11 ਮੈਂਬਰੀ ਕਮੇਟੀ ਚਲਾਉਂਦੀ ਹੈ ਸਾਰੀ ਵਿਵਸਥਾ -ਪਾਣੀ ਤੇ ਬਿਜਲੀ ਬਚਤ ਨੂੰ ਮਿਲਿਆ ਵੱਡਾ ਹੁਲਾਰਾ
ਸੁਲਤਾਨਪੁਰ ਲੋਧੀ (ਸਮਾਜ ਵੀਕਲੀ) (ਕੌੜਾ)- ਸੁਲਤਾਨਪੁਰ ਲੋਧੀ ਹਲਕੇ ਦਾ ਪਿੰਡ ਭੈਣੀ ਹੁਸੇ ਖਾਂ ‘ਵੌਲੀਅਮ ਬੇਸਿਡ’ ਅਧਾਰਿਤ 24 ਘੰਟੇ ਪੀਣ ਵਾਲੇ ਸਾਫ ਪਾਣੀ ਨਾਲ ਬਾਕੀਆਂ ਲਈ ਰਾਹ ਦਸੇਰਾ ਬਣਕੇ ਉਭਰਿਆ ਹੈ। ਸੂਬੇ ਦੇ ਜਲ ਸਪਲਾਈ ਤੇ ਸੈਨੀਟੇਸ਼ਨ ਵਿਭਾਗ ਵਲੋਂ ਪਿੰਡਾਂ ਅੰਦਰ ਖੁਦਮੁਖਤਿਆਰ ਤਰੀਕੇ ਨਾਲ ਸਮੁੱਚੀ ਵਿਵਸਥਾ ਲਾਗੂ ਕਰਨ ਤਹਿਤ ਇਸ ਪਿੰਡ ਦੀ ਚੋਣ ਕੀਤੀ ਗਈ ਸੀ ਅਤੇ 4 ਮਹੀਨੇ ਪਹਿਲਾਂ ਇਸ ਨਿਵੇਕਲੀ ਯੋਜਨਾ ਦੀ ਭੈਣੀ ਹੁਸੇ ਖਾਂ ਵਿਖੇ ਸ਼ੁਰੂਆਤ ਕੀਤੀ ਗਈ। ਪਿੰਡ ਦੀ 11 ਮੈਂਬਰੀ ਕਮੇਟੀ ਵਲੋਂ ਪਾਣੀ ਸਪਲਾਈ ਯਕੀਨੀ ਬਣਾਉਣ, ਬਿੱਲ ਇਕੱਤਰ ਕਰਨ, ਬਿੱਲ ਭਰਨ, ਸਾਂਭ ਸੰਭਾਲ ਆਦਿ ਦੀ ਨਿਗਰਾਨੀ ਕੀਤੀ ਜਾਂਦੀ ਹੈ।
ਜਲ ਸਪਲਾਈ ਤੇ ਸੈਨੀਟੇਸ਼ਨ ਵਿਭਾਗ ਦੀ ਇਹ ਸੁਵਿਧਾ ਲੈਣ ਲਈ ਪਿੰਡ ਵਲੋਂ ਜਲ ਸਪਲਾਈ ਤੇ ਸੈਨੀਟੇਸ਼ਨ ਵਿਭਾਗ ਨਾਲ ਸੰਪਰਕ ਕੀਤਾ ਗਿਆ ਅਤੇ ਆਪਣੇ ਪਿੰਡ ਦੇ ਹਿੱਸੇ ਦੀ ਰਕਮ 11 ਮੈਂਬਰੀ ਗ੍ਰਾਮ ਪੰਚਾਇਤ ਵਾਟਰ ਸਪਲਾਈ ਕਮੇਟੀ(ਜੀ.ਪੀ.ਡਬਲਿਊ.ਐਸ.ਸੀ.) ਦੇ ਜਰੀਏ ਜਮਾਂ ਕਰਵਾਏ ਗਏ। ਵਿਭਾਗ ਵਲੋਂ ਸਾਰੇ ਘਰਾਂ ਵਿੱਚ ਪਾਣੀ ਦੇ ਮੀਟਰ ਲੱਗੇ ਤਾਂ ਜੋ 24 ਘੰਟੇ ਆਉਣ ਵਾਲੇ ਪਾਣੀ ਦੀ ਲੋਕ ਦੁਰਵਰਤੋਂ ਨਾ ਕਰਨ ਅਤੇ ਖਪਤ ਕੀਤੇ ਪਾਣੀ ਦਾ ਬਿੱਲ ਭਰਨ।
ਸਰਪੰਚ ਗੁਰਦੀਪ ਸਿੰਘ ਦੱਸਦੇ ਹਨ ਕਿ ‘ਪਿੰਡ ਵਿਚ 125 ਕੁਨੈਕਸ਼ਨ ਹਨ, ਜਿਨਾਂ ਉੱਪਰ ਮੀਟਰ ਲੱਗੇ ਹਨ, ਜੋ ਕਿ ਵੌਲੀਅਮ ਮੈਟਰਿਕਸ ’ਤੇ ਅਧਾਰਿਤ ਹਨ, ਜਿਸ ਰਾਹੀਂ ਪਾਣੀ ਦੀ ਵਰਤੋਂ ਅਨੁਸਾਰ ਹੀ ਬਿੱਲ ਆਉਂਦਾ ਹੈ।
ਕਮੇਟੀ ਵਲੋਂ ਬਿੱਲ ਸਬੰਧੀ ਉਗਰਾਹੀ ਕਰਕੇ ਜੋ ਪੈਸੇ ਪਿੰਡ ਵਿਚੋਂ ਬਿੱਲਾਂ ਦੇ ਇਕੱਠੇ ਹੁੰਦੇ ਹਨ, ਉਸ ਨੂੰ ਜੀ.ਪੀ.ਡਬਲਿਊ.ਐਸ.ਸੀ. ਦੇ ਖਾਤੇ ਵਿੱਚ ਜਮਾਂ ਕਰਵਾਇਆ ਜਾਂਦਾ ਹੈ । ਕਮੇਟੀ ਦੇ ਮੈਬਰਾਂ ਵੱਲੋਂ ਇਸ ਪੈਸੇ ਨਾਲ ਬਿਜਲੀ ਦਾ ਬਿੱਲ, ਪੰਪ ਉਪਰੇਟਰ ਅਤੇ ਕੈਸੀਅਰ ਦੀ ਤਨਖਾਹ ਦੀ ਅਦਾਇਗੀ ਕੀਤੀ ਜਾਂਦੀ ਹੈ ।