ਨਵੀਂ ਦਿੱਲੀ: ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਨੇ ਅੱਜ ਦਿੱਲੀ ਪੁਲੀਸ ਨੂੰ ਜਿੱਥੇ ਇਕ ਪਾਸੇ ਸ਼ਰਾਰਤੀ ਅਨਸਰਾਂ ਤੋਂ ‘ਪੱਕੇ ਹੱਥੀਂ’ ਨਿਪਟਣ ਦਾ ਮਸ਼ਵਰਾ ਦਿੱਤਾ ਹੈ ਉੱਥੇ ਹੀ ਦੂਜੇ ਪਾਸੇ ਭੜਕਾਹਟ ਦੇ ਬਾਵਜੂਦ ਸ਼ਾਂਤ ਰਹਿਣ ਲਈ ਵੀ ਕਿਹਾ ਹੈ। ਉਹ ਇੱਥੇ ਦਿੱਲੀ ਪੁਲੀਸ ਦੇ 73ਵੇਂ ਸਥਾਪਨਾ ਦਿਵਸ ਸਬੰਧੀ ਸਮਾਰੋਹ ਨੂੰ ਸੰਬੋਧਨ ਕਰ ਰਹੇ ਸਨ। ਸ੍ਰੀ ਸ਼ਾਹ ਨੇ ਦਿੱਲੀ ਪੁਲੀਸ ਨੂੰ ਦੇਸ਼ ਤੇ ਦੁਨੀਆਂ ਵਿੱਚੋਂ ਮਹਾਂਨਗਰਾਂ ਦੀਆਂ ਪੁਲੀਸ ਫੋਰਸਾਂ ’ਚੋਂ ਮੋਹਰੀ ਅਤੇ ਬਿਨਾਂ ਕਿਸੇ ਅਸਫ਼ਲਤਾ ਤੋਂ ਹਾਲਾਤ ਖ਼ਰਾਬ ਕਰਨ ਵਾਲੀਆਂ ਕੋਸ਼ਿਸ਼ਾਂ ਨੂੰ ਅਸਫ਼ਲ ਕਰਨ ਵਾਲੀ ਕਰਾਰ ਦਿੱਤਾ ਹੈ। 1950 ਵਿੱਚ ਭਾਰਤ ਦੇ ਪਹਿਲੇ ਗ੍ਰਹਿ ਮੰਤਰੀ ਸਰਦਾਰ ਵੱਲਭਭਾਈ ਪਟੇਲ ਵੱਲੋਂ ਦਿੱਤੇ ਗਏ ਭਾਸ਼ਣ ਦਾ ਹਵਾਲਾ ਦਿੰਦਿਆਂ ਉਨ੍ਹਾਂ ਕਿਹਾ, ‘‘ਗੁੱਸੇ ਤੇ ਭੜਕਾਹਟ ਦੇ ਬਾਵਜੂਦ, ਦਿੱਲੀ ਪੁਲੀਸ ਨੂੰ ਸ਼ਾਂਤ ਰਹਿਣਾ ਚਾਹੀਦਾ ਹੈ ਪਰ ਨਾਲ ਹੀ ਲੋਕਾਂ ਦੀ ਸੁਰੱਖਿਆ ਯਕੀਨੀ ਬਣਾਉਣ ਲਈ ਸ਼ਰਾਰਤੀ ਅਨੁਸਰਾਂ ਨਾਲ ਪੱਕੇ ਹੱਥੀਂ ਨਜਿੱਠਣ ਲਈ ਵੀ ਤਿਆਰ ਰਹਿਣਾ ਚਾਹੀਦਾ ਹੈ। ਮੇਰਾ ਮੰਨਣਾ ਹੈ ਕਿ ਕਈ ਮੌਕਿਆਂ ’ਤੇ ਦਿੱਲੀ ਪੁਲੀਸ ਸਰਦਾਰ ਪਟੇਲ ਦੇ ਇਸ ਮਸ਼ਵਰੇ ’ਤੇ ਕੰਮ ਕਰਦੀ ਰਹੀ ਹੈ।’’
ਕੇਂਦਰੀ ਗ੍ਰਹਿ ਮੰਤਰੀ ਨੇ ਦਿੱਲੀ ਪੁਲੀਸ ਦੀ ਸ਼ਲਾਘਾ ਕਰਦਿਆਂ ਕਿਹਾ ਕਿ ਇਹ ਫੋਰਸ ਕਈ ਮੌਕਿਆਂ ਜਿਵੇਂ ਆਜ਼ਾਦੀ ਦਿਹਾੜੇ ਤੇ ਗਣਤੰਤਰ ਦਿਵਸ ਸਮਾਰੋਹ, ਤਿਓਹਾਰਾਂ ਤੇ ਵਿਦੇਸ਼ੀ ਸ਼ਖ਼ਸੀਅਤਾਂ ਦੇ ਦੌਰਿਆਂ ਦੌਰਾਨ ਸਰਕਾਰ ਦੀ ਮਦਦ ਕਰਦੀ ਰਹੀ ਹੈ। ਉਨ੍ਹਾਂ ਕਿਹਾ ਕਿ ਪੁਲੀਸ ਦੀ ਸਕਾਰਾਤਮਕ ਆਲੋਚਨਾ ਦਾ ਸਵਾਗਤ ਹੈ ਪਰ ਇਹ ਵੀ ਦਿਮਾਗ ’ਚ ਰੱਖਣਾ ਚਾਹੀਦਾ ਹੈ ਕਿ 35000 ਹਜ਼ਾਰ ਤੋਂ ਵੱਧ ਪੁਲੀਸ ਮੁਲਾਜ਼ਮਾਂ ਨੇ ਫ਼ਰਜ਼ ਅਦਾ ਕਰਦਿਆਂ ਆਪਣੀਆਂ ਜਾਨਾਂ ਦਿੱਤੀਆਂ ਹਨ।
ਸ੍ਰੀ ਸ਼ਾਹ ਨੇ 2001 ਵਿੱਚ ਸੰਸਦ ’ਤੇ ਹੋਏ ਦਹਿਸ਼ਤੀ ਹਮਲੇ ’ਚ ਸ਼ਹੀਦ ਹੋਏ ਦਿੱਲੀ ਪੁਲੀਸ ਦੇ ਪੰਜ ਮੁਲਾਜ਼ਮਾਂ ਅਤੇ ਬਾਟਲਾ ਹਾਊਸ ਮੁਕਾਬਲੇ ’ਚ ਸ਼ਹੀਦ ਹੋਏ ਇੰਸਪੈਕਟਰ ਐੱਮਸੀ ਸ਼ਰਮਾ ਨੂੰ ਸ਼ਰਧਾਂਜਲੀ ਵੀ ਭੇਟ ਕੀਤੀ। ਇਸ ਦੌਰਾਨ ਉਨ੍ਹਾਂ ਦਿੱਲੀ ਪੁਲੀਸ ਦੇ ਅਧਿਕਾਰੀਆਂ ਨੂੰ ਸ਼ਲਾਘਾਯੋਗ ਸੇਵਾਵਾਂ ਲਈ ਤਗ਼ਮੇ ਦੇ ਕੇ ਸਨਮਾਨਿਤ ਕੀਤਾ। ਸਮਾਗਮ ਵਿੱਚ ਦਿੱਲੀ ਦੇ ਉਪ-ਰਾਜਪਾਲ ਅਨਿਲ ਬੈਜਲ ਤੇ ਉਨ੍ਹਾਂ ਦੇ ਹਮਰੁਤਬਾ ਪੁੱਡੂਚੇਰੀ ਦੇ ਉਪ ਰਾਜਪਾਲ ਕਿਰਨ ਬੇਦੀ, ਦਿੱਲੀ ਪੁਲੀਸ ਦੇ ਕਮਿਸ਼ਨਰ ਅਮੁੱਲਿਆ ਪਟਨਾਇਕ ਤੋਂ ਇਲਾਵਾ ਹੋਰਨਾਂ ਏਜੰਸੀਆਂ ਦੇ ਉੱਚ ਅਧਿਕਾਰੀ ਵੀ ਹਾਜ਼ਰ ਸਨ।
INDIA ਸ਼ਰਾਰਤੀ ਅਨਸਰਾਂ ਨਾਲ ਸ਼ਾਂਤ ਰਹਿ ਕੇ ਨਜਿੱਠੇ ਦਿੱਲੀ ਪੁਲੀਸ: ਸ਼ਾਹ