ਸ਼ਤਰੰਜ: ਮਹਿਲਾ ਵਿਸ਼ਵ ਰੈਪਿਡ ਚੈਂਪੀਅਨ ਬਣੀ ਹੰਪੀ

ਭਾਰਤ ਦੀ ਕੋਨੇਰੂ ਹੰਪੀ ਨੇ ਰੂਸ ਦੇ ਮਾਸਕੋ ਵਿੱਚ ਚੱਲ ਰਹੀ ਮਹਿਲਾ ਵਿਸ਼ਵ ਰੈਪਿਡ ਸ਼ਤਰੰਜ ਚੈਂਪੀਅਨਸ਼ਿਪ ਵਿੱਚ ਚੀਨ ਦੀ ਲੇਈ ਟਿੰਗਜੀ ਖ਼ਿਲਾਫ਼ ਆਰਮੇਗੈਡੋਨ ਮੁਕਾਬਲਾ ਡਰਾਅ ਕਰਵਾਉਣ ਮਗਰੋਂ ਖ਼ਿਤਾਬ ਆਪਣੇ ਨਾਮ ਕੀਤਾ। 32 ਸਾਲ ਦੀ ਭਾਰਤੀ ਖਿਡਾਰਨ ਨੇ ਚੀਨ ਦੀ ਇੱਕ ਹੋਰ ਖਿਡਾਰਨ ਟਾਂਗ ਝੌਗਈ ਖ਼ਿਲਾਫ਼ ਸ਼ਾਨਦਾਰ ਵਾਪਸੀ ਕਰਦਿਆਂ 12ਵੇਂ ਅਤੇ ਆਖ਼ਰੀ ਗੇੜ ਵਿੱਚ ਜਿੱਤ ਹਾਸਲ ਕੀਤੀ, ਜਿਸ ਕਾਰਨ ਉਸ ਨੂੰ ਟਿੰਗਜੀ ਖ਼ਿਲਾਫ਼ ਟਾਈਬ੍ਰੇਕਰ ਖੇਡਣਾ ਪਿਆ। ਹੰਪੀ ਵਿਸ਼ਵ ਮਹਿਲਾ ਰੈਪਿਡ ਚੈਂਪੀਅਨ ਬਣੀ, ਜਦੋਂਕਿ ਨਾਰਵੇ ਦੇ ਮੈਗਨਸ ਕਾਰਲਸਨ ਨੇ ਪੁਰਸ਼ ਵਰਗ ਦਾ ਖ਼ਿਤਾਬ ਆਪਣੇ ਨਾਮ ਕੀਤਾ। ਭਾਰਤੀ ਸ਼ਤਰੰਜ ਸਟਾਰ ਵਿਸ਼ਵਨਾਥਨ ਆਨੰਦ ਨੇ ਸਾਲ 2017 ਵਿੱਚ ਇਹ ਖ਼ਿਤਾਬ ਓਪਨ ਵਰਗ ਵਿੱਚ ਜਿੱਤਿਆ ਸੀ। ਹੰਪੀ ਮੌਜੂਦਾ ਵੰਨਗੀ ਵਿੱਚ ਰੈਪਿਡ ਸੋਨ ਤਗ਼ਮਾ ਜਿੱਤਣ ਵਾਲੀ ਦੂਜੀ ਭਾਰਤੀ ਹੈ।
ਹੰਪੀ ਨੇ ਫਿਡੇ ਨੂੰ ਦਿੱਤੀ ਇੰਟਰਵਿਊ ਦੌਰਾਨ ਕਿਹਾ, ‘‘ਜਦੋਂ ਮੈਂ ਤੀਜੇ ਦਿਨ ਆਪਣੀ ਪਹਿਲੀ ਗੇਮ ਸ਼ੁਰੂ ਕੀਤੀ ਤਾਂ ਮੈਂ ਸੋਚਿਆ ਨਹੀਂ ਸੀ ਕਿ ਚੋਟੀ ’ਤੇ ਰਹਾਂਗੀ। ਮੈਂ ਸਿਖਰਲੇ ਤਿੰਨ ਸਥਾਨ ’ਤੇ ਰਹਿਣ ਦੀ ਉਮੀਦ ਕਰ ਰਹੀ ਸੀ। ਮੈਨੂੰ ਟਾਈ-ਬ੍ਰੇਕ ਗੇਮ ਖੇਡਣ ਦੀ ਉਮੀਦ ਨਹੀਂ ਸੀ।’’ ਉਸ ਨੇ ਕਿਹਾ, ‘‘ਮੈਂ ਪਹਿਲੀ ਗੇਮ ਗੁਆ ਲਈ, ਪਰ ਦੂਜੀ ਗੇਮ ਵਿੱਚ ਵਾਪਸੀ ਕੀਤੀ। ਇਹ ਗੇਮ ਬਹੁਤ ਜ਼ੋਖ਼ਮ ਵਾਲੀ ਰਹੀ, ਪਰ ਮੈਂ ਇਸ ਵਿੱਚ ਜਿੱਤ ਹਾਸਲ ਕੀਤੀ। ਆਖ਼ਰੀ ਗੇਮ ਵਿੱਚ ਬਿਹਤਰ ਹਾਲਤ ਵਿੱਚ ਸੀ ਅਤੇ ਫਿਰ ਮੈਂ ਆਸਾਨ ਜਿੱਤ ਦਰਜ ਕੀਤੀ।’’
ਹੰਪੀ ਨੇ ਕੁੱਲ ਨੌਂ ਅੰਕ ਲਏ, ਜਿਸ ਨਾਲ ਉਹ ਟਿੰਗਜੀ ਅਤੇ ਤੁਰਕੀ ਦੀ ਅਕੈਟਰੀਨਾ ਅਟਾਲਿਕ ਦੇ ਬਰਾਬਰੀ ਪਹੁੰਚੀ। ਹੰਪੀ ਨੇ ਪਹਿਲੇ ਪੰਜ ਗੇੜ ਵਿੱਚ 4.5 ਅੰਕ ਬਣਾ ਕੇ ਚੰਗੀ ਸ਼ੁਰੂਆਤ ਕੀਤੀ ਅਤੇ ਇਸ ਮਗਰੋਂ ਉਹ ਰੂਸ ਦੀ ਇਰੀਨਾ ਬੁਲਮਾਗਾ ਖ਼ਿਲਾਫ਼ ਮਿਲੀ ਹਾਰ ਨਾਲ ਥੋੜ੍ਹਾ ਪੱਛੜ ਗਈ। ਹੰਪੀ ਨੂੰ ਮਜ਼ਬੂਤ ਵਾਪਸੀ ਦੀ ਲੋੜ ਸੀ ਅਤੇ ਉਸ ਨੇ ਆਖ਼ਰੀ ਦੋ ਗੇੜ ਵਿੱਚ ਜਿੱਤ ਹਾਸਲ ਕੀਤੀ। ਅਖ਼ੀਰ ਵਿੱਚ ਦਿਲਚਸਪ ਨਾਟਕੀ ਮੁਕਾਬਲਾ ਇੱਥੇ ਖ਼ਤਮ ਨਹੀਂ ਹੋਇਆ ਕਿਉਂਕਿ ਹੰਪੀ ਪਹਿਲੀ ਟਾਈ-ਬ੍ਰੇਕ ਗੇਮ ਗੁਆ ਬੈਠੀ। ਇਸ ਮਗਰੋਂ ਉਹ ਦੂਜੀ ਵਿੱਚ ਜਿੱਤ ਨਾਲ ਆਰਮੇਗੈਡੋਨ ਵਿੱਚ ਪਹੁੰਚ ਗਈ। ਹੰਪੀ ਨੇ ਕਾਲੇ ਮੋਹਰਿਆਂ ਨਾਲ ਖੇਡਦਿਆਂ ਤੀਜੀ ਗੇਮ ਡਰਾਅ ਕਰਵਾਈ। ਉਸ ਨੂੰ ਸੋਨ ਤਗ਼ਮਾ ਜਿੱਤਣ ਲਈ ਇਹ ਡਰਾਅ ਹੀ ਕਾਫ਼ੀ ਸੀ। ਟਿੰਗਜੀ ਨੂੰ ਚਾਂਦੀ ਅਤੇ ਅਟਾਲਿਕ ਨੂੰ ਕਾਂਸੀ ਦੇ ਤਗ਼ਮੇ ਨਾਲ ਸਬਰ ਕਰਨਾ ਪਿਆ। ਨਾਰਵੇ ਦੇ ਮੈਗਨਸ ਕਾਰਲਸਨ ਨੇ 15 ਗੇੜ ਵਿੱਚ 11.5 ਅੰਕ ਲੈ ਕੇ ਓਪਨ ਵਰਗ ਦਾ ਪੁਰਸ਼ ਖ਼ਿਤਾਬ ਆਪਣੇ ਨਾਮ ਕੀਤਾ। ਇਰਾਨ ਦਾ ਸਟਾਰ ਖਿਡਾਰੀ ਫਿਰੌਜ਼ਾ ਅਲੀਰੇਜ਼ਾ ਫਿਡੇ ਦੇ ਝੰਡੇ ਹੇਠ ਖੇਡਿਆ। ਉਸ ਨੇ ਅਮਰੀਕਾ ਦੇ ਹਿਕਾਰੂ ਨਾਕਾਮੁਰਾ ਨੂੰ ਪਛਾੜ ਕੇ ਚਾਂਦੀ ਦਾ ਤਗ਼ਮਾ ਜਿੱਤਿਆ।

Previous articleਪੀਐੱਮਸੀ ਬੈਂਕ ਦੀ ਜਾਂਚ ਰਿਪੋਰਟ ਅਜੇ ਤਿਆਰ ਨਹੀਂ: ਆਰਬੀਆਈ
Next articleਗੱਠਜੋੜ ਸਰਕਾਰ ਦੇ ਅੰਕੜੇ ਹੀ ਦੱਸ ਰਿਹੈ ਸੁਖਬੀਰ: ਕੈਪਟਨ