ਸ਼ਮਾਂ – ਏ – ਤਾਲੀਮ : ” ਸਵਾਗਤ ਜ਼ਿੰਦਗੀ

(ਸਮਾਜ ਵੀਕਲੀ)

” ਇਮਮ ਜੀਵੇਭੇਯਾ ਪਰਿਧਿਮ ਦਧਾਮੀ
ਮੈਛਾਮ ਨੂ ਗਾਦਪਰੋ ਅਰਥਮੇਤਮ ।
ਛਤਮ ਜੀਵੰਤੂ ਛਰਦਾ
ਪੂਰੁਚੀਰੰਤਰ ਮ੍ਰਿਤੂਮ ਦਧਤਾਮ ਪਰਵਤੇਨ ।। ” ( ਰਿਗਵੇਦ )

ਸਿੱਖਿਆ ਦਾ ਮਕਸਦ ਬੱਚੇ ਦੇ ਅੰਦਰ ਛੁਪੀਆਂ ਉਸ ਦੀਆਂ ਯੋਗਤਾਵਾਂ ਨੂੰ ਪਛਾਨਣਾ ਅਤੇ ਵਿਕਸਿਤ ਕਰਨਾ ਹੈ। ਸਿੱਖਿਆ ਬੱਚੇ ਦਾ ਬੌਧਿਕ , ਸਮਾਜਿਕ ਤੇ ਸਰੀਰਕ ਵਿਕਾਸ ਕਰਕੇ ਵਿਦਿਆਰਥੀ ਦਾ ਸਰਵਪੱਖੀ ਵਿਕਾਸ ਕਰਦੀ ਹੈ। ਸਿੱਖਿਆ ਗ੍ਰਹਿਣ ਕਰਕੇ ਇਹ ਜ਼ਰੂਰੀ ਨਹੀਂ ਕਿ ਬੱਚਾ ਵੱਡਾ ਹੋ ਕੇ ਡਾਕਟਰ , ਜੱਜ , ਇੰਜੀਨੀਅਰ ਜਾਂ ਉੱਚ – ਅਧਿਕਾਰੀ ਹੀ ਬਣੇ।

ਉਹ ਵੱਡਾ ਹੋ ਕੇ ਜ਼ਿੰਦਗੀ ਵਿੱਚ ਚੰਗਾ ਕਿੱਤਾਕਾਰ , ਮਸ਼ੀਰ , ਚੰਗਾ ਲੇਖਕ , ਚਿੱਤਰਕਾਰ , ਕਲਾਕਾਰ , ਵਾਹਨ ਚਾਲਕ , ਵਾਹਬ , ਫੌਜੀ , ਤਹਿਵੀਲਦਾਰ , ਅਧਿਆਪਕ , ਸਮਾਜ ਸੇਵਕ , ਕਾਰੀਗਰ , ਵਪਾਰੀ ਆਦਿ ਵੀ ਬਣ ਸਕਦਾ ਹੈ। ਇਸ ਸਭ ਦੇ ਨਾਲ਼ – ਨਾਲ਼ ਇਹ ਵੀ ਜ਼ਰੂਰੀ ਹੈ ਕਿ ਸਿੱਖਿਆ ਬੱਚੇ ਦੀ ਨੈਤਿਕ ਉਸਾਰੀ ਕਰਕੇ ਉਸ ਦਾ ਸਹੀ ਚਰਿੱਤਰ ਨਿਰਮਾਣ ਕਰੇ , ਤਾਂ ਜੋ ਬੱਚਾ ਭਵਿੱਖ ਵਿੱਚ ਦੇਸ਼ ਦਾ ਚੰਗਾ ਤੇ ਸੂਝਵਾਨ ਨਾਗਰਿਕ ਬਣ ਸਕੇ।

ਇਸ ਸਭ ਕੁਝ ਦੀ ਵਿਧੀਵੱਧ ਢੰਗ – ਤਰੀਕੇ ਨਾਲ ਸਹੀ ਤੌਰ ‘ਤੇ ਪੂਰਤੀ ਕਰੇਗੀ –  ‘ਸਵਾਗਤ ਜ਼ਿੰਦਗੀ’। ” ਸਵਾਗਤ ਜ਼ਿੰਦਗੀ”  ਇੱਕ ਅਜਿਹਾ ਨੈਤਿਕਤਾ – ਭਰਪੂਰ ਅਤੇ ਜੀਵਨ – ਜਾਂਚ ਸਿਖਾਉਣ ਵਾਲਾ ਨਵਾਂ ਵਿਸ਼ਾ ਹੈ , ਜਿਸ ਦੀ ਜਿੰਨੀ ਜ਼ਿਆਦਾ ਸ਼ਲਾਘਾ ਕੀਤੀ ਜਾਵੇ ਉਹ ਘੱਟ ਹੈ।

ਕਿਉਂ ਜੋ ਅੱਜ ਸਾਡੇ ਸਮਾਜ ਵਿੱਚ ਲਗਭਗ ਹਰ ਕੋਈ ਪੜ੍ਹਿਆ – ਲਿਖਿਆ  ਤਾਂ ਹੈ , ਪਰ ਫਿਰ ਵੀ ਅਨੇਕਾਂ ਸਮਾਜਿਕ ਕੁਰੀਤੀਆਂ , ਜਿਵੇਂ :- ਦਹੇਜ ਪ੍ਰਥਾ , ਔਰਤ ਪ੍ਰਤੀ ਅਸਮਾਨਤਾ ਅਤੇ ਗਲਤ ਵਿਵਹਾਰ , ਲੁੱਟ – ਖੋਹ , ਕਤਲੋਗਾਰਤ , ਬੇਈਮਾਨੀ , ਰਿਸ਼ਵਤਖੋਰੀ , ਛੋਟੀ – ਮੋਟੀ ਗੱਲ ‘ਤੇ ਲੜਾਈ – ਝਗੜੇ ਹੋਣਾ , ਖੂਨ – ਖਰਾਬੇ , ਬਜ਼ੁਰਗਾਂ ਦਾ ਉਦੂਲ – ਏ – ਹੁਕਮ , ਖ਼ੁਦਕੁਸ਼ੀਆਂ ਦਾ ਵੱਧਦਾ ਰੁਝਾਨ , ਅਸ਼ਲੀਲਤਾ , ਅਸੱਭਿਅਕਤਾ , ਬੋਲ – ਵਿਹਾਰ ਵਿੱਚ ਰੁੱਖਾਪਣ ਆਦਿ ਅਨੈਤਿਕਤਾਵਾਂ ਸਿਰ ਚੁੱਕ ਰਹੀਆਂ ਹਨ।

ਇਸ ਤੋਂ ਇਲਾਵਾ ਲੋਕਾਂ / ਸਮਾਜ ਦਾ ਆਪਣੇ ਵਾਤਾਵਰਨ , ਸਾਫ਼ – ਸਫ਼ਾਈ , ਸਿਹਤ , ਸ਼ਿਸ਼ਟਤਾ , ਨਿਮਰਤਾ , ਬਜ਼ੁਰਗਾਂ ਦੇ ਸਤਿਕਾਰ , ਸਹਿਣਸ਼ੀਲਤਾ , ਆਪਣੇ ਅਮੀਰ ਤੇ ਵਿਸ਼ਾਲ ਸੱਭਿਆਚਾਰ ਅਤੇ ਵਿਰਸੇ ਆਦਿ ਪ੍ਰਤੀ ਅਵੇਸਲੇ ਹੋਣਾ ਵੀ ਚਿੰਤਾ ਦਾ ਵਿਸ਼ਾ ਹੈ। ਇਸ ਸਭ ਦੀ ਭਰਪਾਈ ਕਰੇਗਾ – ਸਕੂਲ ਸਿੱਖਿਆ ਵਿਭਾਗ ਪੰਜਾਬ ਸਰਕਾਰ ਦਾ ਨਵਾਂ ਵਿਸ਼ਾ : ” ਸਵਾਗਤ – ਜ਼ਿੰਦਗੀ “। ਇਹ ਅਜਿਹਾ ਅਨਮੋਲ ਨਵਾਂ ਵਿਸ਼ਾ ਹੈ ਤੇ ਨਵੀਂ ਦਿਸ਼ਾ ਹੈ , ਜੋ ਬੱਚਿਆਂ ਨੂੰ ਪੜ੍ਹਨ – ਲਿਖਣ ਦੇ ਨਾਲ਼ – ਨਾਲ਼ ਨੈਤਿਕਤਾ – ਭਰਪੂਰ ਦੇਸ਼ ਦੇ ਚੰਗੇ ਨਾਗਰਿਕ ਬਣਨ ਅਤੇ ਭਵਿੱਖ ਵਿੱਚ ਸਮਾਜਿਕ ਕੁਰੀਤੀਆਂ ਤੇ ਅਨੈਤਿਕਤਾ ਨੂੰ ਖ਼ਤਮ ਕਰਨ ਪ੍ਰਤੀ ਮੀਲ ਪੱਥਰ ਸਾਬਿਤ ਹੋਵੇਗਾ।

ਇਹ ਵਿਸ਼ਾ ਸਾਡੇ ਸਮਾਜ ਵਿੱਚ ਭਾਈਚਾਰਕ ਖੁਸ਼ਹਾਲੀ , ਆਪਸੀ ਸਾਂਝ , ਸੱਭਿਅਕਤਾ , ਤੰਦਰੁਸਤੀ ਅਤੇ ਨਵੀਂ ਨਰੋਈ ਸੋਚ ਵੀ ਸਿਰਜੇਗਾ। ” ਸਵਾਗਤ ਜ਼ਿੰਦਗੀ ” ਸਕੂਲ ਦੇ ਵਿਦਿਆਰਥੀਆਂ ਨੂੰ ਜਿੱਥੇ ਨੈਤਿਕ ਕਦਰਾਂ – ਕੀਮਤਾਂ ਦਾ ਗਿਆਨ ਦੇਵੇਗਾ , ਉੱਥੇ ਹੀ ਉਨ੍ਹਾਂ ਨੂੰ ਸੁਚੱਜਾ ਤੇ ਸਾਰਥਕ ਜੀਵਨ ਜਿਉਣ ਦਾ ਹੁਨਰ ਵੀ ਸਿਖਾਵੇਗਾ।ਅਰਸ਼ – ਏ – ਦਰਾਜ਼ ਤੋਂ ਅਜਿਹੀ ਪਹਿਲ ਦਾ ਇੰਤਜ਼ਾਰ ਰਿਹਾ।ਇਹ ਵਿਸ਼ਾ ਵਿਦਿਆਰਥੀਆਂ ਵਿੱਚ ਜੀਵਨ , ਸਮਾਜ , ਵਾਤਾਵਰਣ ਅਤੇ ਦੇਸ਼ ਪ੍ਰਤੀ ਨਵੀਂ ਸੋਚ , ਨਵੀਂ ਉਮੰਗ , ਨਵੀਂ – ਨਰੋਈ ਸਾਂਝ  , ਸਮਰਪਣ ਭਾਵਨਾ ਤੇ ਜਜ਼ਬਾ ਵੀ ਪੈਦਾ ਕਰੇਗਾ ਤੇ ਇਨਸਾਨੀਅਤ ਵਿੱਚ ਅਕੀਦਤ ਦੀ ਜੋਤ ਜਗਾਏਗਾ ।

ਇਸ ਨਾਲ ਬੱਚਾ ਆਪਣੀ ਸਿਹਤ ਪ੍ਰਤੀ , ਸਕੂਲ ਪ੍ਰਤੀ ਤੇ ਘਰ ਦੇ ਪ੍ਰਤੀ ਵੀ ਕਈ ਪਹਿਲੂਆਂ ਤੋਂ ਜਾਗਰੂਕ ਹੋ ਕੇ ਸਮਾਜ ਨੂੰ ਨਵੀਂ ਦਿਸ਼ਾ – ਦਸ਼ਾ ਪ੍ਰਦਾਨ ਕਰੇਗਾ ਅਤੇ ਭਵਿੱਖ ਵਿੱਚ ਚੰਗਾ ਨਾਗਰਿਕ ਬਣ ਕੇ ਜੀਵਨ ਵਿੱਚ ਸਹੀ ਤਰਮੀਮ ਕਰਦਾ ਹੋਇਆ ਜ਼ਿੰਦਗੀ ਨੂੰ ਸੁਲੱਖਣੀ ਅਤੇ ਜ਼ਹਿਮਤ ਮੁਕਤ ਬਣਾ ਕੇ ਹਸਬ – ਜਾਬਤਾ ਬਤੀਤ ਕਰੇਗਾ। ” ਸਵਾਗਤ ਜ਼ਿੰਦਗੀ ” ਵਿਸ਼ਾ ਸਿੱਖਿਆ ਨੂੰ ਉਸ ਦੇ ਅਸਲ ਮਕਸਦ ਤੱਕ ਪਹੁੰਚਾਏਗਾ ਅਤੇ ਭਵਿੱਖ ਵਿੱਚ ਇਸ ਦੇ ਸਮਾਜ ਅਤੇ ਦੇਸ਼ ਪ੍ਰਤੀ ਚੰਗੇ ਸਿੱਟੇ ਨਿਕਲਣ ਦੀ ਉਮੀਦ ਹੈ।

ਆਓ ! ਇੱਕ ਨਵੀਂ ਜ਼ਿੰਦਗੀ ਦਾ ਸਵਾਗਤ ਕਰੀਏ –  ” ਸਵਾਗਤ ਜ਼ਿੰਦਗੀ  ” ਦੇ ਨਾਲ ।
ਇੱਕ ਨਵਾਂ ਵਿਸ਼ਾ – ਸਵਾਗਤ ਜ਼ਿੰਦਗੀ ,
ਇੱਕ ਨਵੀਂ ਦਿਸ਼ਾ – ਸਵਾਗਤ ਜ਼ਿੰਦਗੀ ,
ਇੱਕ ਨਵੀਂ ਉਮੰਗ – ਸਵਾਗਤ ਜ਼ਿੰਦਗੀ ,
ਇੱਕ ਨਵੀਂ ਤਰੰਗ – ਸਵਾਗਤ ਜ਼ਿੰਦਗੀ ।

 

 

 

 

 

ਮਾਸਟਰ ਸੰਜੀਵ ਧਰਮਾਣੀ .
ਸ੍ਰੀ ਅਨੰਦਪੁਰ ਸਾਹਿਬ .
9478561356.

Previous articleਆਖ਼ਰ ਥੁੱਕ ਕੇ ਚੱਟਣਾਂ ਪਊਂ
Next articleBejoy Nambiar on the casting challenge about his new project ‘Taish’