ਲੁਧਿਆਣਾ (ਸਮਾਜਵੀਕਲੀ): ਸੂਬੇ ਵਿਚ ਦਿਨੋ ਦਿਨ ਵੱਧ ਰਹੇ ਕਰੋਨਾ ਤੇ ਮਾਮਲਿਆਂ ਨੂੰ ਧਿਆਨ ਵਿੱਚ ਰੱਖਦਿਆਂ ਐਤਵਾਰ ਕੀਤੀ ਤਾਲਾਬੰਦੀ ਨੂੰ ਭਰਵਾਂ ਹੁੰਗਾਰਾ ਮਿਲਿਆ ਹੈ। ਸ਼ਹਿਰ ਦੀਆਂ ਸਾਰੀਆਂ ਸੜਕਾਂ ਅਤੇ ਬਾਜ਼ਾਰ ਸਾਰਾ ਦਿਨ ਸੁੰਨੇ ਰਹੇ।
ਇਸ ਦੌਰਾਨ ਭਾਵੇਂ ਜ਼ਰੂਰੀ ਵਸਤਾਂ ਵੇਚਣ ਵਾਲਿਆਂ ਦੀਆਂ ਕੁਝ ਦੁਕਾਨਾਂ ਖੁੱਲ੍ਹੀਆਂ ਸਨ, ਕਲੋਨੀਆ ਵਿਚ ਸਬਜ਼ੀਆਂ ਅਤੇ ਦੁੱਧ ਆਦਿ ਪਹੁੰਚਾਉਣ ਵਾਲਿਆਂ ਨੂੰ ਖੁੱਲ੍ਹ ਸੀ ਪਰ ਬਾਕੀ ਦੁਕਾਨਾਂ ਅਤੇ ਆਵਾਜਾਈ ਪੂਰੀ ਤਰ੍ਹਾਂ ਠੱਪ ਰਹੀ। ਇਕ ਸ਼ਹਿਰ ਤੋਂ ਦੂਜੇ ਸ਼ਹਿਰ ’ਚ ਜਾਣ ਲਈ ਈ-ਪਾਸ ਜ਼ਰੂਰੀ ਹੋਣਾ ਨਿਰਧਾਰਿਤ ਹੋਣ ਕਰ ਕੇ ਜੀਟੀ ਰੋਡ ’ਤੇ ਵੀ ਭਾਰੀ ਵਾਹਨਾਂ ਦੀ ਆਵਾਜਾਈ ਨਾਂਹ ਦੇ ਬਰਾਬਰ ਰਹੀ। ਸ਼ਹਿਰ ਦੇ ਭੀੜ ਭੜੱਕੇ ਵਾਲੇ ਚੌੜਾ ਬਾਜ਼ਾਰ, ਘੁਮਾਰ ਮੰਡੀ, ਜਵਾਹਰ ਨਗਰ ਕੈਂਪ, ਮਾਲ ਰੋਡ , ਫੀਲਡ ਗੰਜ ਆਦਿ ਬਾਜ਼ਾਰ ਵੀ ਸੁੰਨੇ ਪਏ ਸਨ।
ਸ਼ਹਿਰ ਦੇ ਮੁੱਖ ਚੌਕਾਂ ਵਿੱਚ ਪੁਲੀਸ ਤਾਇਨਾਤ ਕੀਤੀ ਹੋਈ ਸੀ। ਐਤਵਾਰ ਛੁੱਟੀ ਵਾਲਾ ਦਿਨ ਅਤੇ ਗਰਮੀ ਜ਼ਿਆਦਾ ਹੋਣ ਕਰ ਕੇ ਸ਼ਾਮ ਤੱਕ ਬਹੁਤੇ ਲੋਕਾਂ ਨੇ ਘਰਾਂ ਵਿਚ ਰਹਿਣਾ ਹੀ ਠੀਕ ਸਮਝਿਆ। ਦੂਜੇ ਪਾਸੇ, ਕਈ ਪੁਲੀਸ ਅਧਿਕਾਰੀਆਂ ਦਾ ਕਹਿਣਾ ਸੀ ਕਿ ਪਿਛਲੇ ਕਈ ਦਿਨਾਂ ਤੋਂ ਕਰੋਨਾ ਤੋਂ ਬਚਣ ਲਈ ਮਾਸਕ ਆਦਿ ਨਾ ਲਗਾਉਣ ਵਾਲਿਆਂ ਦੇ ਰੋਜ਼ਾਨਾ ਸੈਂਕੜੇ ਚਲਾਨ ਕੀਤੇ ਜਾ ਰਹੇ ਸਨ ਪਰ ਅੱਜ ਆਵਾਜਾਈ ਘੱਟ ਹੋਣ ਅਤੇ ਬਹੁਤੇ ਲੋਕ ਜਾਗਰੂਕ ਹੋ ਜਾਣ ਕਰ ਕੇ ਮਾਸਕ ਲਗਾ ਕੇ ਹੀ ਜ਼ਰੂਰੀ ਕੰਮਾਂ ’ਤੇ ਆ-ਜਾ ਰਹੇ ਸਨ ਜਿਸ ਕਰਕੇ ਨਾ ਮਾਤਰ ਹੀ ਚਲਾਨ ਕੀਤੇ ਗਏ ਹਨ।