ਵੋਟਰਾਂ ਦੇ ਧਰੁਵੀਕਰਨ ਲਈ ਸਮਾਜਿਕ ਤਾਣੇ-ਬਾਣੇ ਨੂੰ ਤੋੜਿਆ ਜਾ ਰਿਹੈ: ਸੋਨੀਆ

ਨਵੀਂ ਦਿੱਲੀ (ਸਮਾਜ ਵੀਕਲੀ) :ਮੋਦੀ ਸਰਕਾਰ ’ਤੇ ਤਿੱਖਾ ਹਮਲਾ ਬੋਲਦਿਆਂ ਕਾਂਗਰਸ ਪ੍ਰਧਾਨ ਸੋਨੀਆ ਗਾਂਧੀ ਨੇ ਦੋਸ਼ ਲਾਇਆ ਹੈ ਕਿ ਪਿਛਲੇ ਅੱਠ ਸਾਲਾਂ ਦੌਰਾਨ ਸੱਤਾ ਸਿਰਫ਼ ਚੋਣਵੇਂ ਸਿਆਸਤਦਾਨਾਂ ਅਤੇ ਕਾਰੋਬਾਰੀਆਂ ਤੱਕ ਸੀਮਤ ਰਹਿ ਗਈ ਹੈ ਜੋ ਭਾਰਤ ਦੇ ਲੋਕਤੰਤਰ ਅਤੇ ਅਦਾਰਿਆਂ ਨੂੰ ਖੋਰਾ ਲਾ ਰਹੇ ਹਨ। ਉਨ੍ਹਾਂ ਇਹ ਵੀ ਕਿਹਾ ਕਿ ਸੰਵਿਧਾਨਕ ਕਦਰਾਂ-ਕੀਮਤਾਂ ਅਤੇ ਸਿਧਾਂਤਾਂ ’ਤੇ ਵੀ ਹਮਲੇ ਹੋ ਰਹੇ ਹਨ ਜਦਕਿ ਚੁਣਾਵੀ ਲਾਹਿਆਂ ਲਈ ਵੋਟਰਾਂ ਦੇ ਧਰੁਵੀਕਰਨ ਲਈ ਸਮਾਜਿਕ ਤਾਣੇ-ਬਾਣੇ ਨੂੰ ਤੋੜਿਆ ਜਾ ਰਿਹਾ ਹੈ। ਇਕ ਅੰਗੇਰੇਜ਼ੀ ਅਖ਼ਬਾਰ ’ਚ ਲਿਖੇ ਲੇਖ ’ਚ ਕਾਂਗਰਸ ਪ੍ਰਧਾਨ ਨੇ ਕਿਹਾ ਕਿ ਪਹਿਲਾਂ ਆਜ਼ਾਦ ਰਹੀਆਂ ਸੰਸਥਾਵਾਂ ਹੁਣ ‘ਕਾਰਜਪਾਲਿਕਾ ਦਾ ਸੰਦ’ ਬਣ ਕੇ ਰਹਿ ਗਈਆਂ ਹਨ ਜੋ ਪੱਖਪਾਤੀ ਢੰਗ ਨਾਲ ਕੰਮ ਕਰ ਰਹੀ ਹੈ। ਉਨ੍ਹਾਂ ਕਿਹਾ ਕਿ ਨਤੀਜੇ ਵਜੋਂ ਸਰਕਾਰੀ ਏਜੰਸੀਆਂ ਸਰਕਾਰ ਦਾ ਵਿਰੋਧ ਕਰਨ ਵਾਲੇ ਕਿਸੇ ਵੀ ਸਿਆਸੀ ਪਾਰਟੀ ਪਿੱਛੇ ਲੱਗ ਜਾਂਦੀਆਂ ਹਨ।

ਲੇਖ ’ਚ ਉਨ੍ਹਾਂ ਲਿਖਿਆ ਕਿ ਜਿਹੜੇ ਜਨਤਕ ਅਦਾਰਿਆਂ ਨੂੰ ਬੜੀ ਮੁਸ਼ੱਕਤ ਨਾਲ ਖੜ੍ਹਾ ਕੀਤਾ ਗਿਆ ਸੀ, ਉਨ੍ਹਾਂ ਨੂੰ ਹੁਣ ਇਕ ਜਾਂ ਦੋ ਪ੍ਰਾਈਵੇਟ ਬੋਲੀਕਾਰਾਂ ਨੂੰ ਵੇਚਿਆ ਜਾ ਰਿਹਾ ਹੈ। ਉਨ੍ਹਾਂ ਕਿਹਾ ਕਿ ਯੂਪੀਏ ਸਰਕਾਰ ਨੇ ਸਿਹਤ, ਸਿੱਖਿਆ, ਮਗਨਰੇਗਾ, ਖੁਰਾਕ ਸੁਰੱਖਿਆ ਆਦਿ ਜਿਹੀਆਂ ਯੋਜਨਾਵਾਂ ’ਚ ਨਿਵੇਸ਼ ਕੀਤਾ ਸੀ ਜਿਸ ਨਾਲ ਲੱਖਾਂ ਲੋਕ ਗਰੀਬੀ ਤੋਂ ਬਾਹਰ ਨਿਕਲੇ ਸਨ ਜਦਕਿ ਉਸ ਸਮੇਂ ਵਿਰੋਧੀ ਧਿਰਾਂ ਇਨ੍ਹਾਂ ਕਦਮਾਂ ਦਾ ਵਿਰੋਧ ਕਰਦੀਆਂ ਸਨ। ‘ਇਹੋ ਕਦਮ ਮਹਾਮਾਰੀ ਤੇ ਆਰਥਿਕ ਸੰਕਟ ਸਮੇਂ ਕੰਮ ਆਏ।’ ਉਨ੍ਹਾਂ ਕਿਹਾ ਕਿ 75 ਸਾਲ ਪਹਿਲਾਂ ਭਾਰਤੀ ਗਣਰਾਜ ਦੇ ਨਿਰਮਾਤਾਵਾਂ ਨੇ ਉਦਾਰਵਾਦੀ ਅਤੇ ਲੋਕਤੰਤਰੀ ਮੁਲਕ ਬਣਨ ਦਾ ਰਾਹ ਚੁਣਿਆ ਸੀ ਅਤੇ ਇਹ ਕਈ ਮੁਸ਼ਕਲ ਦੌਰ ’ਚੋਂ ਗੁਜ਼ਰਦਾ ਹੋਇਆ ਦੁਨੀਆ ਦਾ ਮੋਹਰੀ ਮੁਲਕ ਬਣ ਗਿਆ। ਸੋਨੀਆ ਨੇ ਕਿਹਾ ਕਿ ਗੁੱਟ ਨਿਰਲੇਪਤਾ ਦੀ ਨੀਤੀ ਨੇ ਭਾਰਤ ਨੂੰ ਮਹਾ ਸ਼ਕਤੀਆਂ ਦੀ ਮੁਕਾਬਲੇਬਾਜ਼ੀ ਤੋਂ ਦੂਰ ਰੱਖਿਆ ਅਤੇ ਠੰਢੀ ਜੰਗ ਸਮੇਂ ਇਕ ਲੋਕਤੰਤਰ ਵਜੋਂ ਵਧਣ-ਫੁੱਲਣ ਦਾ ਮੌਕਾ ਦਿੱਤਾ ਸੀ।

Previous articleਅਪਰੇਸ਼ਨ ਲੋਟਸ: ‘ਆਪ’ ਵਿਧਾਇਕਾਂ ਦੀ ਸ਼ਿਕਾਇਤ ਮਗਰੋਂ ਕੇਸ ਦਰਜ
Next articleਗਾਂਗੁਲੀ ਤੇ ਜੈ ਸ਼ਾਹ ਦੀਆਂ ਅਹੁਦੇਦਾਰੀਆਂ ਕਾਇਮ ਰੱਖਣ ਲਈ ਰਾਹ ਪੱਧਰਾ