ਹਿਜ਼ਬੁਲ ਮੁਜਾਹਿਦੀਨ ਦੇ ਕਮਾਂਡਰ ਬੁਰਹਾਨ ਵਾਨੀ ਦੇ ਮਾਰੇ ਜਾਣ ਦੇ ਤਿੰਨ ਵਰ੍ਹੇ ਪੂਰੇ ਹੋਣ ’ਤੇ ਵੱਖਵਾਦੀਆਂ ਵੱਲੋਂ ਦਿੱਤੇ ਗਏ ਬੰਦ ਦੇ ਸੱਦੇ ਕਾਰਨ ਅੱਜ ਕਸ਼ਮੀਰ ’ਚ ਆਮ ਜੀਵਨ ਪੂਰੀ ਤਰ੍ਹਾਂ ਠੱਪ ਰਿਹਾ। ਅਧਿਕਾਰੀਆਂ ਨੇ ਦੱਸਿਆ ਕਿ ਸ੍ਰੀਨਗਰ ’ਚ ਨੌਹੱਟਾ, ਖਾਨਯਾਰ, ਸਫਾਕਦਲ ਅਤੇ ਮਹਾਰਾਜਗੰਜ ਥਾਣਿਆਂ ਅਧੀਨ ਆਉਂਦੇ ਇਲਾਕਿਆਂ ’ਚ ਪਾਬੰਦੀਆਂ ਲਗਾਈਆਂ ਗਈਆਂ ਹਨ। ਉਨ੍ਹਾਂ ਦੱਸਿਆ ਕਿ ਕਾਨੂੰਨ ਪ੍ਰਬੰਧ ਬਣਾਏ ਰੱਖਣ ਅਤੇ ਕਿਸੇ ਵੀ ਅਣਸੁਖਾਵੀਂ ਘਟਨਾ ਤੋਂ ਬਚਣ ਲਈ ਸਾਵਧਾਨੀ ਵਜੋਂ ਪਾਬੰਦੀ ਲਗਾਈ ਗਈ ਹੈ। ਜ਼ਿਕਰਯੋਗ ਹੈ ਕਿ ਬੁਰਹਾਨ ਵਾਨੀ ਦੱਖਣੀ ਕਸ਼ਮੀਰ ਦੇ ਅਨੰਤਨਾਗ ਜ਼ਿਲ੍ਹੇ ਦੇ ਕੋਕਰਨਾਗ ਇਲਾਕੇ ’ਚ ਅੱਠ ਜੁਲਾਈ 2016 ਨੂੰ ਸੁਰੱਖਿਆ ਦਸਤਿਆਂ ਨਾਲ ਹੋਏ ਮੁਕਾਬਲੇ ’ਚ ਮਾਰਿਆ ਗਿਆ ਸੀ। ਉਸ ਦੇ ਮਾਰੇ ਜਾਣ ਮਗਰੋਂ ਵੱਡੇ ਪੱਧਰ ’ਤੇ ਰੋਸ ਮੁਜ਼ਾਹਰੇ ਹੋਏ ਸਨ ਅਤੇ ਚਾਰ ਮਹੀਨੇ ਸੁਰੱਖਿਆ ਬਲਾਂ ਨਾਲ ਮੁਕਾਬਲਿਆਂ ਦੌਰਾਨ 85 ਵਿਅਕਤੀ ਮਾਰੇ ਗਏ ਤੇ ਹਜ਼ਾਰਾਂ ਜ਼ਖ਼ਮੀ ਹੋਏ ਸਨ। ਜੁਆਇੰਟ ਰਜ਼ਿਸਟੈਂਟ ਲੀਡਰਸ਼ਿਪ (ਜੇਆਰਐੱਲ) ਦੀ ਅਗਵਾਈ ਹੇਠ ਵੱਖਵਾਦੀਆਂ ਨੇ ਅੱਜ ਪੂਰੀ ਤਰ੍ਹਾਂ ਬੰਦ ਰੱਖਣ ਅਤੇ ਤਰਾਲ ਤੇ ਇਸ ਦੇ ਨੇੜਲੇ ਇਲਾਕਿਆਂ ਦੇ ਲੋਕਾਂ ਨੂੰ ਆਪਣੇ ਇਲਾਕੇ ਅੰਦਰ ਹਰ ਸ਼ਹੀਦ ਨੂੰ ਸ਼ਰਧਾਂਜਲੀ ਦੇਣ ਦੀ ਅਪੀਲ ਕੀਤੀ ਸੀ। ਅਧਿਕਾਰੀਆਂ ਨੇ ਦੱਸਿਆ ਕਿ ਅੱਜ ਸ੍ਰੀਨਗਰ ਅੰਦਰ ਦੁਕਾਨਾਂ, ਪੈਟਰੋਲ ਪੰਪ ਅਤੇ ਹੋਰ ਕਾਰੋਬਾਰੀ ਅਦਾਰੇ ਪੂਰੀ ਤਰ੍ਹਾਂ ਬੰਦ ਰਹੇ। ਅਧਿਕਾਰੀਆਂ ਨੇ ਦੱਸਿਆ ਕਿ ਸੰਵੇਦਨਸ਼ੀਲ ਇਲਾਕਿਆਂ ਵੱਲ ਸੁਰੱਖਿਆ ਦਸਤਿਆਂ ਨੂੰ ਰਵਾਨਾ ਕੀਤਾ ਗਿਆ ਹੈ ਪਰ ਸ੍ਰੀਨਗਰ-ਜੰਮੂ ਕੌਮੀ ਮਾਰਗ ’ਤੇ ਸੈਨਾ ਦੇ ਕਾਫਲਿਆਂ ਦੀ ਆਵਾਜਾਈ ਰੋਕ ਦਿੱਤੀ ਗਈ ਹੈ। ਡੀਜੀਪੀ ਦਿਲਬਾਗ ਸਿੰਘ ਨੇ ਕਿਹਾ ਕਿ ਅਮਨ ਕਾਨੂੰਨ ਦੀ ਸਥਿਤੀ ਬਣਾਏ ਰੱਖਣ ਲਈ ਹਰ ਤਰ੍ਹਾਂ ਦੇ ਕਦਮ ਚੁੱਕੇ ਜਾ ਗਏ ਹਨ।
INDIA ਵੱਖਵਾਦੀਆਂ ਦੇ ਸੱਦੇ ’ਤੇ ਸ੍ਰੀਨਗਰ ’ਚ ਆਮ ਜੀਵਨ ਠੱਪ