ਜਦੋਂ ਚੋਰ ਮੋਹਰੀਆਂ ਰਾਹੀਂ ਠੇਕਿਆਂ ਤੇ ਵਿਕਦੀ ਰਹੀਂ ਸ਼ਰਾਬ
ਪ੍ਸ਼ਾਸ਼ਨ ਦੀ ਮਿਲੀਭੁਗਤ ਨਾਲ ਹੀ ਚੱਲ ਰਿਹਾ ਹੈ ਧੰਦਾ-ਚੀਮਾ
ਹੁਸੈਨਪੁਰ (ਕੌੜਾ) (ਸਮਾਜ ਵੀਕਲੀ) : ਸ਼ਰਾਬ ਦੇ ਠੇਕੇਦਾਰਾਂ ਨੇ ਪੂਰਨ ਤੌਰ ਤੇ ਠਾਣ ਲਈ ਹੈ ਕਿ ਉਹ ਪੰਜਾਬ ਸਰਕਾਰ ਵੱਲੋਂ ਲੱਗੇ ਕਰਫਿਊ ਦੇ ਨਿਯਮਾਂ ਨੂੰ ਪੈਰਾਂ ਹੇਠਾਂ ਇੰਝ ਹੀ ਰੋਲਦੇ ਰਹਿਣਗੇ। ਅੱਜ ਜਦੋਂ ਪੱਤਰਕਾਰਾਂ ਨੇ ਵੇਖਿਆ ਕਿ ਕਿਵੇਂ ਕਰਫਿਊ ਦੇ ਸਮੇਂ ਦੌਰਾਨ ਸ਼ਰਾਬ ਦੇ ਠੇਕਿਆਂ ਦੇ ਭਾਵੇ ਸ਼ਟਰ ਬੰਦ ਸਨ ਪਰ ਸ਼ਟਰ ਦੇ ਹੇਠਾਂ ਦੀ ਥੋੜਾ ਜਿਹਾ ਥਾਂ ਬਣਾਕੇ ਆਮ ਹੀ ਲੋਕਾਂ ਨੂੰ ਸ਼ਰਾਬ ਵੇਚੀ ਜਾ ਰਹੀ ਸੀ।ਸਿਰਫ ਠੇਕੇ ਦਾ ਸ਼ਟਰ ਬੰਦ ਕਰਨਾ ਮਹਿਜ ਵਿਖਾਵਾ ਹੀ ਸੀ।
ਸ਼ਰਾਬ ਤਾਂ ਚੋਰ ਮੋਹਰੀਆਂ ਰਾਹੀਂ ਵੇਚੀ ਜਾ ਰਹੀ ਸੀ। ਜਦੋਂ ਪੱਤਰਕਾਰਾਂ ਵੱਲੋਂ ਇਸ ਬਾਬਤ ਅਕਾਲੀ ਆਗੂ ਅਰਜਨ ਐਵਾਰਡੀ ਸੱਜਣ ਸਿੰਘ ਚੀਮਾ ਨਾਲ ਗੱਲਬਾਤ ਕੀਤੀ ਗਈ ਤਾਂ ਉਨ੍ਹਾਂ ਗੰਭੀਰ ਤੇ ਕਥਿਤ ਦੋਸ਼ ਲਗਾਉਦੇ ਹੋਏ ਆਖਿਆ ਕਿ ਜੋ ਵੀ ਇਹ ਸਾਰਾ ਧੰਦਾ ਚੱਲ ਰਿਹਾ ਹੈ ਇਹ ਪ੍ਸ਼ਾਸ਼ਨ ਦੀ ਮਿਲੀਭੁਗਤ ਨਾਲ ਹੀ ਚੱਲ ਰਿਹਾ ਹੈ।ਉਨ੍ਹਾਂ ਕਿਹਾ ਕਿ ਜੇਕਰ ਕਿਸੇ ਆਮ ਦੁਕਾਨਦਾਰ ਨੇ ਇਸ ਤਰ੍ਹਾਂ ਸ਼ਰੇਆਮ ਕਾਨੂੰਨ ਦੀਆਂ ਧੱਜੀਆਂ ਉਡਾਈਆਂ ਹੁੰਦੀਆਂ ਤਾਂ ਸੁਲਤਾਨਪੁਰ ਲੋਧੀ ਦੇ ਪ੍ਸ਼ਾਸ਼ਨ ਨੇ ਹੁਣ ਤੱਕ ਹਰਕਤ ਵਿੱਚ ਆ ਜਾਣਾ ਸੀ ਪਰ ਸ਼ਰਾਬ ਦੇ ਠੇਕੇਦਾਰਾਂ ਨਾਲ ਲਿਹਾਜ ਹੋਣ ਕਾਰਨ ਕੋਈ ਕਾਰਵਾਈ ਨਹੀਂ ਕੀਤੀ ਜਾਵੇਗੀ।
ਇਸ ਮਸਲੇ ਤੇ ਜਦੋਂ ਐਸ.ਐਚ.ਓ ਇੰਸਪੈਕਟਰ ਸਰਬਜੀਤ ਸਿੰਘ ਨਾਲ ਗੱਲਬਾਤ ਕੀਤੀ ਗਈ ਤਾਂ ਉਨ੍ਹਾਂ ਪੱਤਰਕਾਰਾਂ ਨੂੰ ਮੌਕੇ ਦੀਆਂ ਤਸਵੀਰਾਂ ਭੇਜਣ ਨੂੰ ਕਿਹਾ ਅਤੇ ਤਸਵੀਰਾਂ ਭੇਜਣ ਉਪਰੰਤ ਕਾਰਵਾਈ ਕਰਨ ਦਾ ਭਰੋਸਾ ਦਿੱਤਾ।