ਅੰਮ੍ਰਿਤਸਰ (ਸਮਾਜ ਵੀਕਲੀ): ਸਾਕਾ ਨੀਲਾ ਤਾਰਾ ਦੇ ਸ਼ਹੀਦਾਂ ਨੂੰ ਸਮਰਪਿਤ ‘ਸ਼ਹੀਦੀ ਗੈਲਰੀ’ ਦਾ ਕੰਮ ਪੰਜ ਸਾਲ ਬਾਅਦ ਵੀ ਅਧੂਰਾ ਪਿਆ ਹੈ। ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ 2017 ਵਿੱਚ ਸ਼ਹੀਦੀ ਗੈਲਰੀ ਬਣਾਉਣ ਦਾ ਫ਼ੈਸਲਾ ਲੈ ਕੇ ਇਸ ਦੀ ਸੇਵਾ ਦਮਦਮੀ ਟਕਸਾਲ ਨੂੰ ਸੌਂਪੀ ਸੀ। ਇਹ ਗੈਲਰੀ ਸ੍ਰੀ ਦਰਬਾਰ ਸਾਹਿਬ ਸਮੂਹ ਵਿੱਚ ਅਕਾਲ ਤਖ਼ਤ ਨੇੜੇ ਬਣਾਈ ਜਾਣੀ ਹੈ।
ਤਤਕਾਲੀ ਕਮੇਟੀ ਪ੍ਰਧਾਨ ਕਿਰਪਾਲ ਸਿੰਘ ਬਡੂੰਗਰ, ਅਕਾਲ ਤਖ਼ਤ ਦੇ ਜਥੇਦਾਰ ਗਿਆਨੀ ਗੁਰਬਚਨ ਸਿੰਘ ਅਤੇ ਦਮਦਮੀ ਟਕਸਾਲ ਦੇ ਮੁਖੀ ਬਾਬਾ ਹਰਨਾਮ ਸਿੰਘ ਨੇ ਇਸ ਦਾ ਕੰਮ ਇੱਕ ਵਰ੍ਹੇ ਵਿੱਚ ਮੁਕੰਮਲ ਕਰਨ ਦਾ ਟੀਚਾ ਰੱਖਿਆ ਸੀ ਪਰ ਪਿਛਲੇ ਪੰਜ ਵਰ੍ਹਿਆਂ ਵਿੱਚ ਇਸ ਸਬੰਧੀ ਕੋਈ ਵਿਸ਼ੇਸ਼ ਕਾਰਵਾਈ ਨਹੀਂ ਹੋਇਆ। ਸ਼੍ਰੋਮਣੀ ਕਮੇਟੀ ਦੇ ਮੁੱਖ ਸਕੱਤਰ ਹਰਜਿੰਦਰ ਸਿੰਘ ਧਾਮੀ ਨੇ ਕਿਹਾ ਕਿ ਕਰੋਨਾ ਕਾਰਨ ਪਿਛਲੇ ਸਾਲ ਦੌਰਾਨ ਇਸ ਦਾ ਕੋਈ ਕੰਮ ਨਹੀਂ ਹੋ ਸਕਿਆ। ਇਸ ਤੋਂ ਇਲਾਵਾ ਹੋਰ ਵੀ ਕਈ ਯੋਜਨਾਵਾਂ ਕਰੋਨਾ ਕਾਰਨ ਪ੍ਰਭਾਵਿਤ ਹੋਈਆਂ ਹਨ। ਉਨ੍ਹਾਂ ਕਿਹਾ ਕਿ ਉਹ ਸਬੰਧਤ ਯੋਜਨਾ ਮੁਕੰਮਲ ਕਰਨ ਲਈ ਸੇਵਾ ਕਰ ਰਹੀ ਸਿੱਖ ਜਥੇਬੰਦੀ ਨੂੰ ਸ਼ਹੀਦੀ ਗੈਲਰੀ ਅਤੇ ਬਾਕੀ ਰਹਿੰਦੇ ਕੰਮ ਤੇਜ਼ੀ ਨਾਲ ਮੁਕੰਮਲ ਕਰਨ ਲਈ ਕਹਿਣਗੇ। ਦਮਦਮੀ ਟਕਸਾਲ ਨੇ ਇਹ ਯੋਜਨਾ ਸਿਰੇ ਚਾੜ੍ਹਨ ਲਈ ਚਾਰ ਮੈਂਬਰੀ ਕਮੇਟੀ ਬਣਾਈ ਹੋਈ ਹੈ।
ਇਸ ਕਮੇਟੀ ਦੇ ਮੈਂਬਰ ਦਲ ਖਾਲਸਾ ਆਗੂ ਕੰਵਰਪਾਲ ਸਿੰਘ ਨੇ ਕਿਹਾ ਕਿ ਇਹ ਯੋਜਨਾ ਸ਼ੁਰੂ ਕੀਤੇ ਨੂੰ ਚਾਰ ਸਾਲ ਹੋ ਚੁੱਕੇ ਹਨ ਪਰ ਹੁਣ ਤਕ ਮੁਕੰਮਲ ਨਹੀਂ ਹੋਈ। ਇਸ ਸਬੰਧੀ ਕਈ ਮੀਟਿੰਗਾਂ ਵੀ ਹੋ ਚੁੱਕੀਆਂ ਹਨ। ਉਨ੍ਹਾਂ ਕਿਹਾ ਕਿ ਸ਼੍ਰੋਮਣੀ ਕਮੇਟੀ ਨੂੰ ਇਹ ਅਧੂਰਾ ਪ੍ਰਾਜੈਕਟ ਮੁਕੰਮਲ ਕਰਵਾਉਣ ਲਈ ਯਤਨ ਕਰਨੇ ਚਾਹੀਦੇ ਹਨ। ਉਨ੍ਹਾਂ ਨੂੰ ਪ੍ਰਾਜੈਕਟ ਮੁਕੰਮਲ ਹੋਣ ਵਿਚ ਪੈ ਰਹੇ ਅੜਿੱਕੇ ਦੂਰ ਕਰਵਾਉਣੇ ਚਾਹੀਦੇ ਹਨ। ਜ਼ਿਕਰਯੋਗ ਹੈ ਕਿ ਦਲ ਖਾਲਸਾ ਵੱਲੋਂ ਸਾਕਾ ਨੀਲਾ ਤਾਰਾ ਫ਼ੌਜੀ ਹਮਲੇ ਵੇਲੇ ਮਾਰੇ ਗਏ ਸਿੱਖਾਂ ਦੀ ਡਾਇਰੈਕਟਰੀ ਵੀ ਤਿਆਰ ਕੀਤੀ ਗਈ ਸੀ, ਜਿਸ ਵਿਚ 222 ਸਿੱਖਾਂ ਦੀਆ ਤਸਵੀਰਾਂ ਅਤੇ ਵੇਰਵੇ ਦਰਜ ਹਨ।
ਇਨ੍ਹਾਂ ਵਿਚ ਵਧੇਰੇ ਪੰਜਾਬ ਦੇ ਵਿਅਕਤੀਆਂ ਤੋਂ ਇਲਾਵਾ ਹਰਿਆਣਾ ਅਤੇ ਨੰਦੇੜ ਨਾਲ ਸਬੰਧਤ ਸਿੱਖ ਸ਼ਾਮਲ ਹਨ। ਸ਼੍ਰੋਮਣੀ ਕਮੇਟੀ ਦੀ ਪ੍ਰਧਾਨ ਬੀਬੀ ਜਗੀਰ ਕੌਰ ਨੇ ਕਿਹਾ ਕਿ ਦਰਬਾਰ ਸਾਹਿਬ ਕੰਪਲੈਕਸ ਵਿਚ ਬਣਨ ਵਾਲੀ ਸ਼ਹੀਦੀ ਗੈਲਰੀ ਦਾ ਕੰਮ ਜਲਦੀ ਹੀ ਮੁਕੰਮਲ ਕਰ ਲਿਆ ਜਾਵੇਗਾ। ਉਨ੍ਹਾਂ ਕਿਹਾ ਕਿ ਥੋੜੇ ਦਿਨਾਂ ਅੰਦਰ ਹੀ ਜੂਨ 1984 ਸਬੰਧੀ ਬਣਾਈ ਜਾ ਰਹੀ ਸ਼ਹੀਦੀ ਗੈਲਰੀ ਖੋਲ੍ਹ ਦਿੱਤੀ ਜਾਵੇਗੀ ਅਤੇ ਇਸ ਵਿਚ ਢਹਿ-ਢੇਰੀ ਹੋਏ ਅਕਾਲ ਤਖ਼ਤ ਦਾ ਵੱਡ-ਆਕਾਰੀ ਮਾਡਲ ਲਗਾਇਆ ਜਾਵੇਗਾ। ਇਸ ਤੋਂ ਇਲਾਵਾ ਇੱਥੇ ਡਿਜੀਟਲ ਰੂਪ ਵਿਚ ਘੱਲੂਘਾਰੇ ਦੇ ਇਤਿਹਾਸ ਨੂੰ ਵੀ ਰੂਪਮਾਨ ਕਰਨ ਦੀ ਯੋਜਨਾ ਹੈ।
‘ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly