ਟੈਲੀਕਾਮ ਅਪਰੇਟਰ ਵੋਡਾਫੋਨ ਆਈਡੀਆ ਨੇ ਅੱਜ ਐਲਾਨੇ ਨਵੇਂ ਪਲਾਨਾਂ ਤਹਿਤ 3 ਦਸੰਬਰ ਤੋਂ ਆਪਣੇ ਪ੍ਰੀ-ਪੇਡ ਗਾਹਕਾਂ ਲਈ ਕਾਲ ਤੇ ਡਾਟਾ ਦਰਾਂ 42 ਫੀਸਦ ਤਕ ਵਧਾਉਣ ਦਾ ਫੈਸਲਾ ਕੀਤਾ ਹੈ। ਉਂਜ ਪਿਛਲੇ ਚਾਰ ਸਾਲਾਂ ਵਿੱਚ ਇਹ ਪਹਿਲਾ ਮੌਕਾ ਹੈ ਜਦੋਂ ਟੈਲੀਕਾਮ ਜਾਇੰਟ ਨੇ ਮੋਬਾਈਲ ਟੈਰਿਫ ਦਰਾਂ ਵਧਾਈਆਂ ਹਨ। ਵੋਡਾਫੋਨ ਆਈਡੀਆ ਦੇ ਗਾਹਕਾਂ ਨੂੰ ਹੁਣ ਆਪਣੇ ਨੈੱਟਵਰਕ ਤੋਂ ਬਾਹਰ ਦੂਜੇ ਕਿਸੇ ਵੀ ਅਪਰੇਟਰ ਨੂੰ ਕੀਤੀ ਆਊਟਗੋਇੰਗ ਕਾਲ ਲਈ ਪ੍ਰਤੀ ਮਿੰਟ 6 ਪੈਸੇ ਅਦਾ ਕਰਨੇ ਹੋਣਗੇ। ਇਸ ਦੌਰਾਨ ਭਾਰਤੀ ਏਅਰਟੈੱਲ ਨੇ ਵੀ ਵੋਡਾਫੋਨ-ਆਈਡੀਆ ਦੇ ਨਕਸ਼ੇ ਕਦਮ ’ਤੇ ਤੁਰਦਿਆਂ 3 ਦਸੰਬਰ ਤੋਂ ਆਪਣੇ ਪ੍ਰੀ-ਪੇਡ ਗਾਹਕਾਂ ਲਈ ਕਾਲ ਤੇ ਡਾਟਾ ਦਰਾਂ ਮਹਿੰਗੀਆਂ ਕਰ ਦਿੱਤੀਆਂ ਹਨ। ਏਅਰਟੈੱਲ ਨੇ ਵੀ ਇਹ ਦਰਾਂ 42 ਫੀਸਦ ਤਕ ਵਧਾਉਣ ਦਾ ਐਲਾਨ ਕੀਤਾ ਹੈ। ਵੋਡਾਫੋਨ-ਆਈਡੀਆ ਨੇ ਇਕ ਬਿਆਨ ਵਿੱਚ ਕਿਹਾ, ‘ਭਾਰਤ ਦੀ ਮੋਹਰੀ ਟੈਲੀਕਾਮ ਸਰਵਿਸ ਪ੍ਰੋਵਾਈਡਰ ਵੋਡਾਫੋਨ ਆਈਡੀਆ ਲਿਮਟਿਡ (ਵੀਆਈਐੱਲ) ਨੇ ਆਪਣੇ ਪ੍ਰੀਪੇਡ ਪ੍ਰਾਡਕਟਸ ਤੇ ਸਰਵਸਿਜ਼ ਲਈ ਨਵੇਂ ਟੈਰਿਫ਼/ਪਲਾਨਾਂ ਦਾ ਐਲਾਨ ਕੀਤਾ ਹੈ, ਜੋ 3 ਦਸੰਬਰ ਤੋਂ ਅਮਲ ਵਿੱਚ ਆਉਣਗੇ।’ ਨਵੇਂ ਪਲਾਨਾਂ ਤਹਿਤ ਅਨਲਿਮਟਿਡ ਪਲਾਨਜ਼ ਜਿਵੇਂ 2 ਦਿਨ, 28 ਦਿਨ, 84 ਦਿਨ, 365 ਦਿਨ ਲਗਪਗ ਪਹਿਲਾਂ ਦੇ ਮੁਕਾਬਲੇ 41.2 ਫੀਸਦ ਤਕ ਮਹਿੰਗੇ ਹੋਣਗੇ। ਮੌਜੂਦਾ ਸਮੇਂ ਇਕ ਸਾਲ ਦਾ ਅਨਲਿਮਟਿਡ ਪਲਾਨ ਜਿਹੜਾ 1699 ਰੁਪਏ ਵਿੱਚ ਮਿਲਦਾ ਹੈ, ਉਹ ਮੰਗਲਵਾਰ ਤੋਂ 2399 ਰੁਪਏ ਦਾ ਹੋ ਜਾਵੇਗਾ। ਡੇਢ ਜੀਬੀ 84 ਦਿਨ ਦੀ ਵੈਧਤਾ ਵਾਲਾ ਪਲਾਨ 458 ਰੁਪਏ ਦੀ ਥਾਂ 599 ਰੁਪਏ ਵਿੱਚ ਮਿਲੇਗਾ। ਕਾਬਿਲੇਗੌਰ ਹੈ ਕਿ ਸੁਪਰੀਮ ਕੋਰਟ ਵੱਲੋਂ ਕੀਤੀਆਂ ਹਦਾਇਤਾਂ ਮਗਰੋਂ ਵੀਆਈਐੱਲ ਅਨੁਮਾਨਿਤ 44,150 ਕਰੋੜ ਰੁਪਏ ਦੀ ਦੇਣਦਾਰ ਹੈ ਤੇ ਕਾਲ ਤੇ ਡੇਟਾ ਦਰਾਂ ਵਿੱਚ ਵਾਧਾ ਇਸੇ ਕੜੀ ਦਾ ਹਿੱਸਾ ਹੈ।
INDIA ਵੋਡਾਫੋਨ-ਆਈਡੀਆ ਨੇ ਪੋਸਟ ਪੇਡ ਗਾਹਕਾਂ ਲਈ ਕਾਲ ਤੇ ਡਾਟਾ ਦਰਾਂ ਵਧਾਈਆਂ