ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਅੱਜ ਇੱਥੇ ਵੋਟ ਪਾਉਣ ਤੋਂ ਬਾਅਦ ਕਿਹਾ ਕਿ ਵੋਟਰ ਸ਼ਨਾਖ਼ਤੀ ਕਾਰਡ ਅਤਿਵਾਦੀਆਂ ਦੇ ਆਈਈਡੀ (ਬਾਰੂਦੀ ਸੁਰੰਗ) ਤੋਂ ਜ਼ਿਆਦਾ ਤਾਕਤਵਰ ਹੈ। ਮੋਦੀ ਨੇ ਅੱਜ ਗੁਜਰਾਤ ਵਿਚ ਇਕੋ ਗੇੜ ’ਚ ਪਈਆਂ ਲੋਕ ਸਭਾ ਚੋਣਾਂ ਦੌਰਾਨ ਆਪਣੀ ਵੋਟ ਪਾਈ। ਇਸ ਤੋਂ ਬਾਅਦ ਉਹ ਪੋਲਿੰਗ ਬੂਥ ਤੋਂ ਥੋੜ੍ਹਾ ਦੂਰ ਗਏ ਤੇ ਮੀਡੀਆ ਨਾਲ ਗੱਲਬਾਤ ਕੀਤੀ। ਉਨ੍ਹਾਂ ਕਿਹਾ ਕਿ ਭਾਰਤੀ ਲੋਕਤੰਤਰ ਦੁਨੀਆ ਸਾਹਮਣੇ ਮਿਸਾਲ ਹੈ। ਇਕ ਪਾਸੇ ਆਈਈਡੀ ਅਤਿਵਾਦੀਆਂ ਦਾ ਹਥਿਆਰ ਹੈ ਤੇ ਦੂਜੇ ਪਾਸੇ ਵੋਟਰ ਸ਼ਨਾਖ਼ਤੀ ਕਾਰਡ ਲੋਕਤੰਤਰ ਦਾ ਹਥਿਆਰ ਤੇ ਤਾਕਤ ਹੈ। ਉਨ੍ਹਾਂ ਕਿਹਾ ਕਿ ਸਾਨੂੰ ਇਸ ਦੀ ਅਹਿਮੀਅਤ ਸਮਝਣ ਦੀ ਲੋੜ ਹੈ ਤੇ ਨਿੱਠ ਕੇ ਵੋਟਾਂ ਪਾਉਣੀਆਂ ਚਾਹੀਦੀਆਂ ਹਨ। ਮੋਦੀ ਨੇ ਕਿਹਾ ਕਿ ਉਹ ਆਪਣੇ ਪਿਤਰੀ ਸੂਬੇ ਵਿਚ ਵੋਟ ਪਾ ਕੇ ਖੁਸ਼ਕਿਸਮਤ ਮਹਿਸੂਸ ਕਰ ਰਹੇ ਹਨ। ਪ੍ਰਧਾਨ ਮੰਤਰੀ ਨੇ ਕਿਹਾ ਕਿ ਇਹ ਅਹਿਸਾਸ ਕੁੰਭ ਦੇ ਮੇਲੇ ਵਿਚ ਗੰਗਾ ਇਸ਼ਨਾਨ ਕਰਨ ਦੇ ਬਰਾਬਰ ਹੈ। ਉਨ੍ਹਾਂ ਪਹਿਲੀ ਵਾਰ ਵੋਟ ਪਾਉਣ ਵਾਲਿਆਂ ਨੂੰ ਵਿਸ਼ੇਸ਼ ਤੌਰ ’ਤੇ ਉਤਸ਼ਾਹਿਤ ਕੀਤਾ। ਮੋਦੀ ਰਨਿਪ ਇਲਾਕੇ ਵਿਚ ਸਥਿਤ ਨਿਸ਼ਾਨ ਹਾਈ ਸਕੂਲ ਦੇ ਪੋਲਿੰਗ ਬੂਥ ਵਿਚ ਵੋਟ ਪਾਉਣ ਲਈ ਖੁੱਲ੍ਹੀ ਜੀਪ ਵਿਚ ਪੁੱਜੇ। ਭਾਜਪਾ ਪ੍ਰਧਾਨ ਅਮਿਤ ਸ਼ਾਹ ਵੀ ਉਨ੍ਹਾਂ ਦੇ ਨਾਲ ਸਨ। ਪ੍ਰਧਾਨ ਮੰਤਰੀ ਦੀ ਮਾਤਾ ਨੇ ਗਾਂਧੀਨਗਰ ਜ਼ਿਲ੍ਹੇ ਵਿਚ ਵੋਟ ਪਾਈ। ਮੋਦੀ ਨੇ ਮਾਂ ਹੀਰਾਬਾ ਨਾਲ ਵੀ ਕੁਝ ਸਮਾਂ ਬਿਤਾਇਆ। ਪ੍ਰਧਾਨ ਮੰਤਰੀ ਨੇ ਸਨਅਤੀ ਨਗਰ ਆਸਨਸੋਲ ਵਿਚ ਤ੍ਰਿਣਮੂਲ ਕਾਂਗਰਸ ਪ੍ਰਧਾਨ ਮਮਤਾ ਬੈਨਰਜੀ ਦੇ ਪ੍ਰਧਾਨ ਮੰਤਰੀ ਬਣਨ ਦੇ ਸੁਫ਼ਨੇ ਦਾ ਮਖੌਲ ਉਡਾਉਂਦਿਆਂ ਕਿਹਾ ਕਿ ਜੇ ਅਹੁਦੇ ਦੀ ਨਿਲਾਮੀ ਹੁੰਦੀ ਤਾਂ ਉਹ ਚਿੱਟਫੰਡ ਘੁਟਾਲੇ ਤੋਂ ਲੁੱਟੇ ਪੈਸੇ ਨਾਲ ਇਸ ਨੂੰ ਖ਼ਰੀਦ ਲੈਂਦੀ।
HOME ਵੋਟਰ ਕਾਰਡ ਆਈਈਡੀ ਤੋਂ ਜ਼ਿਆਦਾ ਤਾਕਤਵਰ: ਮੋਦੀ