ਸ਼ਮੀ ਤੇ ਮਯੰਕ ਨੇ ਹਾਸਲ ਕੀਤੀ ਕਰੀਅਰ ਦੀ ਸਰਬੋਤਮ ਰੈਂਕਿੰਗ

ਦੁਬਈ  : ਬੰਗਲਾਦੇਸ਼ ਖ਼ਿਲਾਫ਼ ਇੰਦੌਰ ਵਿਚ ਪਹਿਲੇ ਟੈਸਟ ਵਿਚ ਭਾਰਤ ਦੀ ਪਾਰੀ ਤੇ 130 ਦੌੜਾਂ ਦੀ ਜਿੱਤ ਵਿਚ ਅਹਿਮ ਯੋਗਦਾਨ ਦੇਣ ਤੋਂ ਬਾਅਦ ਤੇਜ਼ ਗੇਂਦਬਾਜ਼ ਮੁਹੰਮਦ ਸ਼ਮੀ ਤੇ ਸਲਾਮੀ ਬੱਲੇਬਾਜ਼ ਮਯੰਕ ਅਗਰਵਾਲ ਨੇ ਐਤਵਾਰ ਨੂੰ ਜਾਰੀ ਹੋਈ ਤਾਜ਼ਾ ਆਈਸੀਸੀ ਟੈਸਟ ਰੈਂਕਿੰਗ ਵਿਚ ਆਪਣੇ ਕਰੀਅਰ ਦਾ ਸਰਬੋਤਮ ਸਥਾਨ ਹਾਸਲ ਕੀਤਾ ਹੈ। ਸ਼ਮੀ ਨੇ ਪਹਿਲੇ ਟੈਸਟ ਦੀ ਪਹਿਲੀ ਪਾਰੀ ਵਿਚ 27 ਦੌੜਾਂ ਦੇ ਕੇ ਤਿੰਨ ਵਿਕਟਾਂ ਤੇ ਦੂਜੀ ਪਾਰੀ ਵਿਚ 31 ਦੌੜਾਂ ਦੇ ਕੇ ਚਾਰ ਵਿਕਟਾਂ ਆਪਣੇ ਨਾਂ ਕੀਤੀਆਂ ਸਨ। ਆਪਣੇ ਇਸ ਪ੍ਰਦਰਸ਼ਨ ਦੀ ਬਦੌਲਤ ਉਨ੍ਹਾਂ ਨੂੰ ਅੱਠ ਸਥਾਨ ਦਾ ਫ਼ਾਇਦਾ ਹੋਇਆ ਤੇ ਉਹ ਸੱਤਵੇਂ ਸਥਾਨ ‘ਤੇ ਪੁੱਜ ਗਏ। ਹੁਣ ਉਨ੍ਹਾਂ ਦੇ 790 ਰੇਟਿੰਗ ਅੰਕ ਹੋ ਗਏ ਹਨ। ਇਸ ਮਾਮਲੇ ਵਿਚ ਸਿਰਫ਼ ਕਪਿਲ ਦੇਵ (877) ਤੇ ਜਸਪ੍ਰਰੀਤ ਬੁਮਰਾਹ (832) ਹੀ ਉਨ੍ਹਾਂ ਤੋਂ ਅੱਗੇ ਹਨ। ਭਾਰਤ ਦੀ ਇੱਕੋ ਇਕ ਪਾਰੀ ਵਿਚ 243 ਦੌੜਾਂ ਦੀ ਦੋਹਰੇ ਸੈਂਕੜੇ ਵਾਲੀ ਪਾਰੀ ਖੇਡ ਕੇ ਮੈਨ ਆਫ ਦ ਮੈਚ ਬਣਨ ਵਾਲੇ ਮਯੰਕ ਹਾਲਾਂਕਿ 11ਵੇਂ ਸਥਾਨ ‘ਤੇ ਹਨ। 28 ਸਾਲ ਦਾ ਇਹ ਬੱਲੇਬਾਜ਼ ਕਰੀਅਰ ਦੇ ਸ਼ੁਰੂਆਤੀ ਅੱਠ ਮੈਚਾਂ ਵਿਚ 858 ਦੌੜਾਂ ਬਣਾਉਣ ਤੋਂ ਬਾਅਦ 691 ਰੇਟਿੰਗ ਅੰਕਾਂ ‘ਤੇ ਪੁੱਜ ਗਿਆ ਹੈ। ਆਪਣੇ ਸ਼ੁਰੂਆਤੀ ਅੱਠ ਟੈਸਟ ਮੈਚਾਂ ਵਿਚ ਮਯੰਕ ਤੋਂ ਜ਼ਿਆਦਾ ਦੌੜਾਂ ਸਿਰਫ਼ ਸੱਤ ਬੱਲੇਬਾਜ਼ਾਂ ਨੇ ਬਣਾਈਆਂ ਹਨ ਜਿਨ੍ਹਾਂ ਵਿਚ ਡਾਨ ਬਰੈਡਮੈਨ (1210), ਏਵਰਟਨ ਵੀਕਸ (968), ਸੁਨੀਲ ਗਾਵਸਕਰ (938), ਮਾਰਕ ਟੇਲਰ (906), ਜਾਰਜ ਹੈਡਲੀ (904), ਫਰੈਂਕ ਵਾਰੇਲ (890) ਤੇ ਹਰਬਰਟ ਸਟਕਲਿਫ (872) ਸ਼ਾਮਲ ਹਨ। ਭਾਰਤ ਦੇ ਚਾਰ ਬੱਲੇਬਾਜ਼ ਚੋਟੀ ਦੇ 10 ਵਿਚ ਸ਼ਾਮਲ ਹਨ ਜਿਨ੍ਹਾਂ ਵਿਚ ਕਪਤਾਨ ਵਿਰਾਟ ਕੋਹਲੀ ਦੂਜੇ, ਚੇਤੇਸ਼ਵਰ ਪੁਜਾਰਾ ਚੌਥੇ, ਅਜਿੰਕੇ ਰਹਾਣੇ ਪੰਜਵੇਂ ਤੇ ਰੋਹਿਤ ਸ਼ਰਮਾ 10ਵੇਂ ਨੰਬਰ ‘ਤੇ ਹਨ। ਭਾਰਤ ਲਈ ਹੋਰ ਮਹੱਤਵਪੂਰਨ ਪ੍ਰਦਰਸ਼ਨਾਂ ਵਿਚ ਹਰਫ਼ਨਮੌਲਾ ਰਵਿੰਦਰ ਜਡੇਜਾ ਨੂੰ ਚਾਰ ਸਥਾਨ ਦਾ ਫ਼ਾਇਦਾ ਹੋਇਆ ਤੇ ਉਹ ਬੱਲੇਬਾਜ਼ਾਂ ਦੀ ਸੂਚੀ ਵਿਚ ਸਾਂਝੇ ਤੌਰ ‘ਤੇ 35ਵੇਂ ਸਥਾਨ ‘ਤੇ ਪੁੱਜ ਗਏ ਹਨ ਜਦਕਿ ਤੇਜ਼ ਗੇਂਦਬਾਜ਼ ਇਸ਼ਾਂਤ ਸ਼ਰਮਾ ਤੇ ਉਮੇਸ਼ ਯਾਦਵ ਇਕ ਇਕ ਸਥਾਨ ਦੇ ਫ਼ਾਇਦੇ ਨਾਲ ਕ੍ਰਮਵਾਰ 20ਵੇਂ ਤੇ 22ਵੇਂ ਸਥਾਨ ‘ਤੇ ਪੁੱਜ ਗਏ ਹਨ। ਆਫ ਸਪਿੰਨਰ ਰਵੀਚੰਦਰਨ ਅਸ਼ਵਿਨ ਵੀ ਚੋਟੀ ਦੇ 10 ਗੇਂਦਬਾਜ਼ਾਂ ਦੀ ਸੂਚੀ ਵਿਚ ਹਨ ਜਦਕਿ ਹਰਫ਼ਨਮੌਲਾ ਦੀ ਸੂਚੀ ਵਿਚ ਉਹ ਮੁੜ ਚੌਥੇ ਸਥਾਨ ‘ਤੇ ਪੁੱਜ ਗਏ ਹਨ।

Previous article62 illegal immigrants deported by Libya
Next articleBattle with Israel “not over” despite ceasefire: Hamas chief