ਚੰਡੀਗੜ੍ਹ ਪ੍ਰਸ਼ਾਸਨ ਨੂੰ 81 ਸ਼ਰਾਬ ਦੇ ਠੇਕਿਆਂ ਤੋਂ ਇਸ ਵਰ੍ਹੇ 343 ਕਰੋੜ ਰੁਪਏ ਦੀ ਕਮਾਈ ਹੋਵੇਗੀ ਅਤੇ ਧਨਾਸ ਦਾ ਠੇਕਾ ਇਕ ਵਾਰ ਮੁੜ ਸਭ ਤੋਂ ਮਹਿੰਗਾ 10.78 ਕਰੋੜ ਰੁਪਏ ਵਿੱਚ ਨਿਲਾਮ ਹੋਇਆ ਹੈ। ਯੂਟੀ ਦੇ ਆਬਕਾਰੀ ਅਤੇ ਕਰ ਵਿਭਾਗ ਵੱਲੋਂ ਅੱਜ ਈ-ਟੈਂਡਰਿੰਗ ਰਾਹੀਂ ਹੋਟਲ ਪਾਰਕਵਿਊ ਵਿਚ 81 ਸ਼ਰਾਬ ਦੇ ਠੇਕਿਆਂ ਦੀ ਨਿਲਾਮੀ ਕੀਤੀ ਗਈ ਤੇ ਧਨਾਸ ਦੇ ਸ਼ਰਾਬ ਦੇ ਠੇਕੇ ਦੀ ਬੋਲੀ ਸਭ ਤੋਂ ਵੱਧ ਚੜ੍ਹੀ। ਇਹ ਠੇਕਾ 10.78 ਕਰੋੜ ਰੁਪਏ ਦਾ ਵਿਕਿਆ ਜਦਕਿ ਇਸ ਦੀ ਰਾਖਵੀਂ ਕੀਮਤ 6.50 ਕਰੋੜ ਰੁਪਏ ਸੀ। ਇਹ ਠੇਕਾ ਕਮਲੇਸ਼ ਝਾਅ ਐਂਡ ਕੰਪਨੀ ਨੇ ਆਪਣੇ ਨਾਮ ਕੀਤਾ ਹੈ। ਇਸ ਤੋਂ ਇਲਾਵਾ ਦੋ ਹੋਰ ਠੇਕੇ ਅੱਠ ਕਰੋੜ ਰੁਪਏ ਤੋਂ ਵੱਧ ਦੇ ਨਿਲਾਮ ਹੋਏ। ਇਨ੍ਹਾਂ ਵਿਚੋਂ ਪਿੰਡ ਖੁੱਡਾ ਲਹੌਰਾ ਅਤੇ ਪਲਸੌਰਾ ਦੇ ਦੋਵੇਂ ਠੇਕੇ ਕਲੇਰ ਵਾਈਨ ਕੰਪਨੀ ਨੇ ਬੋਲੀ ਦੇ ਕੇ ਖਰੀਦੇ। ਇਸ ਤਰ੍ਹਾਂ ਸ਼ਰਾਬ ਦੇ 81 ਠੇਕਿਆਂ ਦੇ ਲਾਈਸੈਂਸਾਂ ਤੋਂ ਚੰਡੀਗੜ੍ਹ ਪ੍ਰਸ਼ਾਸਨ ਨੂੰ 343 ਕਰੋੜ ਰੁਪਏ ਦੀ ਕਮਾਈ ਹੋਵੇਗੀ। ਆਬਕਾਰੀ ਅਤੇ ਕਰ ਵਿਭਾਗ ਦੇ ਆਗੂ ਮਨਦੀਪ ਸਿੰਘ ਬਰਾੜ ਨੇ ਕਿਹਾ ਕਿ ਯੂਟੀ ਵਿਚ ਪਹਿਲੀ ਵਾਰ ਈ-ਟੈਂਡਰਿੰਗ ਰਾਹੀਂ ਸ਼ਰਾਬ ਦੇ ਠੇਕਿਆਂ ਦੀ ਨਿਲਾਮੀ ਕੀਤੀ ਗਈ ਹੈ। ਉਨ੍ਹਾਂ ਦੱਸਿਆ ਕਿ ਅਜੇ ਕੁਝ ਹੋਰ ਸ਼ਰਾਬ ਦੇ ਠੇਕਿਆਂ ਦੀ ਨਿਲਾਮੀ ਹੋਣੀ ਬਾਕੀ ਹੈ ਅਤੇ ਜਿਨ੍ਹਾਂ ਲਈ ਛੇਤੀ ਮਿਤੀਆਂ ਨਿਰਧਾਰਤ ਕੀਤੀਆਂ ਜਾਣਗੀਆਂ। ਪ੍ਰਾਪਤ ਜਾਣਕਾਰੀ ਅਨੁਸਾਰ ਪਿੰਡ ਖੁੱਡਾ ਲਹੌਰਾ ਦੇ ਸ਼ਰਾਬ ਦੇ ਠੇਕੇ ਦੀ ਰਾਖਵੀਂ ਕੀਮਤ 5.25 ਕਰੋੜ ਰੁਪਏ ਸੀ ਅਤੇ ਇਸ ਦੀ ਬੋਲੀ 8.55 ਕਰੋੜ ਰੁਪਏ ਲੱਗੀ ਹੈ। ਪਿੰਡ ਪਲਸੌਰਾ ਦੇ ਸ਼ਰਾਬ ਦੇ ਠੇਕੇ ਦੀ ਰਾਖਵੀਂ ਕੀਮਤ 2.50 ਕਰੋੜ ਰੁਪਏ ਸੀ ਅਤੇ ਇਸ ਦੀ ਬੋਲੀ 8.55 ਕਰੋੜ ਰੁਪਏ ਚੜ੍ਹੀ। ਇਸੇ ਤਰਾਂ ਸੈਕਟਰ-9 ਇੰਟਰਨੈੱਟ ਮਾਰਕੀਟ ਵਿਚਲੇ ਸ਼ਰਾਬ ਦੇ ਠੇਕੇ ਦੀ ਰਾਖਵੀਂ ਕੀਮਤ 3.10 ਕਰੋੜ ਰੁਪਏ ਸੀ ਅਤੇ ਇਸ ਦੀ ਬੋਲੀ 6 ਕਰੋੜ ਰੁਪਏ ਦੀ ਲੱਗੀ। ਸੈਕਟਰ-11 ਮਾਰਕੀਟ ਵਿਚਲੇ ਸ਼ਰਾਬ ਦੇ ਠੇਕੇ ਦੀ ਰਾਖਵੀਂ ਕੀਮਤ 4.50 ਕਰੋੜ ਰੁਪਏ ਸੀ ਅਤੇ ਇਸ ਠੇਕੇ ਦੀ ਨਿਲਾਮੀ 6.30 ਕਰੋੜ ਰੁਪਏ ਵਿੱਚ ਹੋਈ। ਦੱਸਣਯੋਗ ਹੈ ਕਿ ਚੰਡੀਗੜ੍ਹ ਵਿਚ ਪੰਜਾਬ ਤੇ ਹਰਿਆਣਾ ਨਾਲੋਂ ਸ਼ਰਾਬ ਸਸਤੀ ਹੁੰਦੀ ਹੈ ਤੇ ਸ਼ਹਿਰ ਵਿਚੋਂ ਹੋਰ ਕਈ ਰਾਜਾਂ ਵਿਚ ਸ਼ਰਾਬ ਦੀ ਸਮਗਲਿੰਗ ਵੀ ਹੁੰਦੀ ਹੈ। ਇਸ ਕਾਰਨ ਹਰੇਕ ਸਾਲ ਠੇਕਿਆਂ ਦੀ ਬੋਲੀ ਪਹਿਲਾਂ ਤੋਂ ਵੱਧ ਹੀ ਜਾਂਦੀ ਹੈ। ਚੰਡੀਗੜ੍ਹ ਪੁਲੀਸ ਅਕਸਰ ਨਾਜਾਇਜ਼ ਢੰਗ ਨਾਲ ਹੋਰਨਾਂ ਰਾਜਾਂ ਵਿਚ ਜਾਂਦੀ ਸ਼ਰਾਬ ਨੂੰ ਫੜਦੀ ਹੈ ਪਰ ਇਸ ਦੇ ਬਾਵਜੂਦ ਤਸਕਰੀ ਜਾਰੀ ਰਹਿੰਦੀ ਹੈ। ਲੋਕ ਸਭਾ ਚੋਣਾਂ ਦੌਰਾਨ ਸ਼ਰਾਬ ਦੀ ਤਸਕਰੀ ਰੋਕਣ ਲਈ ਪੁਲੀਸ ਅਤੇ ਆਬਕਾਰੀ ਵਿਭਾਗ ਨੇ ਗਸ਼ਤ ਵਧਾ ਦਿੱਤੀ ਹੈ।
INDIA ਸ਼ਰਾਬ ਦੇ 81 ਠੇਕਿਆਂ ਦੀ 343 ਕਰੋੜ ਰੁਪਏ ’ਚ ਨਿਲਾਮੀ