ਸ਼ਰਾਬ ਠੇਕੇਦਾਰਾਂ ਖ਼ਿਲਾਫ਼ ਸੜਕਾਂ ’ਤੇ ਆਏ ਕਲਿਆਣ ਸੁੱਖਾ ਵਾਸੀ

ਸ਼ਰਾਬ ਠੇਕੇਦਾਰਾਂ ਦੇ ਕਰਿੰਦਿਆਂ ਦੀਆਂ ਕਥਿਤ ਵਧੀਕੀਆਂ ਖਿਲਾਫ਼ ਪਿੰਡ ਕਲਿਆਣ ਸੁੱਖਾ ਦੇ ਲੋਕਾਂ ਨੇ ਅੱਜ ਦੁਪਹਿਰ ਤੋਂ ਨਥਾਣਾ ਭਗਤਾ ਮੁੱਖ ਸੜਕ ‘ਤੇ ਜਾਮ ਲਾ ਕੇ ਆਵਾਜਾਈ ਠੱਪ ਕੀਤੀ। ਧਰਨੇ ‘ਚ ਇਕੱਠੇ ਹੋਏ ਲੋਕਾਂ ਦਾ ਕਹਿਣਾ ਸੀ ਕਿ ਸ਼ਰਾਬ ਠੇਕੇਦਾਰ ਦੇ ਕਰਿੰਦੇ ਦਿਨ ਸਮੇਂ ਗੱਡੀਆਂ ਅਤੇ ਪੁਲੀਸ ਨੂੰ ਲੈ ਕੇ ਘਰਾਂ ‘ਚ ਛਾਪੇ ਮਾਰ ਕੇ ਲੋਕਾਂ ਨੂੰ ਬੇਲੋੜਾ ਪ੍ਰੇਸ਼ਾਨ ਕਰਦੇ ਹਨ।
ਜ਼ਿਕਰਯੋਗ ਹੈ ਕਿ ਠੇਕੇਦਾਰ ਦੇ ਕਰਿੰਦਿਆਂ ਨੇ ਪੁਲੀਸ ਨੂੰ ਨਾਲ ਲੈ ਕੇ ਪਿੰਡ ਕਲਿਆਣ ਸੁੱਖਾ ਦੇ ਗੁਰਪ੍ਰੀਤ ਸਿੰਘ ਪੁੱਤਰ ਮੰਗੂ ਸਿੰਘ ਦੇ ਘਰੋਂ ਕੱਲ੍ਹ ਸ਼ਰਾਬ ਦੀ ਚਾਲੂ ਭੱਠੀ ਅਤੇ 150 ਕਿਲੋ ਲਾਹਣ, 20 ਲਿਟਰ ਨਜਾਇਜ਼ ਸ਼ਰਾਬ ਫੜੀ ਸੀ। ਗੁਰਪ੍ਰੀਤ ਸਿੰਘ ਖਿਲਾਫ਼ ਸਥਾਨਕ ਪੁਲੀਸ ਨੇ ਕੇਸ ਦਰਜ ਕੀਤਾ ਹੈ। ਇਹ ਕੇਸ ਰੱਦ ਕਰਵਾਉਣ ਅਤੇ ਸ਼ਰਾਬ ਦੇ ਠੇਕੇ ਆਬਾਦੀ ਵਿਚੋਂ ਬਾਹਰ ਕੱਢਣ ਦੀ ਮੰਗ ਨੂੰ ਲੈ ਕੇ ਇਹ ਧਰਨਾ ਦਿੱਤਾ ਗਿਆ ਸੀ। ਠੇਕੇਦਾਰਾਂ ਦਾ ਕਹਿਣਾ ਹੈ ਕਿ ਦੀਵਾਲੀ ਦੇ ਤਿਉਹਾਰ ਮੌਕੇ ਪਿੰਡ ਕਲਿਆਣ ਸੁੱਖਾ ‘ਚ ਵੱਡੀ ਮਾਤਰਾ ‘ਚ ਦੇਸੀ ਸ਼ਰਾਬ ਕੱਢ ਕੇ ਵੇਚੀ ਜਾ ਰਹੀ ਹੈ ਜਿਸ ਨਾਲ ਉਨ੍ਹਾਂ ਨੂੰ ਆਰਥਿਕ ਘਾਟਾ ਪੈ ਰਿਹਾ ਹੈ।
ਚਾਰ ਮਹੀਨੇ ਪਹਿਲਾਂ ਵੀ ਪਿੰਡ ਵਾਸੀਆਂ ਨੇ ਇਸ ਤਰ੍ਹਾਂ ਦੇ ਮੁੱਦੇ ਨੂੰ ਲੈ ਕੇ ਜਾਮ ਲਾਇਆ ਸੀ। ਉਸ ਸਮੇਂ ਠੇਕੇਦਾਰਾਂ ਨੇ ਪਿੰਡ ਵਿੱਚ ਛਾਪੇ ਨਾ ਮਾਰਨ ਅਤੇ ਸ਼ਰਾਬ ਦੇ ਠੇਕੇ ਆਬਾਦੀ ਖੇਤਰ ਵਿੱਚੋਂ ਬਾਹਰ ਕੱਢਣ ਦਾ ਭਰੋਸਾ ਦਿੱਤਾ ਸੀ। ਠੇਕੇਦਾਰਾਂ ਦਾ ਕਹਿਣਾ ਹੈ ਕਿ ਇਸ ਉਪਰੰਤ ਦੇਸੀ ਸ਼ਰਾਬ ਵਧੇਰੇ ਮਾਤਰਾ ‘ਚ ਤਿਆਰ ਹੋਣ ਲੱਗੀ , ਜਿਸ ਕਾਰਨ ਪੁਲੀਸ ਫੜੋ ਫੜੀ ਕਰ ਰਹੀ ਹੈ। ਨਾਇਬ ਤਹਿਸੀਲਦਾਰ ਸੁਰਿੰਦਰ ਕੁਮਾਰ ਅਤੇ ਪੁਲੀਸ ਅਧਿਕਾਰੀਆਂ ਦੀ ਧਰਨਾਕਾਰੀਆਂ ਨਾਲ ਦੇਰ ਸ਼ਾਮ ਤੱਕ ਚੱਲੀ ਗੱਲਬਾਤ ਦਾ ਕੋਈ ਠੋਸ ਨਤੀਜਾ ਨਾ ਨਿਕਲਿਆ। ਆਖਰ ਸ਼ੁੱਕਰਵਾਰ ਨੂੰ ਮੁੜ ਗੱਲਬਾਤ ਕਰਵਾਉਣ ਅਤੇ ਸਮੱਸਿਆ ਦੇ ਸਥਾਈ ਹੱਲ ਦੇ ਭਰੋਸੇ ਉਪਰੰਤ ਇੱਕ ਵਾਰ ਇਹ ਧਰਨਾ ਸਮਾਪਤ ਕਰ ਦਿੱਤਾ ਗਿਆ।

Previous articleਲੋਕਾਂ ਨੇ ‘ਸੱਤਾ ਦੇ ਘਮੰਡ’ ਨੂੰ ਨਕਾਰਿਆ: ਪਵਾਰ
Next articleਮੁੱਖ ਮੰਤਰੀ ਨੇ ਪ੍ਰਕਾਸ਼ ਪੁਰਬ ਮਾਰਗ ਦਾ ਨੀਂਹ ਪੱਥਰ ਰੱਖਿਆ