‘‘ਆਜ਼ਾਦੀ ਦੇ ਪਰਵਾਨਿਆਂ ਦੀਆਂ ਕੀਮਤੀ ਜਾਨਾਂ ਬਦਲੇ ਮਿਲੀ ਆਜ਼ਾਦੀ ਨੂੰ ਸੰਭਾਲ ਕੇ ਰੱਖਣਾ ਅਤੇ ਸ਼ਹੀਦਾਂ ਦੇ ਸੁਫ਼ਨਿਆਂ ਨੂੰ ਅਮਲੀ ਰੂਪ ਦੇਣਾ ਸਾਡਾ ਫ਼ਰਜ਼ ਹੈ ਤੇ ਸਭ ਨੂੰ ਆਪਣੇ ਫ਼ਰਜ਼ ਪਛਾਣਨ ਦੀ ਲੋੜ ਹੈ।’’ ਇਹ ਸੱਦਾ ਦਿੰਦਿਆ ਪੰਜਾਬ ਦੇ ਕੈਬਨਿਟ ਮੰਤਰੀ ਸਾਧੂ ਸਿੰਘ ਧਰਮਸੋਤ ਨੇ ਆਖਿਆ ਕਿ ਸ਼ਹੀਦ-ਏ-ਆਜ਼ਮ ਭਗਤ ਸਿੰਘ ਵੱਲੋਂ ਭਰ ਜੁਆਨੀ ’ਚ ਦੇਸ਼ ਲਈ ਦਿੱਤੀ ਕੁਰਬਾਨੀ ਲਾਮਿਸਾਲ ਹੈ। ਸ੍ਰੀ ਧਰਮਸੋਤ ਅੱਜ ਖਟਕੜ ਕਲਾਂ ਵਿੱਚ ਸ਼ਹੀਦ ਭਗਤ ਸਿੰਘ ਨੂੰ ਪੰਜਾਬ ਸਰਕਾਰ ਵੱਲੋਂ ਉਨ੍ਹਾਂ ਦੇ ਜਨਮ ਦਿਹਾੜੇ ਮੌਕੇ ਸ਼ਰਧਾ ਦੇ ਫੁੱਲ ਭੇਟ ਕਰਨ ਪੁੱਜੇ ਸਨ। ਉਨ੍ਹਾਂ ਸ਼ਹੀਦ ਭਗਤ ਸਿੰਘ ਦੇ ਬੁੱਤ ’ਤੇ ਫੁੱਲ ਮਾਲਾ ਪਾਉਣ ਤੋਂ ਪਹਿਲਾਂ ਸ਼ਹੀਦ ਦੇ ਪਿਤਾ ਕਿਸ਼ਨ ਸਿੰਘ ਦੇ ਸਮਾਰਕ ’ਤੇ ਵੀ ਸ਼ਰਧਾਂਜਲੀ ਦਿੱਤੀ। ਉਨ੍ਹਾਂ ਕਿਹਾ ਕਿ ਇਸ ਧਰਤੀ ਦੇ ਕਣ ਕਣ ਵਿੱਚ ਦੇਸ਼ ਭਗਤੀ ਦੀ ਚਿਣਗ ਹੈ, ਜਿਸ ਤੋਂ ਸਾਨੂੰ ਪ੍ਰੇਰਨਾ ਮਿਲਦੀ ਹੈ। ਇਸ ਮੌਕੇ ਉਨ੍ਹਾਂ ਸ਼ਹੀਦ ਭਗਤ ਸਿੰਘ ਦੀ ਮਰਹੂਮ ਭੈਣ ਬੀਬੀ ਅਮਰ ਕੌਰ ਦੇ ਦੋਹਤੇ ਹਰਜੀਵਨ ਪਾਲ ਸਿੰਘ ਗਿੱਲ ਦਾ ਸਨਮਾਨ ਵੀ ਕੀਤਾ। ਉਨ੍ਹਾਂ ਇੱਕ ਸੁਆਲ ਦੇ ਜੁਆਬ ’ਚ ਆਖਿਆ ਕਿ ਉਨ੍ਹਾਂ ਦੇ ਵਿਭਾਗ ਵੱਲੋਂ ਐੱਸਸੀ ਸਕਾਲਰਸ਼ਿਪ ਦੀ ਵੰਡ ’ਚ ਗੜਬੜੀ ਦੀ ਕਰਵਾਈ ਜਾਂਚ ਦੌਰਾਨ 400 ਕਰੋੜ ਰੁਪਏ ਦੀ ਗ਼ਲਤ ਵੰਡ ਸਾਹਮਣੇ ਆਈ ਹੈ, ਜਿਸ ਦੀ ਸਬੰਧਤ ਵਿਦਿਅਕ ਸੰਸਥਾਵਾਂ ਕੋਲੋਂ ਵਸੂਲੀ ਕੀਤੀ ਜਾਵੇਗੀ। ਉਨ੍ਹਾਂ ਕਿਹਾ ਕਿ ਪੰਜਾਬ ’ਚ ਇਸ ਵਿਦਿਅਕ ਸੈਸ਼ਨ ਲਈ 400 ਕਰੋੜ ਰੁਪਏ ਦੀ ਸਕਾਲਰਸ਼ਿਪ ਜਾਰੀ ਕੀਤੀ ਜਾ ਚੁੱਕੀ ਹੈ। ਇਸ ਮੌਕੇ ਕਾਂਗਰਸ ਦੇ ਵਿਧਾਇਕ ਦਰਸ਼ਨ ਸਿੰਘ ਮੰਗੂਪੁਰ ਤੇ ਜ਼ਿਲ੍ਹਾ ਪ੍ਰਧਾਨ ਸਤਬੀਰ ਸਿੰਘ ਪੱਲੀ ਝਿੱਕੀ ਵੀ ਹਾਜ਼ਰ ਸਨ।
INDIA ਸ਼ਹੀਦਾਂ ਦੇ ਸੁਫ਼ਨਿਆਂ ਨੂੰ ਅਮਲੀ ਰੂਪ ਦੇਣ ਲਈ ਫ਼ਰਜ਼ ਪਛਾਣਨ ਦਾ ਹੋਕਾ