀ ਤੇ 40 ਗਜ਼ ਥਾਂ ’ਤੇ ਕੀਤੀ ਉਸਾਰੀ ਨੂੰ ਢਹਿ ਢੇਰੀ ਕਰ ਦਿੱਤਾ। ਕਬਜ਼ਾ ਕਰਨ ਵਾਲੇ ਵਿਅਕਤੀ ਨੇ ਸ਼ਹੀਦ ਸੁਖਦੇਵ ਸਿੰਘ ਮੈਮੋਰੀਅਲ ਥਾਪਰ ਟਰੱਸਟ ਦੇ ਮੈਂਬਰਾਂ ਖ਼ਿਲਾਫ਼ ਨਾਅਰੇਬਾਜ਼ੀ ਕੀਤੀ।