ਵੱਧਦੀ ਆਬਾਦੀ ਤੇ ਬੇਰੁਜ਼ਗਾਰੀ

ਰਮੇਸ਼ਵਰ ਸਿੰਘ ਪਟਿਆਲਾ

ਸਮਾਜ ਵੀਕਲੀ

ਵੱਧ ਰਹੀ ਆਬਾਦੀ ਭਾਰਤ ਵਿਚ ਬੇਰੁਜ਼ਗਾਰੀ ਤੇ ਗ਼ਰੀਬੀ ਦੀ ਮੁੱਖ ਵਜ੍ਹਾ ਹੈ। ਆਏ ਦਿਨ ਬੇਰੁਜ਼ਗਾਰ ਧਰਨੇ ਲਗਾਉਂਦੇ ਹਨ ਪਰ ਉਨ੍ਹਾਂ ਦੀ ਕਿਤੇ ਸੁਣਵਾਈ ਨਹੀਂ ਹੁੰਦੀ। ਉਲਟਾ ਪੁਲਿਸ ਦੀਆਂ ਲਾਠੀਆਂ ਖਾਣੀਆਂ ਪੈਂਦੀਆਂ ਹਨ। ਜਦ ਚੋਣਾਂ ਆਉਂਦੀਆਂ ਹਨ ਤਾਂ ਰਾਜਨੀਤਕ ਪਾਰਟੀਆਂ ਨੌਕਰੀਆਂ ਦੇਣ ਦਾ ਵਾਅਦਾ ਕਰ ਕੇ ਚੋਣਾਂ ਜਿੱਤ ਜਾਂਦੀਆਂ ਹਨ। ਸੱਤਾ ਦੀ ਡੋਰ ਹੱਥ ਵਿਚ ਆਉਣ ਤੋਂ ਬਾਅਦ ਉਹ ਬੇਰੁਜ਼ਗਾਰਾਂ ਦੀ ਬਾਂਹ ਨਹੀਂ ਫੜਦੀਆਂ।

ਤਿੰਨ ਦਹਾਕਿਆਂ ਤੋਂ ਗ਼ਰੀਬੀ, ਮਹਿੰਗਾਈ ਤੇ ਬੇਰੁਜ਼ਗਾਰੀ ਦਾ ਮੁੱਦਾ ਜ਼ੋਰ ਫੜਦਾ ਜਾ ਰਿਹਾ ਹੈ। ਮੇਰੇ ਮਹਾਨ ਭਾਰਤ ਵਿਚ ਹਰ ਰਾਜਨੀਤਕ ਪਾਰਟੀ ਮੁੱਦੇ ਤਾਂ ਲੱਭਦੀ ਹੈ ਪਰ ਇਨ੍ਹਾਂ ਮਸਲਿਆਂ ਦੇ ਕਾਰਨ ਕੀ ਹਨ, ਇਨ੍ਹਾਂ ਬਾਰੇ ਕਦੇ ਵੀ ਸੰਜੀਦਗੀ ਨਾਲ ਸੋਚਿਆ-ਵਿਚਾਰਿਆ ਨਹੀਂ ਜਾਂਦਾ। ਅਜਿਹਾ ਇਸ ਲਈ ਕਿ ਜੇ ਠੋਸ ਹੱਲ ਲੱਭ ਲਿਆ ਤਾਂ ਰਾਜਨੀਤਕ ਪਾਰਟੀਆਂ ਲਈ ਚੋਣ ਮੁੱਦੇ ਖ਼ਤਮ ਹੋ ਜਾਣਗੇ। ਬੇਸ਼ੱਕ ਦੁਨੀਆ ਵਿਚ ਚੀਨ ਦੀ ਆਬਾਦੀ ਸਭ ਤੋਂ ਵੱਧ ਹੈ ਪਰ ਉਸ ਕੋਲ ਉਪਜਾਊ ਧਰਤੀ ਭਾਰਤ ਨਾਲੋਂ ਬਹੁਤ ਜ਼ਿਆਦਾ ਹੈ। ਰੁਜ਼ਗਾਰ ਦੇ ਹਰ ਤਰ੍ਹਾਂ ਦੇ ਮੌਕੇ ਮੁਹੱਈਆ ਹਨ। ਉੱਥੇ ਵੱਧ ਰਹੀ ਆਬਾਦੀ ‘ਤੇ ਕਾਨੂੰਨ ਬਣਿਆ ਹੋਇਆ ਹੈ ਕਿ ਜਿਸ ਦੇ ਦੋ ਬੱਚੇ ਹੋਏ, ਨੌਕਰੀ ਤੋਂ ਬਾਹਰ ਕਰ ਦਿੱਤਾ ਜਾਵੇਗਾ। ਇਕ ਬੱਚੇ ਵਾਲੇ ਨੂੰ ਹੀ ਨੌਕਰੀ ਮਿਲੇਗੀ। ਨਤੀਜਾ ਸਭ ਦੇ ਸਾਹਮਣੇ ਹੈ।

ਸਾਡੀਆਂ ਸਰਕਾਰਾਂ ਤੇ ਰਾਜਨੀਤਕ ਪਾਰਟੀਆਂ ਅੰਨ੍ਹੀਆਂ ਤੇ ਬੋਲੀਆਂ ਹਨ। ਰਿਹਾ ਸਾਡਾ ਸਮਾਜਿਕ ਪੱਖ ਤਾਂ ਅਸੀਂ ਹੋਰ ਮੁਲਕਾਂ ਦੀ ਨਕਲ ਕਰਨੀ ਜਾਣਦੇ ਹਾਂ ਪਰ ਉਹ ਅਗਾਂਹਵਧੂ ਕਿਵੇਂ ਬਣੇ, ਅਸੀਂ ਕਦੇ ਨਹੀਂ ਸੋਚਿਆ। ਸਾਡਾ ਏਸ਼ੀਆ ਦਾ ਮੁਲਕ ਜਾਪਾਨ ਜਿਸ ਕੋਲ ਇਕ ਵੀ ਆਪਣੀ ਧਾਤ ਨਹੀਂ, ਉਹ ਬਾਹਰ ਤੋਂ ਕੱਚਾ ਮਾਲ ਖ਼ਰੀਦ ਕੇ ਸਾਮਾਨ ਪੂਰੀ ਦੁਨੀਆ ਵਿਚ ਵੇਚ ਕੇ ਸਭ ਤੋਂ ਅਮੀਰ ਬਣ ਚੁੱਕਾ ਹੈ। ਉੱਥੇ ਆਬਾਦੀ ਕਾਬੂ ਹੇਠ ਹੈ। ਇਕ ਵਾਰ ਮੈਂ ਕੈਨੇਡਾ ਦੇ ਇਕ ਅਧਿਕਾਰੀ ਨੂੰ ਪੁੱਛਿਆ ਕਿ ਕੀ ਤੁਹਾਡੀ ਸ਼ਾਦੀ ਹੋ ਗਈ ਹੈ? ਕਿੰਨੇ ਬੱਚੇ ਹਨ? ਤਾਂ ਉਹ ਕਹਿੰਦਾ ਨਹੀਂ। ਮੈਂ ਪੁੱਛਿਆ ਕਿਉਂ? ਉਸ ਨੇ ਕਿਹਾ ਕਿ ਮੇਰੀ ਕਮਾਈ ਬਹੁਤ ਘੱਟ ਹੈ।

ਅਸੀਂ ਖਾਵਾਂਗੇ ਕਿੱਥੋਂ? ਉਸ ਨੇ ਇਕ ਹੋਰ ਖ਼ਾਸ ਗੱਲ ਦੱਸੀ ਕਿ ਸਾਡੇ ਮੁਲਕ ਵਿਚ 55% ਔਰਤਾਂ ਤੇ ਮਰਦ ਕੁਆਰੇ ਜਾਂ ਛੜੇ ਹੀ ਰਹਿੰਦੇ ਹਨ। ਕਾਰਨ ਮੈਂ ਦੱਸ ਹੀ ਦਿੱਤਾ ਹੈ। ਆਪਣੇ ਪੰਜਾਬੀ ਭੈਣ-ਭਰਾ ਉੱਥੇ ਜਾ ਕੇ ਵੱਧ ਬੱਚੇ ਪੈਦਾ ਕਰ ਕੇ ਸਰਕਾਰ ਤੋਂ ਸਕੀਮਾਂ ਦਾ ਲਾਭ ਲੈਂਦੇ ਹਨ। ਪੰਜਾਬ ਵਿਚ ਜ਼ਿਆਦਾਤਰ ਕਿਸਾਨ ਖ਼ੁਦਕੁਸ਼ੀਆਂ ਕਰ ਰਹੇ ਹਨ। ਕਾਰਨ ਹੈ ਕਰਜ਼ਾ, ਵੱਡਾ ਪਰਿਵਾਰ ਤੇ ਘੱਟ ਰਹੀ ਜ਼ਮੀਨ। ਤਿੰਨ ਕੁ ਦਹਾਕੇ ਪਹਿਲਾਂ ਤਿੰਨ-ਚਾਰ ਭਾਈ ਇਕ ਘਰ ਵਿਚ ਵੱਸਦੇ ਸਨ, ਉਨ੍ਹਾਂ ਵਿਚ ਇਤਫਾਕ ਹੁੰਦਾ ਸੀ। ਉਨ੍ਹਾਂ ਦੀ ਸੋਚ ਹੁੰਦੀ ਸੀ ਕਿ ਅਸੀਂ ਆਪਣੇ ਪਰਿਵਾਰ ਨੂੰ ਚਲਾਉਣਾ ਹੈ। ਅੱਜਕੱਲ੍ਹ ਸਭ ਉਲਟ ਹੋ ਰਿਹਾ ਹੈ।

ਮਨੁੱਖ ਸਵੈ-ਕੇਂਦਰਿਤ ਹੋ ਚੁੱਕਾ ਹੈ। ਸਵਾਰਥ ਭਾਰੂ ਹੈ। ਇਹੀ ਮਾੜੀ ਸੋਚ ਤਮਾਮ ਮੁਸ਼ਕਲਾਂ ਖੜ੍ਹੀਆਂ ਕਰ ਰਹੀ ਹੈ।ਆਪਣੀਆਂ ਸਰਕਾਰਾਂ ਦੀ ਸਹਾਇਤਾ ਉਡੀਕਣੀ ਆਪਾਂ ਨੂੰ ਬੰਦ ਕਰ ਦੇਣੀ ਚਾਹੀਦੀ ਹੈ,ਸੀਮਤ ਪਰਿਵਾਰ ਨਾਲ ਅਨੇਕਾਂ ਮਸਲੇ ਆਪਣੇ ਆਪ ਹੱਲ ਹੋ ਜਾਂਦੇ ਹਨ।ਆਪਣੀ ਔਲਾਦ ਨੂੰ ਰੱਬ ਵੱਲੋਂ ਬਖ਼ਸ਼ੀ ਦਾਤ ਸਮਝਣਾ ਬੰਦ ਕਰ ਦੇਣਾ ਚਾਹੀਦਾ ਹੈ।ਅੱਜ ਕੱਲ੍ਹ ਦੀ ਜਨਤਾ ਪੜ੍ਹੀ ਲਿਖੀ ਹੈ ਦਿਮਾਗ ਤੋਂ ਕੰਮ ਲੈਣਾ ਵੀ ਸ਼ੁਰੂ ਕਰ ਦੇਣਾ ਚਾਹੀਦਾ ਹੈ।ਸਰਕਾਰ ਆਪਣੀ ਨੀਤੀਆਂ ਲਈ ਕੋਈ ਯੋਗ ਹੱਲ ਨਹੀਂ ਲੱਭਦੀ,ਪ੍ਰਿੰਟ ਮੀਡੀਆ ਤੇ ਬਿਜਲਈ ਮਾਧਿਅਮ ਰਾਹੀਂ ਛੋਟਾ ਪਰਿਵਾਰ ਸੁਖੀ ਪਰਿਵਾਰ ਨਾਅਰੇ ਮਾਰ ਕੇ ਹੀ ਕੰਮ ਚਲਾ ਲੈਂਦੇ ਹਨ।

ਡਾਕਟਰੀ ਸਹੂਲਤਾਂ ਬਹੁਤ ਹਨ ਸੰਗ ਸ਼ਰਮ ਨੂੰ ਲਾਂਭੇ ਕਰਕੇ,ਡਾਕਟਰਾਂ ਨਾਲ ਆਪਣਾ ਹਰ ਤਰ੍ਹਾਂ ਦਾ ਦੁੱਖ ਸੁੱਖ ਸਾਂਝਾ ਕਰ ਲੈਣਾ ਚਾਹੀਦਾ ਹੈ ਕਿਉਂਕਿ ਇਲਾਜ ਮੌਜੂਦ ਹਨ।ਭਾਰਤ ਵਿੱਚ ਗ਼ਰੀਬੀ ਬੇਰੁਜ਼ਗਾਰੀ ਮਹਿੰਗਾਈ ਹੈ ਇਸ ਦਾ ਇਲਜ਼ਾਮ ਸਰਕਾਰ ਤੇ ਲਾਉਣਾ ਬੰਦ ਕਰ ਦੇਣਾ ਚਾਹੀਦਾ ਹੈ।ਹਰ ਇਕ ਦੁੱਖ ਸੁੱਖ ਦਾ ਕਾਰਨ ਤੇ ਕਿਉਂ ਸੋਚਣਾ ਹਰ ਇੱਕ ਇਨਸਾਨ ਨੂੰ ਸ਼ੁਰੂ ਕਰ ਦੇਣਾ ਚਾਹੀਦਾ ਹੈ।ਆਪਣੇ ਭਵਿੱਖ ਬਾਰੇ ਸੋਚਣ ਲਈ ਹਰ ਰੋਜ਼ ਥੋੜ੍ਹਾ ਬਹੁਤ ਸਮਾਂ ਕੱਢ ਲੈਣਾ ਚਾਹੀਦਾ ਹੈ ਆਪਣੇ ਆਪ ਹੱਲ ਮਿਲ ਜਾਂਦਾ ਹੈ।ਭਾਰਤ ਦੀ ਧਰਤੀ ਜ਼ਮੀਨ ਤੇ ਨੌਕਰੀਆਂ ਸੀਮਤ ਹਨ,ਇਸ ਨੂੰ ਨਾ ਰੱਬ ਨਾ ਕੋਈ ਸਰਕਾਰ ਵਧਾ ਸਕਦੀ ਹੈ।

ਕੁਦਰਤ ਨੂੰ ਰੱਬ ਦਾ ਨਾਮ ਦੇਣਾ ਬੰਦ ਕਰਨਾ ਚਾਹੀਦਾ ਹੈ।ਕੁਦਰਤ ਦਾ ਵਰਤਾਰਾ ਸਾਡੇ ਚਾਰੇ ਪਾਸੇ ਹੈ ਆਪਣਾ ਤੀਜਾ ਨੇਤਰ ਖੋਲ੍ਹ ਕੇ ਵੇਖ ਲੈਣਾ ਚਾਹੀਦਾ ਹੈ,ਇਹ ਕਿਸੇ ਕਿਤਾਬ ਜਾਂ ਗ੍ਰੰਥ ਵਿਚ ਨਹੀਂ ਲਿਖਿਆ ਹੋਇਆ।ਸਾਡੇ ਗੁਰੂਆਂ ਪੀਰਾਂ ਨੇ ਸਾਨੂੰ ਕੁਦਰਤ ਦੇ ਕਾਨੂੰਨਾਂ ਨਾਲ ਚੱਲਣ ਦੀ ਸੇਧ ਦਿੱਤੀ ਹੈ,ਉਨ੍ਹਾਂ ਵੱਲੋਂ ਦਿੱਤੇ ਵਿਚਾਰਾਂ ਤੇ ਅਮਲ ਨਹੀਂ ਕੀਤਾ ਜਾਂਦਾ ਉਸ ਨੂੰ ਰੋਜ਼ਾਨਾ ਦਾ ਇੱਕ ਧਾਰਮਿਕ ਪਾਠ ਬਣਾ ਲਿਆ ਜਾਂਦਾ ਹੈ,ਤੇ ਬਚਨ ਲਿਖਣ ਵਾਲੇ ਨੂੰ ਆਪਣਾ ਪੀਰ ਮੰਨ ਕੇ ਧੂਫ ਬੱਤੀ ਕਰਨੀ ਚਾਲੂ ਕਰ ਦਿੱਤੀ ਜਾਂਦੀ ਹੈ।

ਬਾਬਾ ਨਾਨਕ ਨੇ ਹਵਾ ਨੂੰ ਗੁਰੂ ਕਿਹਾ,ਪਾਣੀ ਨੂੰ ਪਿਤਾ ਕਿਹਾ ਤੇ ਧਰਤੀ ਨੂੰ ਮਾਤਾ,ਆਪਾਂ ਇਨ੍ਹਾਂ ਤਿੰਨਾਂ ਚੀਜ਼ਾਂ ਦਾ ਸ਼ਰ੍ਹੇਆਮ ਖਿਲਵਾੜ ਕਰ ਰਹੇ ਹਾਂ।ਹਰ ਰੋਜ਼ ਸ਼ਬਦ ਰੂਪੀ ਜ਼ਰੂਰ ਪੜ੍ਹ ਲੈਂਦੇ ਹਾਂ,ਜਦੋਂ ਤਕ ਅਮਲ ਨਹੀਂ ਕਰਾਂਗੇ ਤਾਂ ਆਪਣੀ ਜ਼ਿੰਦਗੀ ਦਾ ਖਿਲਵਾੜ ਹੁੰਦਾ ਰਹੇਗਾ।ਬੇਰੁਜ਼ਗਾਰੀ ਗ਼ਰੀਬੀ ਮਹਿੰਗਾਈ ਨੂੰ ਠੱਲ੍ਹ ਪਾਉਣ ਲਈ ਵਧ ਰਹੀ ਆਬਾਦੀ ਨੂੰ ਕਾਬੂ ਕਰਨਾ ਪਵੇਗਾ ਇਸ ਦਾ ਹੋਰ ਕੋਈ ਹੱਲ ਨਹੀਂ,ਇਸ ਦਾ ਪ੍ਰਚਾਰ ਨਹੀਂ ਠੋਸ ਹੱਲ ਹਰ ਇਕ ਇਨਸਾਨ ਨੂੰ ਖ਼ੁਦ ਕੱਢਣਾ ਪਵੇਗਾ।

-ਰਮੇਸ਼ਵਰ ਸਿੰਘ, ਪਟਿਆਲਾ।

ਸੰਪਰਕ : 99148-80392

 

 

 

 

‘ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly

Previous articleਭੁੱਖ, ਗਰੀਬੀ ….
Next articleਲੋਟਨ ਮਿੱਤਰਾਂ ਦਾ, ਨਾਂ ਬੋਲਦਾ ਗੁਬਿੰਦੀ ਏ ਤੇਰਾ