ਵੈਕਸੀਨ ਬਣਾਉਣ ਦੀਆਂ ਇੱਛੁਕ ਕੰਪਨੀਆਂ ਦੀ ਮਦਦ ਕਰੇਗਾ ਕੇਂਦਰ

  • ਸਰਕਾਰੀ ਮਾਲਕੀ ਵਾਲੇ ਤਿੰਨ ਅਦਾਰਿਆਂ ਨਾਲ ਮਿਲ ਕੇ ਕੰਮ ਕਰਨ ਦੀ ਤਿਆਰੀ
  • ਵੈਕਸੀਨ ਨਿਰਮਾਤਾਵਾਂ ’ਤੇ ਦਬਾਅ ਪਾਉਣ ਦੇ ਦੋਸ਼ਾਂ ਤੋਂ ਇਨਕਾਰ
  • ਸਿਸੋਦੀਆ ਦੇ ਦੋਸ਼ ਮਨੋਬਲ ਡੇਗਣ ਵਾਲੇ ਕਰਾਰ

ਨਵੀਂ ਦਿੱਲੀ (ਸਮਾਜ ਵੀਕਲੀ): ਕੌਮੀ ਰਾਜਧਾਨੀ ਵਿੱਚ ਸਾਰੇ ਬਾਲਗਾਂ ਦੇ ਟੀਕਾਕਰਨ ਲਈ ਉਚਿਤ ਮਾਤਰਾ ਵਿੱਚ ਵੈਕਸੀਨਾਂ ਦੀ ਉਪਲੱਬਧਤਾ ਨੂੰ ਲੈ ਕੇ ਕੇਂਦਰ ਤੇ ਦਿੱਲੀ ਸਰਕਾਰ ਦਰਮਿਆਨ ਚੱਲ ਰਹੀ ਸਿਆਸੀ ਸ਼ਬਦੀ ਜੰਗ ਦਰਮਿਆਨ ਕੇਂਦਰ ਸਰਕਾਰ ਨੇ ਅੱਜ ਕਿਹਾ ਕਿ ਉਹ ਉਨ੍ਹਾਂ ਸਾਰੀਆਂ ਕੰਪਨੀਆਂ ਨੂੰ ਹਰ ਸੰਭਵ ਸਹਾਇਤਾ ਦੇੇਣ ਲਈ ਤਿਆਰ ਹੈ, ਜੋ ਟੀਕਿਆਂ ਦੀ ਸਪਲਾਈ ਵਧਾਉਣ ਦੇ ਇਰਾਦੇ ਨਾਲ ਵੈਕਸੀਨ ਉਤਪਾਦਨ ਦੇ ਇੱਛੁਕ ਹਨ।

ਸਰਕਾਰ ਨੇ ਹਾਲਾਂਕਿ ਨਾਲ ਹੀ ਸਾਫ਼ ਕਰ ਦਿੱਤਾ ਕਿ ਭਾਰਤ ਵਿੱਚ ਵਿਕਸਤ ‘ਕੋਵੈਕਸੀਨ’ ਟੀਕੇ ਨੂੰ ਤਿਆਰ ਕਰਨ ਲਈ ਅਤਿ-ਆਧੁਨਿਕ ਸਹੂਲਤਾਂ ਨਾਲ ਲੈਸ ਲੈਬਾਰਟਰੀ ਦੀ ਵੱਡੀ ਲੋੜ ਹੈ, ਜੋ ਕਿ ਵੱਡੀ ਗਿਣਤੀ ਵੈਕਸੀਨ ਨਿਰਮਾਤਾਵਾਂ ਕੋਲ ਨਹੀਂ ਹੈ। ਕੇਂਦਰ ਸਰਕਾਰ ਨੇ ਦਿੱਲੀ ਸਰਕਾਰ ਦੇ ਇਸ ਦਾਅਵੇ ਨੂੰ ਵੀ ਖਾਰਜ ਕਰ ਦਿੱਤਾ ਕਿ ਹੈਦਰਾਬਾਦ ਸਥਿਤ ਭਾਰਤ ਬਾਇਓਟੈੱਕ ਨੇ ਕੇਜਰੀਵਾਲ ਸਰਕਾਰ ਨੂੰ ‘ਕੋਵੈਕਸੀਨ’ ਦੀਆਂ ਵਾਧੂ ਖੁਰਾਕਾਂ ਦੇਣ ਤੋਂ ਨਾਂਹ ਕੀਤੀ ਸੀ। ਕੇਂਦਰ ਸਰਕਾਰ ਨੇ ਕਿਹਾ ਕਿ ਕੌਮੀ ਰਾਜਧਾਨੀ ਨੂੰ 15 ਲੱਖ ਤੋਂ ਵੱਧ ਵੈਕਸੀਨਾਂ ਮਿਲੀਆਂ ਹਨ ਤੇ ਉਸ ਦੀ ਭੂਮਿਕਾ ਰਾਜਾਂ ਨੂੰ ਸਹੂਲਤਾਂ ਮੁਹੱਈਆ ਕਰਵਾਉਣ ਵਾਲੀ ਹੈ।

ਚੇਤੇ ਰਹੇ ਕਿ ਦਿੱਲੀ ਦੇ ਉਪ ਮੁੱਖ ਮੰਤਰੀ ਮਨੀਸ਼ ਸਿਸੋਦੀਆ ਨੇ ਮੰਗਲਵਾਰ ਨੂੰ ਕੇਂਦਰ ਸਰਕਾਰ ਨੂੰ ਲਿਖੇ ਪੱਤਰ ਵਿੱੱਚ ਦਾਅਵਾ ਕੀਤਾ ਸੀ ਕਿ ਸਬੰਧਤ ਸਰਕਾਰੀ ਅਧਿਕਾਰੀਆਂ ਦੀਆਂ ਹਦਾਇਤਾਂ ’ਤੇ ਭਾਰਤ ਬਾਇਓਟੈੱਕ ਕੌਮੀ ਰਾਜਧਾਨੀ ਨੂੰ ‘ਕੋਵੈਕਸੀਨ’ ਦੀਆਂ ਵਾਧੂ ਖੁਰਾਕਾਂ ਦੇਣ ਤੋਂ ਇਨਕਾਰੀ ਹੈ। ਸਿਸੋਦੀਆ ਨੇ ਕਿਹਾ ਸੀ ਕਿ ਵੈਕਸੀਨ ਨਿਰਮਾਤਾ ਦੇ ਰੁਖ਼ ਤੋਂ ਸਾਫ਼ ਹੈ ਕਿ ਕੇਂਦਰ ਸਰਕਾਰ ਵੈਕਸੀਨ ਸਪਲਾਈ ਨੂੰ ਕੰਟਰੋਲ ਕਰ ਰਹੀ ਹੈ। ਨੀਤੀ ਆਯੋਗ (ਸਿਹਤ) ਦੇ ਮੈਂਬਰ ਵੀ.ਕੇ.ਪੌਲ ਨੇ ਕੇਂਦਰੀ ਸਿਹਤ ਮੰਤਰਾਲੇ ਵੱਲੋਂ ਵਿਉਂਤੀ ਪ੍ਰੈੱਸ ਕਾਨਫਰੰਸ ਨੂੰ ਸੰਬੋਧਨ ਕਰਦਿਆਂ ਕਿਹਾ ਕਿ ਭਾਰਤ ਸਰਕਾਰ ਦੀ ਭੂਮਿਕਾ ਸਹੂਲਤਾਂ ਮੁਹੱਈਆ ਕਰਵਾਉਣ ਦੀ ਹੈ।

ਉਨ੍ਹਾਂ ਕਿਹਾ, ‘‘ਅਸੀਂ ਕਿਸੇ ਖਾਸ ਸੂਬੇ ਨੂੰ ਵੈਕਸੀਨ ਦੀ ਸਪਲਾਈ ਨਾ ਦੇਣ ਲਈ ਕਿਸੇ ਤਰ੍ਹਾਂ ਦਾ ਦਬਾਅ ਪਾਉਣ ਦੇ ਦੋਸ਼ਾਂ ਤੋਂ ਇਨਕਾਰ ਕਰਦੇ ਹਾਂ।’’ ਉਨ੍ਹਾਂ ਕਿਹਾ ਕਿ ਅਜਿਹੇ ਦੋਸ਼ਾਂ ਨਾਲ ਵੈਕਸੀਨ ਨਿਰਮਾਤਾਵਾਂ ਦੇ ਮਨੋਬਲ ’ਤੇ ਅਸਰ ਪੈਂਦਾ ਹੈ। ਪੌਲ ਨੇ ਕਿਹਾ, ‘‘ਅਸੀਂ ਅੱਜ ਉਨ੍ਹਾਂ ਕਰ ਕੇ ਹੀ ਇਸ ਮੁਕਾਮ/ਹੈਸੀਅਤ ਵਿੱਚ ਖੜ੍ਹੇ ਹਾਂ, ਜਿੱਥੇ ਸਾਨੂੰ ਵੈਕਸੀਨਾਂ ਲਈ ਹੋਰਨਾਂ ਮੁਲਕਾਂ ਅੱਗੇ ਹੱਥ ਨਹੀਂ ਅੱਡਣੇ ਪੈ ਰਹੇ ਹਨ।’’ ਉਨ੍ਹਾਂ ਕਿਹਾ ਕਿ ਭਾਰਤ ਬਾਇਓਟੈੱਕ ਵੱਲੋਂ ਆਪਣੀ ਉਤਪਾਦਨ ਸਮਰੱਥਾ ਵਧਾਈ ਜਾ ਰਹੀ ਹੈ ਤੇ ਇਸ ਕੰਮ ਲਈ ਸਰਕਾਰੀ ਮਾਲਕੀ ਵਾਲੇ ਤਿੰਨ ਅਦਾਰਿਆਂ ਨੂੰ ਨਾਲ ਜੋੜਿਆ ਗਿਆ ਹੈ।

ਕਾਬਿਲੇਗੌਰ ਹੈ ਕਿ ਸਿਸੋਦੀਆ ਤੋਂ ਪਹਿਲਾਂ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਨੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੂੰ ਇਕ ਪੱਤਰ ਲਿਖ ਕੇ ਦੇਸ਼ ਵਿੱਚ ਵੈਕਸੀਨ ਉਤਪਾਦਨ ਵਧਾਉਣ ਲਈ ਵੈਕਸੀਨ ਨਿਰਮਾਤਾ ਦੋ ਕੰਪਨੀਆਂ (ਭਾਰਤੀ ਸੀਰਮ ਇੰਸਟੀਚਿਊਟ ਤੇ ਭਾਰਤ ਬਾਇਓਟੈੱਕ) ਦਾ ‘ਵੈਕਸੀਨ ਫਾਰਮੂਲਾ’ ਹੋਰਨਾਂ ਕੰਪਨੀਆਂ ਨਾਲ ਸਾਂਝਿਆਂ ਕੀਤੇ ਜਾਣ ਦੀ ਅਪੀਲ ਕੀਤੀ ਸੀ। ਪੌਲ ਨੇ ‘ਕੋਵੈਕਸੀਨ’ ਦਾ ਉਤਪਾਦਨ ਵਧਾਉਣ ਦੀ ਗੱਲ ਕਰਦਿਆਂ ਕਿਹਾ ਕਿ ਭਾਰਤ ਬਾਇਓਟੈੱਕ ਨੇ ਹੋਰਨਾਂ ਭਾਈਵਾਲਾਂ ਦੀ ਸ਼ਮੂਲੀਅਤ ਨਾਲ ਵੈਕਸੀਨ ਖੁਰਾਕਾਂ ਦਾ ਉਤਪਾਦਨ ਵਧਾਏ ਜਾਣ ਦੀ ਪੇਸ਼ਕਦਮੀ ਦਾ ਸਵਾਗਤ ਕੀਤਾ ਹੈ।

ਉਨ੍ਹਾਂ ਕਿਹਾ, ‘‘ਉਨ੍ਹਾਂ ਵੀ ਪਹੁੰਚ ਕੀਤੀ ਹੈ ਜਦੋਂਕਿ ਇਸ ਪਹਿਲਕਦਮੀ ਲਈ ਸਾਡੇ ਕੁਝ ਸਰਕਾਰੀ ਅਦਾਰੇ ਵੀ ਜੁੜ ਗਏ ਹਨ।’ ਪਿਛਲੇ ਮਹੀਨੇ ਬਾਇਓਟੈਕਨਾਲੋਜੀ ਵਿਭਾਗ (ਡੀਬੀਟੀ) ਨੇ ਕੋਵਿਡ ਸੁਰੱਕਸ਼ਾ ਮਿਸ਼ਨ ਤਹਿਤ ਸਰਕਾਰੀ ਮਾਲਕੀ ਵਾਲੇ ਤਿੰਨ ਅਦਾਰਿਆਂ ਦੀ ਮਦਦ ਨਾਲ ਕੋਵੈਕਸੀਨ ਦਾ ਉਤਪਾਦਨ ਵਧਾਉਣ ਤੇ ਮਈ-ਜੂਨ ਵਿੱਚ ਇਸ ਨੂੰ ਦੁੱਗਣਾ ਕਰਨ ਲਈ ਕਾਰਜਯੋਜਨਾ ਪੇਸ਼ ਕੀਤੀ ਸੀ। 

 

 

 

‘ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly

Previous articleਮਾਲੇਰਕੋਟਲਾ ਦੇ ਨਵਾਬਾਂ ਨੂੰ ਸ਼ਰਧਾਂਜਲੀ ਦੇਣ ਦਾ ਉਪਰਾਲਾ
Next articleਦੇਸ਼ ’ਚ 4 ਹਜ਼ਾਰ ਮੌਤਾਂ, 3.43 ਲੱਖ ਨਵੇਂ ਕੇਸ