ਸਾਨੂੰ ਇਸ ਗੱਲ ਦੀ ਖੁਸ਼ੀ , ਮਾਣ , ਹੌਂਸਲਾ ਅਤੇ ਸਕੂਨ ਹੋਣਾ ਚਾਹੀਦਾ ਹੈ ਕਿ ਅਸੀਂ ਅਜਿਹੀ ਪਵਿੱਤਰ , ਧਾਰਮਿਕ ਅਤੇ ਮਰਿਆਦਤ ਪੂਜਣਯੋਗ ਪਾਵਨ ਭੂਮੀ ‘ਤੇ ਜਨਮ ਲਿਆ ਹੈ , ਜਿੱਥੇ ਮਹਾਨ , ਸ਼ਕਤੀਵਾਨ , ਅਧਿਆਤਮਕ ਅਤੇ ਉੱਚ – ਕੋਟੀ ਦੇ ਰਿਸ਼ੀ , ਮੁਨੀ , ਗੁਰੂ , ਪੀਰ, ਫ਼ੱਕਰ , ਫ਼ਕੀਰ, ਮਸਤ , ਔਲੀਏ , ਵਲੀ , ਨਬੀ , ਸੂਫੀ , ਸੰਤ , ਸਾਧੂ , ਮਹਾਤਮਾ , ਅਧਿਆਤਮਕ ਸ਼ਖ਼ਸੀਅਤਾਂ , ਜਤੀ , ਸਤੀ , ਤਪੱਸਵੀ ਅਤੇ ਮਹਾਨ ਤੇ ਅਨੰਤ ਸ਼ਕਤੀਸ਼ਾਲੀ, ਗਿਆਨਵਾਨ ਤੇ ਸੂਝਵਾਨ ਵਿਅਕਤੀਤਵਾਂ ਦੀ ਹੋਂਦ ਰਹੀ। ਇਨ੍ਹਾਂ ਦਿਵਯ ਸ਼ਖ਼ਸੀਅਤਾਂ ਦੇ ਗਿਆਨ – ਪ੍ਰਕਾਸ਼ ਨੇ ਸਾਡੇ ਦੇਸ਼ ਅਤੇ ਦੇਸ਼ ਵਾਸੀਆਂ ਨੂੰ ਨਵੀਆਂ ਜੀਵਨ – ਸੇਧਾਂ ਦਿੱਤੀਆਂ, ਹਜ਼ਾਰਾਂ – ਲੱਖਾਂ ਸਾਲ ਪਹਿਲੇ ਤੋਂ ਹੀ ਸਾਨੂੰ ਭਵਿੱਖਤ ਗਿਆਨ ਪ੍ਰਦਾਨ ਕੀਤਾ, ਜੋ ਅੱਜ ਵਿਗਿਆਨਕ ਨਜ਼ਰੀਏ ਪੱਖੋਂ ਵੀ ਪਰਿਪੂਰਨ ਸਾਬਤ ਹੋ ਰਿਹਾ ਹੈ। ਸਾਡੇ ਦੇਸ਼ ਦੀਆਂ ਇਨ੍ਹਾਂ ਮਹਾਨ ਵਿਭੂਤੀਆਂ ਨੇ ਸਾਨੂੰ ਸੁਚਾਰੂ ਤੇ ਸਾਰਥਕ ਜੀਵਨ ਜਿਊਣ ਲਈ ਅਨੇਕਾਂ ਅਦਭੁਤ, ਅਨਮੋਲ ਅਤੇ ਵਡਮੁੱਲੀਆਂ ਜੀਵਨ – ਸੇਧਾਂ, ਸਿੱਖਿਆਵਾਂ ਅਤੇ ਗਿਆਨਵਾਨ ਅਗਵਾਈਆਂ ਸਾਨੂੰ ਬਹੁਤ ਸਮਾਂ ਪਹਿਲਾਂ ਮੁਹੱਈਆ ਕਰਵਾ ਦਿੱਤੀਆਂ ਸਨ , ਤਾਂ ਜੋ ਮਨੁੱਖ ਦਾ ਜੀਵਨ ਆਰਾਮਦਾਇਕ , ਸੁਖਾਲਾ, ਅਨੰਦਮਈ, ਸੁੱਖ – ਸਕੂਨ ਭਰਿਆ, ਭੈਅ – ਮੁਕਤ, ਪ੍ਰੇਸ਼ਾਨੀ – ਮੁਕਤ ਅਤੇ ਉੱਤਮ ਪੱਧਤੀ ਦਾ ਬਣ ਸਕੇ ਤੇ ਬਤੀਤ ਹੋ ਸਕੇ ਅਤੇ ਮਾਨਵ ਖ਼ੁਸ਼ੀ – ਖ਼ੁਸ਼ੀ ਆਪਣਾ ਜੀਵਨ ਬਸਰ ਕਰ ਸਕੇ।
ਇਸੇ ਸੇਧਿਤ ਗਿਆਨ – ਪ੍ਰਕਾਸ਼ ਤਹਿਤ ਸਾਨੂੰ ਜਿਸ ਇੱਕ ਅਨਮੋਲ ਗਿਆਨਮਈ ਪ੍ਰਕਾਸ਼ ਦੀ ਮਹਾਂਪੁਰਸ਼ਾਂ ਤੋਂ ਪ੍ਰਾਪਤੀ ਹੋਈ ਹੈ, ਉਹ ਇਹ ਹੈ ਕਿ ਸਾਨੂੰ ਕਦੇ ਵੀ ਜਾਣੇ – ਅਣਜਾਣੇ ਵਿੱਚ ਜੰਗਲਾਂ ਆਦਿ ਨੂੰ ਅੱਗ ਆਦਿ ਨਹੀਂ ਲਗਾਉਣੀ ਚਾਹੀਦੀ ਅਤੇ ਪੰਛੀਆਂ – ਪਰਿੰਦਿਆਂ ਆਦਿ ਦੀ ਦਾਣਾ – ਪਾਣੀ ਨਾਲ ਯਥਾਸੰਭਵ ਸੇਵਾ ਕਰਨੀ ਚਾਹੀਦੀ ਹੈ। ਜਿਵੇਂ ਕਿ ਅੱਜ ਕੱਲ੍ਹ ਗਰਮੀਆਂ ਦਾ ਮੌਸਮ ਆਪਣਾ ਪ੍ਰਚੰਡ ਰੂਪ ਧਾਰਨ ਕਰ ਚੁੱਕਾ ਹੈ, ਹਰ ਪਾਸੇ ਤੇਜ਼ ਗਰਮ ਹਵਾਵਾਂ, ਗਰਮੀ ਤੇ ਲੂਹ ਆਦਿ ਨੇ ਪੈਰ ਪਸਾਰ ਲਏ ਹਨ, ਅਜਿਹੇ ਸਮੇਂ ਵਿੱਚ ਮਨੁੱਖ ਨੇ ਤਾਂ ਗਰਮੀ ਦੇ ਮਾਰੂ ਪ੍ਰਭਾਵ ਤੋਂ ਬਚਣ ਲਈ ਅਨੇਕਾਂ ਉਪਰਾਲੇ ਕਰ ਲਏ ਹਨ, ਪ੍ਰੰਤੂ ਕੁਦਰਤ ਦੇ ਜੀਵ – ਜੰਤੂ ਤੇ ਪੰਛੀ – ਪਰਿੰਦੇ ਆਦਿ ਇਸ ਸਮੇਂ ਦੌਰਾਨ ਕਾਫੀ ਵਿਚਲਿਤ ਹੋ ਰਹੇ ਹਨ। ਇਸ ਲਈ ਮਾਨਵਤਾ, ਧਾਰਮਿਕ ਅਤੇ ਵਿਗਿਆਨਕ ਦ੍ਰਿਸ਼ਟੀਕੋਣ ਅਨੁਸਾਰ ਸਾਨੂੰ ਆਪਣੇ – ਆਪਣੇ ਘਰਾਂ ਦੇ ਨਜ਼ਦੀਕ ਪੰਛੀ – ਪਰਿੰਦਿਆਂ ਦੇ ਲਈ ਪਾਣੀ ਦੇ ਕਟੋਰਿਆਂ, ਬਰਤਨਾਂ ਅਤੇ ਦਾਣਾ – ਪਾਣੀ ਦਾ ਪ੍ਰਬੰਧ ਕਰਦੇ ਰਹਿਣਾ ਚਾਹੀਦਾ ਹੈ, ਤਾਂ ਜੋ ਇਹ ਪੰਛੀ – ਪਰਿੰਦੇ ਇਸ ਪ੍ਰਚੰਡ ਗਰਮੀ ਦੇ ਪ੍ਰਕੋਪ ਤੋਂ ਕੁਝ ਰਾਹਤ ਮਹਿਸੂਸ ਕਰ ਸਕਣ, ਭੁੱਖੇ ਪਿਆਸੇ ਨਾ ਰਹਿਣ ਅਤੇ ਕੁਦਰਤ ਦੇ ਇਹ ਅਨਮੋਲ ਹੀਰੇ ਮਨੁੱਖੀ ਜੀਵਨ ਦੇ ਨਾਲ – ਨਾਲ ਆਪਣੀ ਹੋਂਦ ਬਣਾਈ ਰੱਖਣ ਤੇ ਇਨ੍ਹਾਂ ਨੂੰ ਆਸਾਨੀ ਨਾਲ ਭੋਜਨ ਪਾਣੀ ਉਪਲੱਬਧ ਹੋ ਸਕੇ ਅਤੇ ਇਹ ਕੁਦਰਤ – ਰਾਣੀ ਦਾ ਸ਼ਿੰਗਾਰ ਬਣੇ ਰਹਿਣ।
ਦੂਸਰੀ ਵੱਡੀ ਵਿਚਾਰਨਯੋਗ ਗੱਲ ਇਹ ਹੈ ਕਿ ਸਾਨੂੰ ਸਭ ਨੂੰ ਜੰਗਲਾਂ , ਵਣ – ਸੰਪਦਾ , ਘਾਹ – ਫੂਸ , ਝਾੜੀਆਂ ਆਦਿ ਨੂੰ ਅੱਗ ਲਗਾਉਣ ਤੋਂ ਤੇ ਲੱਗਣ ਤੋਂ ਬਚਾਉਣਾ ਚਾਹੀਦਾ ਹੈ, ਤਾਂ ਜੋ ਕਾਇਨਾਤ ਦੀ ਅਨਮੋਲ ਵਣ – ਸੰਪਦਾ ਅਤੇ ਕੁਦਰਤੀ ਮਾਹੌਲ ਤੇ ਵਰਤਾਰਾ ਤਬਾਹ ਨਾ ਹੋਵੇ ਅਤੇ ਕਈ ਤਰ੍ਹਾਂ ਦੇ ਜੰਗਲੀ ਜੀਵ – ਜੰਤੂ , ਕੀੜੇ – ਮਕੌੜੇ ਤੇ ਪੰਛੀ – ਪਰਿੰਦੇ ਖਤਮ ਹੋਣ ਤੋਂ ਬਚ ਜਾਣ । ਘਰਾਂ ਵਿੱਚ ਵੀ ਚੁੱਲਿਆਂ ਆਦਿ ਨੂੰ ਵਰਤੋਂ ਵਿੱਚ ਲਿਆਉਣ ਤੋਂ ਬਾਅਦ ਚੰਗੀ ਤਰ੍ਹਾਂ ਢੱਕ ਦੇਣਾ ਚਾਹੀਦਾ ਹੈ ਅਤੇ ਖੇਤਾਂ ਵਿੱਚ ਅੱਗ ਆਦਿ ਲਗਾਉਣ ਤੋਂ ਬਚਣਾ ਸਹੀ ਹੋ ਸਕਦਾ ਹੈ, ਤਾਂ ਜੋ ਤੇਜ਼ ਹਨੇਰੀਆਂ ਆਦਿ ਨਾਲ ਕਿਸੇ ਦੇ ਘਰ, ਜੰਗਲਾਂ, ਕੁਦਰਤੀ ਸੰਪਦਾ, ਹੋਰ ਘਾਹ – ਫੂਸ, ਝਾੜੀਆਂ ਆਦਿ ਨੂੰ ਅੱਗ ਨਾ ਲੱਗ ਸਕੇ। ਇਹ ਛੋਟੀਆਂ – ਛੋਟੀਆਂ ਸਾਵਧਾਨੀਆਂ ਸਾਨੂੰ ਭਿਆਨਕ ਸੰਕਟ, ਤਬਾਹੀ ਅਤੇ ਕੁਦਰਤੀ ਕਰੋਪੀਆਂ ਤੋਂ ਬਚਾ ਸਕਦੀਆਂ ਹਨ। ਕੁਦਰਤ ਪ੍ਰਤੀ ਕੁਝ ਨਾ ਕੁਝ ਸਮਰਪਣ – ਭਾਵ ਰੱਖਣਾ ਹੀ ਕੁਦਰਤ ਦੇ ਨੇੜੇ ਹੋਣਾ ਹੋ ਸਕਦਾ ਹੈ ਅਤੇ ਇਹ ਸ਼ਾਇਦ ” ਵੱਡਾ – ਪੁੰਨ ” ਵੀ ਹੋਵੇ ।