ਸ਼ਬਦ ਗੁਰੂ,ਸਤਿਕਾਰ ਤੇ ਅਜੋਕਾ ਤਰਕਵਾਦ

ਸੁਰਜੀਤ ਸਿੰਘ 'ਦਿਲਾ ਰਾਮ'

(ਸਮਾਜ ਵੀਕਲੀ)

1604 ਈ: ਵਿਚ ਗੁਰੂ ਗ੍ਰੰਥ ਸਾਹਿਬ ਜੀ ਦਾ ਪਹਿਲੇ ਪ੍ਰਕਾਸ਼ ਤੋਂ ਬਾਅਦ ਗੁਰੂ ਅਰਜਨ ਦੇਵ ਜੀ ਸੌਣ ਸਮੇਂ ਜ਼ਮੀਨ ਤੇ ਹੀ ਆਪਣਾ ਆਸਣ ਲਾਇਆ ਕਰਦੇ ਸਨ।ਕਦੇ ਵੀ ਉਹ (ਗੁਰੂ) ਗ੍ਰੰਥ ਸਾਹਿਬ ਜੀ ਦੇ ਬਰਾਬਰ ਨਹੀਂ ਬਿਰਾਜੇ।ਸੰਗਤਾਂ ਨੇ ਅਨੁਮਾਨ ਲਾਉਣਾ ਸ਼ੁਰੂ ਕਰ ਦਿੱਤਾ ਸੀ ਕਿ ਭਵਿੱਖ ਵਿੱਚ ਇਸ (ਗੁਰੂ) ਗ੍ਰੰਥ ਨੂੰ ਬਹੁਤ ਵੱਡੀ ਪਦਵੀ ਮਿਲਣ ਵਾਲੀ ਹੈ।

ਪੁਰਾਤਨ ਲਿਖਤਾਂ ‘ਚ ਪੜ੍ਹਨ ਨੂੰ ਮਿਲਦਾ ਹੈ ਗੁਰੂ ਜੀ ਨੇ ਨਾਲ ਸੰਗਤਾਂ ਵੀ ਜਮੀਨ ਤੇ ਹੀ ਆਸਣ ਲਾ ਕੇ ਬਿਰਾਜਿਆਂ ਕਰਦੀਆਂ ਸਨ।ਸਮਾਂ ਪਾ ਕੇ ਗੁਰੂ ਗੋਬਿੰਦ ਸਿੰਘ ਜੀ ਨੇ ਮਸੰਦ ਪ੍ਰਥਾ ਖਤਮ ਕਰਕੇ  ਦੇਹਧਾਰੀ ਮਨੁੱਖ ਨੂੰ ਤਿਆਗ ਕੇ ਸਿੱਖ ਸੰਗਤਾਂ ਨੂੰ  ਗੁਰੂ ਗਰੰਥ ਸਾਹਿਬ ਜੀ ਦੇ ਲੜ ਲੱਗਣ ਦਾ ਉਪਦੇਸ਼ ਦਿੱਤਾ।ਦੁਨੀਆਂ ਦੇ ਜਿਤਨੇ ਵੀ ਪੁਰਾਤਨ ਧਰਮ ਹੋਏ, ਸਭ ਦੇ ਪੀਰ ਪੈਗੰਬਰ ਉਨ੍ਹਾਂ ਨੂੰ ਉਪਦੇਸ਼ ਦੇ ਕੇ ਤੁਰ ਗਏ ਪਰੰਤੂ ਆਪਣਾ ਕੋਈ ਵੀ ਜਾਨਸ਼ੀਨ ਮੁਕੱਰਰ ਨਹੀਂ ਕਰਕੇ ਗਏ।

ਪੈਰੋਕਾਰਾਂ ਦੇ ਜਾਣ ਤੋਂ ਬਾਅਦ ਸ਼ਾਗਿਰਦਾਂ ਵਲੋਂ ਉਨ੍ਹਾਂ ਦੀਆਂ ਸਿੱਖਿਆਵਾਂ ਨੂੰ ਆਪਣੇ ਆਪਣੇ ਮਜ਼ਹਬ ਦੇ ਗ੍ਰੰਥਾਂ ਵਿੱਚ ਅੰਕਿਤ ਕੀਤਾ। ਜੋ ਸਾਨੂੰ ਅਜ ਵੀ ਵੱਖ ਵੱਖ ਫਿਰਕਿਆਂ ਵਲੋਂ ਸਾਂਭੇ ਹੋਏ ਮਿਲ ਜਾਣਗੇ।ਇਨ੍ਹਾਂ ਗ੍ਰੰਥਾਂ ਦੀਆਂ ਕਈ ਸ਼ਾਖਾਵਾਂ ਵੀ ਹਨ ਜਿਨ੍ਹਾਂ ਵਿੱਚ ਆਪਸੀ ਮਤਭੇਦ ਪਾਏ ਗਏ ਹਨ।ਪਰੰਤੂ ਗੁਰੂ ਗ੍ਰੰਥ ਸਾਹਿਬ ਜੀ ਹੀ ਇਕ ਅਜਿਹੇ ਗਰੰਥ ਹਨ ਜਿਨ੍ਹਾਂ ਨੂੰ ਗੁਰੂ ਸਹਿਬਾਨ ਦੀ ਰਹਿਨੁਮਾਈ ਹੇਠ ਤਿਆਰ ਕੀਤਾ ਗਿਆ।ਅਜੋਕੇ ਸਮੇਂ ਵਿੱਚ ਸਿਖ ਕੌਮ ਨੂੰ ਛੱਡ ਕੇ ਹੋਰ  ਕਿਸੇ ਵੀ ਮਜ਼ਹਬ ਕੋਲ ਉਨ੍ਹਾਂ ਦਾ ਗੁਰੂ,ਪੀਰ ਜਾਂ ਕੋਈ ਪੈਗੰਬਰ ਨਹੀ ਹੈ ਜੋ ਉਨ੍ਹਾਂ ਦੀ ਅਗਵਾਈ ਕਰ ਸਕੇ।

ਸਿੱਖਾਂ ਦੇ ਗੁਰੂ,ਗੁਰੂ  ਗਰੰਥ ਸਾਹਿਬ ਜੀ ਹਨ।ਸਿੱਖਾਂ ਨੇ ਅਨੇਕ ਤਸ਼ੱਦਦ ਸਹੇ।ਮੁਗਲ ਹਕੂਮਤ ਨੇ ਸਿੱਖਾਂ ਨੂੰ ਬੇਅੰਤ ਤਸੀਹੇ ਦਿੱਤੇ। ਸਿੱਖਾਂ ਦੇ ਸਿਰਾਂ ਦੇ ਮੁੱਲ ਪਾਏ ਗਏ।ਛੋਟੇ ਛੋਟੇ ਬੱਚਿਆਂ ਨੂੰ ਮਾਵਾਂ ਦੇ ਸਾਹਮਣੇ ਸ਼ਹੀਦ ਕਰ ਉਨ੍ਹਾਂ ਦੇ ਹਾਰ ਬਣਾ ਕੇ ਗਲਾ ‘ਚ ਪਵਾਏ ਗਏ।ਜੰਗਲਾਂ ਨੂੰ ਉਨ੍ਹਾਂ ਆਪਣਾ ਘਰ ਬਣਾਇਆ।ਸਿੱਖਾਂ ਦੀਆਂ ਸ਼ਹੀਦੀਆਂ ਨਾਲ ਇਤਿਹਾਸ ਭਰਿਆ ਪਿਆ ਹੈ ਜਿਸਨੂੰ ਫਰੋਲਣ ਤੇ ਰੌਂਗਟੇ ਖੜ੍ਹੇ ਹੋ ਜਾਂਦੇ ਹਨ।

ਬਾਬਾ ਬੰਦਾ ਸਿੰਘ ਬਹਾਦਰ ਤੋਂ ਮਹਾਰਾਜਾ ਰਣਜੀਤ ਸਿੰਘ ਨੇ ਕੌਮ ਨੂੰ ਸੰਭਾਲਿਆ।ਯੋਗ ਉਤਰਾਧਿਕਾਰੀ ਦੀ ਚੋਣ ਨਾ ਹੋਣ ਤੇ ਮਹਾਰਾਜਾ ਰਣਜੀਤ ਸਿੰਘ ਤੋਂ ਬਾਅਦ ਕੌਮ ‘ਚ ਵੰਡੀਆਂ ਪੈਣੀਆਂ ਸ਼ੁਰੂ ਹੋਈਆਂ।ਬ੍ਰਿਟਿਸ਼ ਰਾਜ ਨੇ ਭਾਰਤ ਤੇ ਕਬਜ਼ਾ ਕੀਤਾ । ਸਭ ਤੋਂ ਅਖੀਰ ਪੰਜਾਬ ਕਾਬਜ਼ ਹੋਇਆ।ਸਿੰਘ ਸਭਾ ਲਹਿਰ ਤੇ ਗੁਰਦੁਆਰਾ ਸੰਭਾਲ ਲਹਿਰ ਉਤਪੰਨ ਹੋਈ।ਇਨ੍ਹਾਂ ਲਹਿਰਾਂ ਨੇ ਸਿੱਖਾਂ ਨੂੰ ਇਕ ਕਰਨ ਦਾ ਯਤਨ ਕੀਤਾ।ਸਾਕਾ ਨਨਕਾਣਾ ਸਾਹਿਬ ਨੇ ਸਿੱਖਾਂ ਨੂੰ ਵਲੂੰਧਰ ਕੇ ਰੱਖ ਦਿੱਤਾ।

ਸਮਾਂ ਪਾ ਕੇ ਸਿੱਖਾਂ ਦੀ ਇਕ ਸਿਰਮੌਰ ਜਥੇਬੰਦੀ “ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ” ਹੋਂਦ ਵਿੱਚ ਆਈ।ਦੇਸ਼ ਦੀ ਵੰਡ ਵੇਲੇ ਨਾਲ ਅਨੇਕ ਸਿਖਾਂ ਨੂੰ ਕੁਰਬਾਨੀਆਂ ਦੇਣੀਆਂ ਪਈਆਂ।ਇਹ ਸਭ ਕਰਨ ਤੇ ਲੜਨ ਦੀ ਸ਼ਕਤੀ ਸਿੱਖਾਂ ਕੋਲ ਕਿਥੋਂ ਆਈ ?ਹੋਰ ਵੀ ਫਿਰਕੇ ਮੌਜੂਦ ਸਨ ਉਹ ਕਿਉਂ ਨਹੀਂ ਅੱਗੇ ਵਧੇ? ਇਹ ਸਵਾਲ ਸਿਰਫ ਸਵਾਲ ਬਣ ਕੇ ਹੀ ਰਹਿ ਗਏ।ਅਸਲ ਵਿੱਚ ਸਿੱਖਾਂ ਦੀ ਅਗਵਾਈ ਉਨ੍ਹਾਂ ਦਾ ਗੁਰੂ ਤੇ ਪੰਥ ਕਰਦਾ ਰਿਹਾ ਤੇ ਕਰਦਾ ਹੈ।

ਜਿਤਨੇ ਵੀ ਮਜ਼ਹਬ ਇਸ ਧਰਤੀ ਤੇ ਹੋਏ ਹਨ ਸਿਰਫ ਸਿੱਖ ਕੌਮ ਹੀ ਹੈ ਜਿਸ ਨੇ ਆਪਣੀ ਤੇ ਮਨੁੱਖਤਾ ਦੀ ਰੱਖਿਆ ਲਈ ਫ਼ੌਜ ਤਿਆਰ ਕੀਤੀ ਹੈ।ਹੋਰ ਕਿਸੇ ਵੀ ਫਿਰਕੇ ‘ਚ ਅਜਿਹਾ ਦੇਖਣ ਨੂੰ ਨਹੀਂ ਮਿਲਦਾ।ਸਿੱਖ ਗੁਰੂ ਗ੍ਰੰਥ ਸਾਹਿਬ ਦੀ ਰਹਿਨੁਮਾਈ ਹੇਠ ਰਹਿ ਕੇ ਹੀ ਕਾਰਜ ਕਰਦੇ ਹਨ।ਇਨ੍ਹਾਂ ਦੇ ਗੁਰਦੁਆਰੇ ਏਕਤਾ,ਭੇਦਭਾਵ ਆਦਿ ਕੁਰੀਤੀਆਂ  ਮਿਟਾਉਣ ਦਾ ਪ੍ਰਤੀਕ ਹਨ।ਕਿਸੇ ਵੀ ਮਜ਼ਹਬ, ਜਾਤੀ ਦਾ ਮਨੁੱਖ ਗੁਰਦੁਆਰੇ ਵਿਚ ਆ ਕੇ ਉਨ੍ਹਾਂ ਦੇ ਗੁਰੂ ਨੂੰ ਪੜ੍ਹ ਕੇ ਸੇਧ ਲੈ ਸਕਦਾ ਹੈ।

ਗੁਰਦੁਆਰਾ ਸਾਹਿਬ ਵਿਚ ਗੁਰੂ ਗ੍ਰੰਥ ਸਾਹਿਬ ਜੀ ਦਾ ਹੀ ਪ੍ਰਕਾਸ਼ ਕੀਤਾ ਜਾਂਦਾ ਹੈ ਬਾਕੀ ਸੰਗਤਾਂ ਸੀਸ ਨਿਵਾ ਕੇ ਮੱਥਾ ਟੇਕਦੀਆਂ ਤੇ ਜਮੀਨ ‘ਤੇ ਬੈਠ ਕੇ ਬਾਣੀ ਤੇ ਗੁਰ ਵਿਚਾਰ ਸ੍ਰਵਣ ਕਰਦੀਆਂ ਹਨ।ਸਿਖਾਂ ਦੀ ਇਕ ਰਹਿਤ ਮਰਿਆਦਾ ਨਿਯੁਕਤ ਕੀਤੀ ਗਈ ਹੈ ਜਿਸ ਵਿੱਚ ਇਕ ਸਿੱਖ ਦੇ ਕਰਣੀ,ਰਹਿਣੀ- ਬਹਿਣੀ ਆਦਿ ਬਾਰੇ ਦਰਸਾਇਆ ਗਿਆ ਹੈ।ਸਮੇਂ ਦੇ ਬੀਤਣ ਦੇ ਨਾਲ ਨਾਲ ਸਿੱਖਾਂ ਦੇ ਪਹਿਰਾਵੇ ਵਿੱਚ ਵੀ ਤਬਦੀਲੀਆਂ ਆਈਆਂ।

ਸਾਬਤ ਸੂਰਤ ਮਨੁੱਖ ਸਿੱਖ ਦੀ ਪਹਿਚਾਣ ਹੈ।ਪਿਛੋਕੜ ਇਤਿਹਾਸ ਸਿੱਖਾਂ ਦਾ ਕੁਰਬਾਨੀਆਂ ਨਾਲ ਭਰਿਆ ਹੋਇਆ ਹੈ।ਪਰੰਤੂ ਅਜੋਕੇ ਸਮੇਂ ਵਿੱਚ ਸਿੱਖਾਂ ਦੀ ਨਸਲ ਡਿੱਗਦੀ ਨਜ਼ਰ ਆ ਰਹੀ ਹੈ।ਕੌਮ ਦੇ ਯੋਧਿਆਂ ਦੀ ਧਾਕ ਸਾਰੇ ਸੰਸਾਰ ਵਿੱਚ ਗੂੰਜਿਆ ਕਰਦੀ ਸੀ ਉਹ ਅਲੋਪ ਹੁੰਦੀ ਜਾ ਰਹੀ ਹੈ।ਆਪਸੀ ਵਿਤਕਰਾਵਾਦੀ ਸੋਚ ਨੇ ਬੜੀ ਜਿਆਦਾ ਰਫਤਾਰ ਫੜ੍ਹ ਲਈ ਹੈ।

ਗੁਰੂ ਗਰੰਥ ਸਾਹਿਬ ਜੀ ਦਾ ਬਾਹਰੀ ਸਤਿਕਾਰ ਕਰਨਾ ਲੋਕ ਭੁੱਲਦੇ ਜਾ ਰਹੇ ਹਨ।ਉਪਰੋਕਤ ਪੜ੍ਹਿਆ ਅਸੀ ਕਿ ਗੁਰੂ ਅਰਜਨ ਸਾਹਿਬ ਜੀ ਕਿਤਨਾ ਸਤਿਕਾਰ ਗੁਰੂ ਗ੍ਰੰਥ ਸਾਹਿਬ ਜੀ ਦਾ ਕਰਦੇ ਸੀ ਪਰੰਤੂ ਅਜੋਕੇ ਸਿੱਖਾਂ ਅੰਦਰ ਖਤਮ ਹੁੰਦਾ ਜਾ ਰਿਹਾ ਹੈ।ਅਜੋਕੇ ਸਮੇਂ ਦੇ ਗੁਰਦੁਆਰਿਆਂ ਨੂੰ ਸਿਨੇਮਾ ਹਾਲ ਬਣਾਇਆ ਜਾ ਰਿਹਾ ਹੈ।ਗੁਰੂ ਗਰੰਥ ਸਾਹਿਬ ਦੇ ਬਰਾਬਰ ਕੁਰਸੀਆਂ ਤੇ ਸੌਫੇ ਉਤੇ ਬੈਠੇ ਮਨੁੱਖ ਆਮ ਦੇਖੇ ਜਾ ਸਕਦੇ ਹਨ।

ਬਾਣੀ ਅੰਦਰ ਉਪਦੇਸ਼ ਸਿੱਖਾਂ ਲਈ :-….’ ਗੁਰਮੁਖਿ ਬੈਸਹੁ ਸਫਾ ਵਿਛਾਇ ‘ ਦਾ ਹੈ ,ਨਾ ਕਿ ਕੁਰਸੀ ,ਸੌਫੇ ‘ਤੇ  ਬਰਾਬਰ ਬੈਠਣ ਦਾ।ਅਜੋਕੇ ਸਮੇਂ ਦਾ ਸਿੱਖ ਪਤਿਤ ਹੁੰਦਾ ਜਾ ਰਿਹਾ ਹੈ।ਪੁਰਖਿਆਂ ਨੇ ਤਾਂ ਹਕੂਮਤਾਂ ਕੋਲੋ ਗੁਰਦੁਆਰੇ ਅਜਾਦ ਕਰਵਾ ਲਏ ਸੀ ਹੁਣ ਆਪਣਿਆਂ ਤੋਂ ਕੌਣ ਕਰਵਾਉ ਇਹੀ ਦੇਖਣਾ ਬਾਕੀ ਹੈ।

ਸੁਰਜੀਤ ਸਿੰਘ ‘ਦਿਲਾ ਰਾਮ’
ਜਿਲ੍ਹਾ ਫਿਰੋਜ਼ਪੁਰ
ਸੰਪਰਕ 99147-22933

Previous articleਕਰੋਨਾ ਦੀ ਜਾਂਚ ਕਰਵਾਉਣ ਤੋਂ ਕਿਉਂ ਡਰਦੇ ਹਨ ਲੋਕ
Next articleਕਾਹਦੀਆਂ ਅਜਾਦੀਆਂ