(ਸਮਾਜ ਵੀਕਲੀ)
ਜਿਵੇਂ – ਜਿਵੇਂ ਸਮਾਂ ਬਤੀਤ ਹੁੰਦਾ ਹੈ , ਕਈ ਤਰ੍ਹਾਂ ਦੀਆਂ ਨਵੀਂਆਂ – ਨਵੀਂਆਂ ਵਸਤਾਂ ਸਾਡੇ ਜੀਵਨ ਵਿੱਚ ਆਉਂਦੀਆਂ ਹਨ ਤੇ ਕਈ ਚੀਜ਼ਾਂ ਸਮੇਂ ਦੀ ਤੋਰ ਦੇ ਨਾਲ – ਨਾਲ ਸਾਡੇ ਜੀਵਨ ਤੇ ਸਾਡੇ ਸੱਭਿਆਚਾਰ ‘ਚੋਂ ਅਲੋਪ ਹੋ ਜਾਂਦੀਆਂ ਹਨ। ਅਜਿਹੀਆਂ ਰੋਜ਼ਮਰਾ ਜੀਵਨ ਵਿੱਚ ਵਰਤੋਂ ਵਿਚ ਆਉਣ ਵਾਲੀਆਂ ਵਸਤਾਂ ਨੂੰ ਯਾਦ ਕਰਦਿਆਂ ਸੁਰਮੇਦਾਨੀ ਵੀ ਜ਼ਿਹਨ ‘ਚ ਆ ਜਾਂਦੀ ਹੈ। ਅੱਜ ਤੋਂ ਲਗਭੱਗ ਵੀਹ – ਪੱਚੀ ਸਾਲ ਪਹਿਲਾਂ ਔਰਤਾਂ ਆਪਣੀਆਂ ਅੱਖਾਂ ਦੀ ਖੂਬਸੂਰਤੀ ਵਧਾਉਣ ਲਈ ਸੁਰਮੇ ਦੀ ਵਰਤੋਂ ਕਰਦੀਆਂ ਸਨ। ਸੁਰਮਾ ਪੱਥਰ ਦੀ ਇੱਕ ਡਲੀ ਜਿਹੀ ਹੁੰਦੀ ਸੀ , ਜਿਸ ਨੂੰ ਪੁਰਾਤਨ ਸਮੇਂ ਵਿੱਚ ਔਰਤਾਂ ਸਿੱਲਵੱਟੇ ਆਦਿ ‘ਤੇ ਮਹੀਨਾ – ਮਹੀਨਾ ਭਰ ਪੀਸ ਕੇ ਬਰੀਕ ਕਰ ਲੈਂਦੀਆਂ ਸਨ।
ਇਸ ਸੁਰਮੇ ਨੂੰ ਜਿਸ ਬਰਤਨ ‘ਚ ਰੱਖਿਆ ਜਾਂਦਾ ਸੀ , ਉਸ ਨੂੰ ਸੁਰਮੇਦਾਨੀ ਆਖਦੇ ਸਨ। ਇਸ ਸੁਰਮੇ ਨੂੰ ਔਰਤਾਂ ਸਲਾਈ ਜਾਂ ਸੁਰਮਚੂ ਨਾਲ ਅੱਖਾਂ ‘ਚ ਪਾਉਂਦੀਆਂ ਸਨ। ਲੋਕਾਂ ਨੇ ਆਪੋ – ਆਪਣੀ ਘਰੇਲੂ ਆਰਥਿਕ ਸਥਿਤੀ ਅਨੁਸਾਰ ਸੁਰਮੇਦਾਨੀਆਂ ਵੀ ਪਿੱਤਲ , ਚਾਂਦੀ ਤੇ ਹੋਰ ਧਾਤਾਂ ਦੀਆਂ ਰੱਖੀਆਂ ਹੁੰਦੀਆਂ ਸਨ। ਸੁਰਮੇਦਾਨੀ ਦਾਜ ਤੇ ਹਰ ਸੁਹਾਗਣ ਦੀ ਸੁਹਾਗ ਪਟਾਰੀ ਦਾ ਅਹਿਮ ਹਿੱਸਾ ਹੁੰਦੀ ਸੀ। ਔਰਤਾਂ ‘ਚ ਧਾਰੀ ਬੰਨ੍ਹ ਸੁਰਮਾ ਤੇ ਪੂਛਾਂ ਵਾਲਾ ਸੁਰਮਾ ਅੱਖਾਂ ‘ਚ ਲਾਉਣ ਦਾ ਬਹੁਤ ਸ਼ੌਕ ਹੁੰਦਾ ਸੀ। ਉਦੋਂ ਮੇਲਿਆਂ ‘ਚ ਵੀ ਸੁਰਮੇਦਾਨੀਆਂ ਆਮ ਵੇਚੀਆਂ ਅਤੇ ਖਰੀਦੀਆਂ ਜਾਂਦੀਆਂ ਸਨ।
ਸੁਰਮੇਦਾਨੀ ਹਰ ਔਰਤ ਦੀ ਜਿੰਦ – ਜਾਨ ਹੁੰਦੀ ਸੀ। ਸਿੰਧੂ ਘਾਟੀ ਸੱਭਿਅਤਾ ਦੀ ਹੋਈ ਖੁਦਾਈ ਸਮੇਂ ਸੁਰਮੇਦਾਨੀ ਅਤੇ ਸਲਾਈਆਂ ਦਾ ਮਿਲਣਾ ਸੁਰਮੇਦਾਨੀ ਦੀ ਮਹੱਤਤਾ ਨੂੰ ਦਰਸਾਉਂਦਾ ਹੈ। ਪੰਜਾਬੀ ਸੱਭਿਆਚਾਰ , ਵਿਰਸੇ , ਲੋਕ ਗੀਤਾਂ , ਬੋਲੀਆਂ ਆਦਿ ਵਿੱਚ ਸੁਰਮੇਦਾਨੀ ਦੀ ਖ਼ਾਸ ਮਹੱਤਤਾ ਰਹੀ ਹੈ , ਜਿਵੇਂ :
” ਗੋਰਾ ਰੰਗ ਸ਼ਰਬਤੀ ਅੱਖੀਆਂ ,
ਸੁਰਮੇ ਨਾਲ ਸਜਾਈਆਂ ।
ਤੇ
” ਬਿੱਲੀਆਂ ਅੱਖਾਂ ਨੂੰ
ਸੁਰਮਾ ਕਹਿਰ ਦੀ ਗੋਲ਼ੀ ।”
ਸਾਡੇ ਅਨੇਕਾਂ ਰਸਮ – ਰਿਵਾਜ ਸੁਰਮੇ ਤੇ ਸੁਰਮੇਦਾਨੀ ਨਾਲ ਸਬੰਧਿਤ ਹਨ , ਜਿਵੇਂ ਕਿ ਸੁਰਮਾ ਪਵਾਈ ਤੇ ਅੱਖ ਸਲਾਈ ਆਦਿ ਦੀ ਰਸਮ। ਪੁਰਾਣੇ ਸਮੇਂ ‘ਚ ਕੇਵਲ ਵਿਆਹ ਸਮੇਂ ਹੀ ਕੁੜੀ ਨੂੰ ਸੁਰਮਾ ਪਾਉਣ ਦੀ ਇਜਾਜ਼ਤ ਦਿੱਤੀ ਜਾਂਦੀ ਸੀ। ਅਥਰਵਵੇਦ ਵਿੱਚ ਵੀ ਲਾੜਾ – ਲਾੜੀ ਦੀਆਂ ਅੱਖਾਂ ‘ਚ ਸੁਰਮਾ ਪਾਉਣ ਦੀ ਗੱਲ ਦਾ ਜ਼ਿਕਰ ਆਉਂਦਾ ਹੈ। ਪਹਿਲੇ ਸਮਿਆਂ ‘ਚ ਸੁਹਾਗਣਾਂ ਭਾਂਤ – ਭਾਂਤ ਦੇ ਡਿਜ਼ਾਈਨ ਬਣਾ ਕੇ ਅੱਖਾਂ ‘ਚ ਸੁਰਮਾ ਪਾਉਂਦੀਆਂ ਸਨ ਤੇ ਠੋਡੀ ‘ਤੇ ਤਿਲ ਵੀ ਇਸ ਨਾਲ ਬਣਾਉਂਦੀਆਂ ਸਨ।
ਸਮੇਂ ਦੀ ਤੋਰ ਦੇ ਨਾਲ – ਨਾਲ ਅੱਜ ਸੁਰਮੇਦਾਨੀ ਸਾਡੇ ਘਰਾਂ ‘ਚੋਂ ਅਲੋਪ ਹੀ ਹੋ ਗਈ ਹੈ। ਅੱਜ ਪੈਨਸਿਲ ਵਾਲਾ ਸੁਰਮਾ ਜਾਂ ਦ੍ਰਵ ਸੁਰਮਾ ਆਦਿ ਹੋਂਦ ‘ਚ ਆ ਗਏ ਹਨ। ਅੱਜ ਸੁੰਦਰਤਾ ਵਧਾਉਣ ਦੀਆਂ ਦੁਕਾਨਾਂ ਤੇ ਨਵੇਂ ਦੌਰ ਦੇ ਮੇਕਅੱਪ ਦੀ ਆਮਦ ਨਾਲ ਸੁਰਮੇਦਾਨੀ ਕੇਵਲ ਵਿਰਸੇ ਦਾ ਪ੍ਰਤੀਕ ਬਣ ਕੇ ਰਹਿ ਗਈ ਹੈ , ਪਰ ਆਪਣੇ ਜ਼ਿਹਨ ‘ਚ ਰਚੀਆਂ – ਵਸੀਆਂ ਵਿਰਸੇ ਦੀਆਂ ਵਸਤਾਂ ਨੂੰ ਭੁਲਾਉਣਾ ਸੌਖਾ ਨਹੀਂ ਹੁੰਦਾ।
ਲੇਖਕ ਮਾਸਟਰ ਸੰਜੀਵ ਧਰਮਾਣੀ
ਸ੍ਰੀ ਅਨੰਦਪੁਰ ਸਾਹਿਬ
9478561356
‘ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly