ਵੋਟਾਂ ਵਾਲੇ

ਰੋਮੀ ਘੜਾਮੇਂ ਵਾਲਾ

(ਸਮਾਜ ਵੀਕਲੀ)

ਸੌਂ ਜਾ ਬੱਬੂਆ ਵੇ ਵੋਟਾਂ ਵਾਲੇ ਆਏ ਨੇ।
ਬੇਸ਼ਰਮੀ ਦੇ ਨਾਲ ਫੇਰ ਕੁੰਡੇ ਖੜਕਾਏ ਨੇ।
ਸੌਂ ਜਾ ਬੱਬੂਆ ਵੇ ਵੋਟਾਂ ਵਾਲੇ ਆਏ ਨੇ।

ਮੂਹਰੇ ਮੂਹਰੇ ਲੱਗਾ ਪਰਧਾਨ ਵੇ ਮੁਹੱਲੇ ਦਾ,
ਸੁਣਨਾ ਈ ਪੈਣਾ ਏ ਸਿਆਪਾ ਕੱਲੇ ਕੱਲੇ ਦਾ।
ਪੰਚ ਸਰਪੰਚ ਵੀ ਸਪੋਟਾਂ ਵਾਲੇ ਆਏ ਨੇ।
ਸੌਂ ਜਾ ਬੱਬੂਆ ਵੇ ਵੋਟਾਂ ਵਾਲੇ ਆਏ ਨੇ।

ਆਰਾਮ ਨਾਲ ਸੌਂ ਜਾ ਕੋਈ ਗੱਲ ਸੁਣ ਲੈਣ ਦੇ,
‘ਅੱਛਿਆਂ ਦਿਨਾਂ’ ਦੇ ਵਾਲੀ ਝੱਲ ਸੁਣ ਲੈਣ ਦੇ।
ਵਿਰੋਧੀਆਂ ਲਈ ਮਿਹਣਿਆਂ ਤੇ ਚੋਟਾਂ ਵਾਲੇ ਆਏ ਨੇ।
ਸੌਂ ਜਾ ਬੱਬੂਆ ਵੇ ਵੋਟਾਂ ਵਾਲੇ ਆਏ ਨੇ।

ਬੈਂਕ ਵਾਲੀ ਕਾਪੀ ਤੇਰਾ ਦਾਦਾ ਪਿਆ ਤੱਕਦਾ,
ਕਿ ਸ਼ਾਇਦ ਕਿਤੋਂ ਪੈ ਜਏ ਚੈੱਕ ਪੰਦਰਾਂ ਕੁ ਲੱਖ ਦਾ।
‘ਕਾਲਾ ਧਨ’ ਖੂਫੀਆ ਰਿਪੋਟਾਂ ਵਾਲੇ ਆਏ ਨੇ।
ਸੌਂ ਜਾ ਬੱਬੂਆ ਵੇ ਵੋਟਾਂ ਵਾਲੇ ਆਏ ਨੇ।

ਭੂਆ ਤੇਰੀ ਵਾਸਤੇ ਵੇ ਸੈਂਟਰ ਖੁਲਾਉਣਗੇ,
ਚਾਚੇ ਨੂੰ ਵੀ ਨੋਕਰੀ ਦੇ ਫਾਰਮ ਭਰਾਉਣਗੇ।
ਪੂਰੇ ਮਾਲਾਮਾਲ ਨਾ ਵੇ ਤੋਟਾਂ ਵਾਲੇ ਆਏ ਨੇ।
ਸੌਂ ਜਾ ਬੱਬੂਆ ਵੇ ਵੋਟਾਂ ਵਾਲੇ ਆਏ ਨੇ।

ਆਈਫੋਨ ਵੰਡਣਗੇ ਸੱਭੇ ਭੈਣਾ ਭਾਈਆਂ ਨੂੰ,
ਪੈਨਸ਼ਨਾਂ ਲਾਉਣਗੇ ਵੇ ਬਾਬਿਆਂ ਤੇ ਮਾਈਆਂ ਨੂੰ।
ਬਹੁਤੇ ਇੱਕੋ ਦਲੋਂ ਕਈਂ ਜੋਟਾਂ ਵਾਲੇ ਆਏ ਨੇ।
ਸੌਂ ਜਾ ਬੱਬੂਆ ਵੇ ਵੋਟਾਂ ਵਾਲੇ ਆਏ ਨੇ।

ਬਾਪੂ ਤੇਰਾ ਹਫਤਾ ਕੁ ਠੇਕੇ ਤੇ ਨਾ ਜਾਊਗਾ,
ਬੋਤਲਾਂ ਦਾ ਢੇਰ ਘਰੇ ਖੂੰਜਿਆਂ ਚ ਲਾਊਗਾ।
ਭੁੱਕੀਆਂ, ਅਫ਼ੀਮਾਂ ਨਾਲੇ ਨੋਟਾਂ ਵਾਲੇ ਆਏ ਨੇ।
ਸੌਂ ਜਾ ਬੱਬੂਆ ਵੇ ਵੋਟਾਂ ਵਾਲੇ ਆਏ ਨੇ।

ਚੇਤੇ ਰੱਖੀਂ ਗੱਲ ਕਰੀਂ ਆਪਣਾ ਬਚਾਅ ਵੇ,
‘ਜੁਮਲੇ’ ਨੇ ਸਭ ਤੇ ਜਾਂ ‘ਗੱਲਾਂ ਦਾ ਕੜਾਹ’ ਵੇ।
ਸਮਝੀਂ ਨਾ ਕਾਜੂ, ਅਖਰੋਟਾਂ ਵਾਲੇ ਆਏ ਨੇ।
ਸੌਂ ਜਾ ਬੱਬੂਆ ਵੇ ਵੋਟਾਂ ਵਾਲੇ ਆਏ ਨੇ।

ਨਾ ਕੋਈ ‘ਨਮੋ ਨਮੋ’, ਬੇਈਮਾਨ ਰੋਮ ਰੋਮ ਵੇ,
ਝੂਠ ਮਹਾਰਾਜੇ ਗੱਪ ਫ਼ਖਰ-ਏ-ਕੌਮ ਵੇ।
ਲਾਰਿਆਂ ਦੇ ਨਾਂ ਤੇ ਦੇਣ ਛੋਟਾਂ ਵਾਲੇ ਆਏ ਨੇ।
ਸੌਂ ਜਾ ਬੱਬੂਆ ਵੇ ਵੋਟਾਂ ਵਾਲੇ ਆਏ ਨੇ।

#ਘੜਾਮੇਂ ਵਾਲੇ ਰੋਮੀ ਵਾਂਗੂੰ ਗੱਲਾਂ ਚ ਨੀ ਆਈਦਾ,
‘ਆਪ ਮਰੇ ਬਿਨਾਂ ਨਹੀਉਂ ਸੁਰਗਾਂ ਨੂੰ ਜਾਈਦਾ’।
ਨੀਤੀਆਂ ਤੇ ਨੀਤਾਂ ਵਲੋਂ ਖੋਟਾਂ ਵਾਲੇ ਆਏ ਨੇ।
ਸੌਂ ਜਾ ਬੱਬੂਆ ਵੇ ਵੋਟਾਂ ਵਾਲੇ ਆਏ ਨੇ।

ਰੋਮੀ ਘੜਾਮੇ ਵਾਲਾ

 

 

 

 

 

‘ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly

Previous articleਸ਼੍ਰੋਮਣੀ ਕਮੇਟੀ ਪ੍ਰਧਾਨ ਜਗੀਰ ਕੌਰ ਨੇ ਕੰਗਣਾ ਰਣੌਤ ਦੀ ਗ੍ਰਿਫ਼ਤਾਰੀ ਮੰਗੀ
Next article‘ਆ ਜਾ ਨਾਨਕ’