(ਸਮਾਜ ਵੀਕਲੀ)
ਇੱਕ ਥਾਂ ਤੋਂ ਦੂਸਰੀ ਥਾਂ ਤੱਕ ਆਉਣ – ਜਾਣ ਲਈ ਮਨੁੱਖ ਦੁਆਰਾ ਕਈ ਸਾਧਨਾਂ ਦੀ ਵਰਤੋਂ ਕੀਤੀ ਜਾਂਦੀ ਹੈ। ਇਨ੍ਹਾਂ ਆਵਾਜਾਈ ਦੇ ਸਾਧਨਾਂ ਵਿਚੋਂ ਇੱਕ ਮੁੱਖ ਸਾਧਨ ਹੈ : ਮੋਟਰਸਾਈਕਲ ਜਾਂ ਸਕੂਟਰੀ।ਅਸੀਂ ਅਕਸਰ ਆਪਣੇ ਪਰਿਵਾਰਕ ਮੈਂਬਰਾਂ , ਰਿਸ਼ਤੇਦਾਰਾਂ ਤੇ ਜਾਣਕਾਰ ਵਿਅਕਤੀਆਂ ਨਾਲ ਮੋਟਰਸਾਈਕਲ ‘ਤੇ ਸਫਰ ਕਰਦੇ ਹਾਂ ਅਤੇ ਰੋਜ਼ਾਨਾ ਜੀਵਨ ਦੇ ਕੰਮ – ਧੰਦੇ ਪੂਰੀ ਕਰਦੇ ਹਾਂ। ਇਸੇ ਤਰ੍ਹਾਂ ਸਾਡੀਆਂ ਮਾਤਾਵਾਂ , ਭੈਣਾਂ , ਧੀਆਂ ਵੀ ਮੋਟਰਸਾਈਕਲਾਂ ‘ਤੇ ਸਫ਼ਰ ਕਰਦੀਆਂ ਹਨ , ਪ੍ਰੰਤੂ ਕਈ ਵਾਰ ਇਹ ਦੇਖਣ ਵਿੱਚ ਆਉਂਦਾ ਹੈ ਕਿ ਅਕਸਰ ਔਰਤਾਂ ਮੋਟਰਸਾਈਕਲ ‘ਤੇ ਸਫਰ ਕਰਨ ਦੇ ਦੌਰਾਨ ਆਪਣੇ ਗਲ਼ ਵਿੱਚ ਪਾਈ ਹੋਈ ਚੁੰਨੀ ਜਾਂ ਦੁਪੱਟਾ ਆਦਿ ਗਲ਼ ਵਿੱਚ ਪਾ ਕੇ ਹੇਠਾਂ ਮੋਟਰਸਾਈਕਲ ਜਾਂ ਸਕੂਟਰੀ ਦੇ ਟਾਇਰਾਂ ਵੱਲ ਸੁੱਟ / ਕਰ ਰੱਖਦੀਆਂ ਹਨ ; ਜੋ ਕਿ ਬਹੁਤ ਵੱਡੀ ਭਿਆਨਕ ਜਾਨਲੇਵਾ ਅਣਗਹਿਲੀ ਹੈ। ਜਿਸ ਨਾਲ ਕਿ ਕਿਸੇ ਵੀ ਧੀ , ਭੈਣ , ਮਾਤਾ ਦੀ ਜਾਨ ਜਾ ਸਕਦੀ ਹੈ ਅਤੇ ਅਚਾਨਕ ਹੀ ਬਹੁਤ ਵੱਡੀ ਦੁਖਦਾਇਕ ਦੁਰਘਟਨਾ ਵਾਪਰ ਸਕਦੀ ਹੈ ਤੇ ਅਚਾਨਕ ਹੀ ਹੱਸਦੇ – ਵੱਸਦੇ ਘਰ ਉੱਜੜ ਜਾਂਦੇ ਹਨ। ਇਹ ਤਾਂ ਕੇਵਲ ਤੇ ਕੇਵਲ ਉਸ ਇਨਸਾਨ ਨੂੰ ਹੀ ਪਤਾ ਹੈ , ਜਿਸ ਵਿਚਾਰੇ ਨਾਲ ਜ਼ਰਾ ਜਿੰਨੀ ਵਾਪਰੀ ਅਣਗਹਿਲੀ ਸਦਕਾ ਪਰਿਵਾਰ ਦਾ ਮੈਂਬਰ ਅਕਾਲ ਮ੍ਰਿਤੂ ਦੇ ਮੂੰਹ ਵਿੱਚ ਚਲਾ ਜਾਂਦਾ ਹੈ। ਵੀਰਾਂ ਤੇ ਬਜ਼ੁਰਗਾਂ ਨੂੰ ਵੀ ਅਜਿਹੀ ਅਣਗਹਿਲੀ ਲਈ ਖੁਦ ਪ੍ਰਤੀ ਅਤੇ ਖ਼ਾਸ ਤੌਰ ‘ਤੇ ਔਰਤਾਂ ਪ੍ਰਤੀ ਬਹੁਤ ਜ਼ਿਆਦਾ ਸੁਚੇਤ ਹੋਣਾ ਪੈਣਾ ਹੈ । ਇਸ ਦੇ ਨਾਲ ਹੀ ਸਾਨੂੰ ਆਪਣੇ ਮੋਟਰਸਾਈਕਲ /ਸਕੂਟਰੀ ਆਦਿ ਦਾ ਸਟੈਂਡ ਵੀ ਡਰਾਈਵਿੰਗ ਕਰਦੇ ਸਮੇਂ ਜ਼ਰੂਰ ਚੁੱਕ ਲੈਣਾ/ਉੱਪਰ ਕਰ ਲੈਣਾ ਚਾਹੀਦਾ ਹੈ। ਇਨ੍ਹਾਂ ਦੋਵਾਂ ਨਿੱਕੀਆਂ , ਪਰ ਬਹੁਤ ਘਾਤਕ ਅਣਗਹਿਲੀਆਂ ਪ੍ਰਤੀ ਸਾਨੂੰ ਖੁਦ ਅਤੇ ਸੜਕ ‘ਤੇ ਆ – ਜਾ ਰਹੇ ਹੋਰ ਦੂਸਰੇ ਲੋਕਾਂ ਪ੍ਰਤੀ ਵੀ ਧਿਆਨ ਦਿੰਦੇ ਰਹਿਣਾ ਚਾਹੀਦਾ ਹੈ। ਸ਼ਾਇਦ ਦੂਸਰਿਆਂ ਪ੍ਰਤੀ ਨਿਭਾਇਆ ਗਿਆ ਇਹ ਫ਼ਰਜ਼ ਬਹੁਤ ਵੱਡਾ ਪੁੰਨ ਹੀ ਹੈ।
‘ਸਮਾਜ ਵੀਕਲੀ’ ਐਪ ਡਾਊਨ ਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly