ਵੱਢ ਕੇ ਧਰਤੀ ਉੱਤੋਂ, ਛਾਵਾਂ ਵਾਲੇ ਰੁੱਖ,
ਕਰੇ ਉਡੀਕ ਵਰਖਾ ਦੀ, ਅਕਲੋਂ ਅੰਨ੍ਹਾ ਮਨੁੱਖ।
ਖਾ ਲਿਆ ਹੈ ਨਸ਼ਿਆਂ ਨੇ, ਜਿਸ ਮਾਂ-ਪਿਉ ਦਾ ਪੁੱਤ,
ਉਸ ਨੂੰ ਚੰਗੀ ਲੱਗੇ , ਕਿੱਦਾਂ ਬਸੰਤ ਰੁੱਤ?
ਲ਼ੱਗਦੈ ਪਾਕਿਸਤਾਨ ਨੇ, ਪੀਤੀ ਹੋਈ ਭੰਗ,
ਤਾਂ ਹੀ ਸਰਹੱਦਾਂ ਉੱਤੇ, ਉਸ ਨੇ ਛੇੜੀ ਜੰਗ।
ਜੋ ਆਪਣੇ ਬਜ਼ੁਰਗਾਂ ਦਾ, ਕਰਦੇ ਨ੍ਹੀ ਸਤਿਕਾਰ,
ਉਨ੍ਹਾਂ ਨੂੰ ਕੋਈ ਵੀ ਇੱਥੇ, ਕਰਦਾ ਨਹੀਂ ਪਿਆਰ।
ਜੇ ਕੋਈ ਗੁਣ ਨ੍ਹੀ ਕੋਲ,ਕੀ ਕਰਨੇ ਗੋਰੇ ਰੰਗ,
ਕਾਲਿਆਂ ਦੇ ਕੰਮ ਵੇਖ , ਦੁਨੀਆ ਰਹਿ ਗਈ ਦੰਗ।
ਜੇ ਲੋਕੀਂ ਵਿਆਹਾਂ ਵਿੱਚ, ਆਪ ਨਾ ਮੰਗਣ ਦਾਜ,
ਆਪੇ ਬੰਦ ਹੋ ਜਾਣਾ, ਇਹ ਚੰਦਰਾ ਰਿਵਾਜ।
ਜੇ ਕਰ ਵੋਟਾਂ ਦੀ ਕੀਮਤ, ਜਾਣਦੇ ਹੁੰਦੇ ਲੋਕ,
ਤਾਂ ਉਹ ਗੱਦੀ ਤੇ ਬੈਠਣੋਂ, ਚੋਰਾਂ ਨੂੰ ਲੈਂਦੇ ਰੋਕ।
ਕਾਹਦਾ ਲੋਕ ਰਾਜ ਇੱਥੇ, ਕੋਈ ਨਾ ਹੋਵੇ ਕੰਮ,
ਪੈਸੇ ਨਾਲ ਹਰ ਇਕ ਕੰਮ, ਹੋ ਜਾਂਦਾ ਹੈ ਇਕ ਦਮ।
ਆਪਣੇ ਦੇਸ਼ ਨੂੰ ਜਿਹੜੇ ਲੁੱਟ ਰਹੇ ਨੇ ਆਪ,
ਇਸ ਤੋਂ ਵੱਡਾ ਹੋਰ ਕੀ, ਉਹ ਕਰ ਸਕਦੇ ਨੇ ਪਾਪ ?
ਮਹਿੰਦਰ ਸਿੰਘ ਮਾਨ
ਪਿੰਡ ਤੇ ਡਾਕ ਰੱਕੜਾਂ ਢਾਹਾ
(ਸ਼.ਭ.ਸ਼.ਨਗਰ)9915803554