ਵੱਟ ਦੇ ਰੌਲੇ ਕਾਰਨ ਪਰਿਵਾਰ ’ਤੇ ਟਰੈਕਟਰ ਚੜ੍ਹਾਇਆ

ਕਾਹਨੂੰਵਾਨ (ਸਮਾਜ ਵੀਕਲੀ) : ਥਾਣਾ ਭੈਣੀ ਮੀਆਂ ਖਾਂ ਅਧੀਨ ਪੈਂਦੇ ਪਿੰਡ ਨਵੀਆਂ ਬਾਗੜੀਆਂ ਵਿੱਚ ਸਵੇਰ ਸਮੇਂ ਵਾਹੀ ਯੋਗ ਜ਼ਮੀਨ ਸਬੰਧੀ ਹੋਏ ਝਗੜੇ ਦੌਰਾਨ ਇਕ ਮੁਟਿਆਰ ਦੀ ਮੌਤ ਅਤੇ ਉਸ ਦੀ ਮਾਂ ਗੰਭੀਰ ਜ਼ਖ਼ਮੀ ਹੋ ਗਈ। ਜਾਣਕਾਰੀ ਦਿੰਦਿਆਂ ਮ੍ਰਿਤਕ ਲੜਕੀ ਸੁਮਨਦੀਪ ਕੌਰ (23) ਦੇ ਪਿਤਾ ਅਮਰਜੀਤ ਸਿੰਘ ਪਿੰਡ ਨਵੀਆਂ ਬਾਗੜੀਆਂ ਨੇ ਦੱਸਿਆ ਕਿ ਉਨ੍ਹਾਂ ਦੇ ਖੇਤ ਨਾਲ ਮਨਪ੍ਰੀਤ ਸਿੰਘ ਪੁੱਤਰ ਸੁਰਜੀਤ ਸਿੰਘ ਦੇ ਖੇਤ ਦੀ ਵੱਟ ਸਾਂਝੀ ਹੈ। ਸਵੇਰ ਵੇਲੇ ਮਨਪ੍ਰੀਤ ਸਿੰਘ ਨੇ ਉਨ੍ਹਾਂ ਨੂੰ ਬਿਨਾਂ ਦੱਸੇ ਆਪਣੇ ਟਰੈਕਟਰ ਨਾਲ ਵੱਟ ਵਾਹੁਣੀ ਸ਼ੁਰੂ ਕਰ ਦਿੱਤੀ।

ਉਸ ਨੇ ਪਰਿਵਾਰ ਸਮੇਤ ਮੌਕੇ ’ਤੇ ਪਹੁੰਚ ਕੇ ਉਸ ਨੂੰ ਅਜਿਹਾ ਕਰਨ ਤੋਂ ਰੋਕਣਾ ਚਾਹਿਆ ਪਰ ਮਨਪ੍ਰੀਤ ਨੇ ਗੱਲ ਸੁਣਨ ਦੀ ਬਜਾਏ ਟਰੈਕਟਰ ਨਾਲ ਉਨ੍ਹਾਂ ਦੇ ਪਰਿਵਾਰ ਮੈਂਬਰਾਂ ਨੂੰ ਜਾਨੋਂ ਮਾਰਨ ਦੀ ਨੀਅਤ ਨਾਲ ਦਰੜਨਾ ਸ਼ੁਰੂ ਕਰ ਦਿੱਤਾ। ਇਸ ਦੌਰਾਨ ਉਹ ਅਤੇ ਉਸ ਦਾ ਪੁੱਤਰ ਫੁਰਤੀ ਨਾਲ ਟਰੈਕਟਰ ਦੇ ਸਾਹਮਣੇ ਤੋਂ ਪਾਸੇ ਹੋ ਗਏ ਪਰ ਉਸ ਦੀ ਧੀ ਸੁਮਨਦੀਪ ਕੌਰ ਅਤੇ ਪਤਨੀ ਟਰੈਕਟਰ ਹੇਠ ਆਉਣ ਨਾਲ ਗੰਭੀਰ ਜ਼ਖ਼ਮੀ ਹੋ ਗਈਆਂ। ਜ਼ਖ਼ਮਾਂ ਦੀ ਤਾਬ ਨਾ ਸਹਾਰਦਿਆਂ ਸੁਮਨਦੀਪ ਕੌਰ ਦੀ ਮੌਕੇ ’ਤੇ ਮੌਤ ਹੋ ਗਈ ਅਤੇ ਉਸ ਦੀ ਪਤਨੀ ਨੂੰ ਜ਼ਖ਼ਮੀ ਹਾਲਤ ਵਿੱਚ ਸਿਵਲ ਹਸਪਤਾਲ ਭੈਣੀ ਮੀਆਂ ਖਾਂ ਵਿੱਚ ਦਾਖਲ ਕਰਵਾ ਦਿੱਤਾ ਗਿਆ। ਡੀਐੱਸਪੀ ਕੁਲਵਿੰਦਰ ਸਿੰਘ ਵਿਰਕ ਨੇ ਕਿਹਾ ਕਿ ਮਾਮਲੇ ਦੀ ਪੜਤਾਲ ਮਗਰੋਂ ਦੋਸ਼ੀਆਂ ਖ਼ਿਲਾਫ਼ ਪਰਚਾ ਦਰਜ ਕਰਕੇ ਅਗਲੇਰੀ ਕਾਨੂੰਨੀ ਕਾਰਵਾਈ ਕੀਤੀ ਜਾਵੇਗੀ।

 

 

 

‘ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly

Previous articleਸਿਹਤ ਸਹੂਲਤਾਂ ਦੀ ਨਾਕਾਮੀ ਕੈਪਟਨ ਸਰਕਾਰ ਦੇ ਮੱਥੇ ’ਤੇ ਕਲੰਕ: ਚੀਮਾ
Next articleਚੰਡੀਗੜ੍ਹ ਵਿੱਚ ਨਹੀਂ ਖੁੱਲ੍ਹਣਗੇ ਸ਼ਰਾਬ ਦੇ ਠੇਕੇ