ਸ਼ਬਰੀਮਾਲਾ ਸਖਤ ਸੁਰੱਖਿਆ ਪ੍ਰਬੰਧਾਂ ਹੇਠ ਅੱਜ ਸ਼ਾਮ ਭਗਵਾਨ ਅਯੱਪਾ ਦਾ ਮੰਦਰ ਦੋ ਮਹੀਨੇ ਦੀ ਤੀਰਥ ਯਾਤਰਾ ਲਈ ਖੁੱਲ੍ਹ ਗਿਆ ਹੈ। ਸੀਪੀਆਈ (ਐੱਮ) ਦੀ ਅਗਵਾਈ ਵਾਲੀ ਐੱਲਡੀਐੱਫ ਸਰਕਾਰ ਵੱਲੋਂ ਇਸ ਮੰਦਰ ਦੇ ਦਰਸ਼ਨਾਂ ਲਈ ਮੁਕੰਮਲ ਪ੍ਰਬੰਧ ਕੀਤੇ ਗਏ ਹਨ। ਕੰਦਰਾਰੂ ਮਹੇਸ਼ ਮੋਹਨਾਰਾਰੂ ਨੇ ਮੰਦਰ ਖੋਲ੍ਹ ਕੇ ਰਵਾਇਤੀ ਪੂਜਾ ਕੀਤੀ। ਏ.ਕੇ. ਸੁਧੀਰ ਨੰਬੂਦਿੜੀ ਨੇ ਸ਼ਬਰੀਮਾਲਾ ਮੇਲਸ਼ਾਂਤੀ ਜਦਕਿ ਐੱਮਐੱਸ ਪਰਮੇਸ਼ਵਰਨ ਨੰਬੂਦਿੜੀ ਨੇ ਮਲਿਕਾਪੁਰਮ ਮੇਲਸ਼ਾਂਤੀ ਵਜੋਂ ਕਾਰਜਭਾਰ ਸੰਭਾਲਿਆ। ਰਵਾਇਤੀ ਪੂਜਾ ਤੋਂ ਬਾਅਦ ਕੇਰਲ ਦੇ ਪਥਨਮਥਿੱਟਾ ਜ਼ਿਲ੍ਹੇ ਦੇ ਪੱਛਮੀ ਘਾਟ ’ਚ ਇੱਕ ਰਾਖਵੇਂ ਜੰਗਲ ’ਚ ਸਥਿਤ ਪਹਾੜੀ ’ਤੇ ਮੰਦਰ ਅੱਜ ਸ਼ਾਮ ਪੰਜ ਵਜੇ ਤੋਂ ਬਾਅਦ ਦਰਸ਼ਨਾਂ ਲਈ ਖੁੱਲ੍ਹ ਗਿਆ ਹੈ। ਅੱਜ ਤੋਂ ਦੋ ਮਹੀਨੇ ਤੱਕ ਚੱਲਣ ਵਾਲਾ ਮੰਡਲਮ ਮਕਰਵਿਲੱਕੂ ਦਾ ਸੀਜ਼ਨ ਵੀ ਸ਼ੁਰੂ ਹੋ ਗਿਆ ਹੈ। ਕੇਰਲ ਤੇ ਗੁਆਂਢੀ ਸੂਬਿਆਂ ਦੇ ਵੱਖ ਵੱਖ ਹਿੱਸਿਆਂ ਤੋਂ ਸ਼ਰਧਾਲੂਆਂ ਨੇ ਨਿਲੱਕਲ ਤੇ ਪੰਬਾ ਪਹੁੰਚਣਾ ਸ਼ੁਰੂ ਕਰ ਦਿੱਤਾ ਹੈ। ਜ਼ਿਕਰਯੋਗ ਹੈ ਕਿ ਪਿਛਲੇ ਸਾਲ ਐੱਲਡੀਐੱਫ ਸਰਕਾਰ ਨੇ 28 ਸਤੰਬਰ 2018 ਨੂੰ ਸੁਪਰੀਮ ਕੋਰਟ ਦੇ ਹੁਕਮ ਲਾਗੂ ਕਰਨ ਦਾ ਫ਼ੈਸਲਾ ਕੀਤਾ ਸੀ ਜਿਸ ਤਹਿਤ ਹਰ ਉਮਰ ਵਰਗ ਦੀਆਂ ਔਰਤਾਂ ਨੂੰ ਮੰਦਰ ’ਚ ਪੂਜਾ ਕਰਨ ਦੀ ਇਜਾਜ਼ਤ ਦਿੱਤੀ ਗਈ ਹੈ। ਇਸ ਫ਼ੈਸਲੇ ਤੋਂ ਬਾਅਦ ਸੂਬੇ ਵਿੱਚ ਅਤੇ ਮੰਦਰ ਦੇ ਆਲੇ-ਦੁਆਲੇ ਭਾਜਪਾ ਤੇ ਹਿੰਦੂ ਜਥੇਬੰਦੀਆਂ ਵੱਲੋਂ ਰੋਸ ਮੁਜ਼ਾਹਰੇ ਕੀਤੇ ਗਏ ਸੀ। ਸਦੀਆਂ ਤੋਂ 10 ਤੋਂ 50 ਸਾਲ ਤੱਕ ਦੀ ਉਮਰ ਦੀਆਂ ਮਹਿਲਾਵਾਂ ਨੂੰ ਮੰਦਰ ’ਚ ਜਾਣ ਦੀ ਇਜਾਜ਼ਤ ਨਹੀਂ ਹੈ। ਇਸ ਸਾਲ ਸੁਪਰੀਮ ਕੋਰਟ ਨੇ ਇਸ ਮਾਮਲੇ ’ਚ ਆਪਣਾ ਫ਼ੈਸਲਾ ਨਾ ਸੁਣਾਉਂਦਿਆਂ ਕੇਸ ਇੱਕ ਵਡੇਰੇ ਬੈਂਚ ਕੋਲ ਭੇਜ ਦਿੱਤਾ ਹੈ ਪਰ ਸੂਬਾ ਸਰਕਾਰ ਪੂਰੀ ਚੌਕਸੀ ਵਰਤ ਰਹੀ ਹੈ।
INDIA ਸ਼ਬਰੀਮਾਲਾ: ਭਗਵਾਨ ਅਯੱਪਾ ਦਾ ਮੰਦਰ ਦਰਸ਼ਨਾਂ ਲਈ ਖੁੱਲ੍ਹਿਆ