ਵੈਕਸੀਨ: 60 ਸਫ਼ੀਰਾਂ ਵੱਲੋਂ ਫਾਰਮਾ ਕੰਪਨੀਆਂ ਦਾ ਦੌਰਾ

ਹੈਦਰਾਬਾਦ/ਨਵੀਂ ਦਿੱਲੀ (ਸਮਾਜ ਵੀਕਲੀ) : ਕਰੀਬ 60 ਦੇਸ਼ਾਂ ਦੇ ਰਾਜਦੂਤਾਂ ਨੇ ਅੱਜ ਹੈਦਰਾਬਾਦ ਅਧਾਰਿਤ ਮੋਹਰੀ ਬਾਇਓਟੈੱਕ ਕੰਪਨੀ ‘ਭਾਰਤ ਬਾਇਓਟੈੱਕ’ ਤੇ ‘ਬਾਇਓਲੌਜੀਕਲ ਈ ਲਿਮਟਿਡ’ ਦਾ ਦੌਰਾ ਕੀਤਾ ਹੈ। ਇੱਥੇ ਉਨ੍ਹਾਂ ਨੂੰ ਕੋਵਿਡ-19 ਲਈ ਵਿਕਸਿਤ ਕੀਤੇ ਜਾ ਰਹੇ ਵੈਕਸੀਨ ਬਾਰੇ ਜਾਣਕਾਰੀ ਦਿੱਤੀ ਗਈ।

ਤਿਲੰਗਾਨਾ ਸਰਕਾਰ ਵੱਲੋਂ ਜਾਰੀ ਜਾਣਕਾਰੀ ਮੁਤਾਬਕ 64 ਮੁਲਕਾਂ ਦੇ ਸਫ਼ੀਰਾਂ ਨੇ ਇਨ੍ਹਾਂ ਕੰਪਨੀਆਂ ਦੀਆਂ ਇਕਾਈਆਂ ਦਾ ਦੌਰਾ ਕੀਤਾ ਹੈ। ਕੰਪਨੀਆਂ ਵੱਲੋਂ ਜਾਰੀ ਬਿਆਨ ਵਿਚ ਕਿਹਾ ਗਿਆ ਹੈ ਕਿ ਕਰੀਬ 70 ਮੁਲਕਾਂ ਦੇ ਰਾਜਦੂਤ ਤੇ ਹਾਈ ਕਮਿਸ਼ਨਰ ਜੀਨੋਮ ਵੈਲੀ ਸਥਿਤ ਕੰਪਨੀ ਦੀ ਇਕਾਈ ਆਏ ਹਨ ਤੇ ਉਨ੍ਹਾਂ ‘ਕੋਵੈਕਸੀਨ’ ਬਾਰੇ ਵਿਆਪਕ ਵਿਚਾਰ-ਚਰਚਾ ਕੀਤੀ ਹੈ।

ਡਾ. ਕ੍ਰਿਸ਼ਨਾ ਏਲਾ ਜੋ ਕਿ ਭਾਰਤ ਬਾਇਓਟੈੱਕ ਦੇ ਚੇਅਰਮੈਨ ਤੇ ਐਮਡੀ ਹਨ, ਨੇ ਪ੍ਰਾਜੈਕਟ ਬਾਰੇ ਸਫ਼ੀਰਾਂ ਨੂੰ ਜਾਣੂ ਕਰਵਾਇਆ। ਇਨ੍ਹਾਂ ਨੂੰ ਦੱਸਿਆ ਗਿਆ ਕਿ ਆਲਮੀ ਜ਼ਰੂਰਤ ਦੇ 33 ਪ੍ਰਤੀਸ਼ਤ ਵੈਕਸੀਨ ਜੀਨੋਮ ਵੈਲੀ, ਹੈਦਰਾਬਾਦ ਵਿਚ ਤਿਆਰ ਕੀਤੇ ਜਾਂਦੇ ਹਨ। ਕੰਪਨੀ ਵੱਲੋਂ ਜਾਰੀ ਬਿਆਨ ਵਿਚ ਕਿਹਾ ਗਿਆ ਹੈ ਕਿ ਕਈ ਮੁਲਕਾਂ ਨੇ ‘ਕੋਵੈਕਸੀਨ’ ਵਿਚ ਦਿਲਚਸਪੀ ਦਿਖਾਈ ਹੈ। ਆਸਟਰੇਲਿਆਈ ਹਾਈ ਕਮਿਸ਼ਨਰ ਵੀ ਰਾਜਦੂਤਾਂ ਦੇ ਵਫ਼ਦ ਵਿੱਚ ਸ਼ਾਮਲ ਸੀ।

Previous articleਕੈਨਬਰਾ ਦੀ ਸੰਸਦ ਵਿਚ ਕਿਸਾਨ ਅੰਦੋਲਨ ਦਾ ਮੁੱਦਾ ਗੂੰਜਿਆ
Next articleਮੇਘਾਲਿਆ ਦੇ ਸਿੱਖਾਂ ਵੱਲੋਂ ਪੰਜਾਬ ਸਰਕਾਰ ਨੂੰ ਮਦਦ ਦੀ ਅਪੀਲ