ਨਵੀਂ ਦਿੱਲੀ, ਸਮਾਜ ਵੀਕਲੀ: ਕੋਵਿਡ-19 ਨੂੰ ਸ਼ਤਾਬਦੀ ’ਚ ‘ਕਦੇ-ਕਦਾਈਂ’ ਆਉਣ ਵਾਲੀ ਮਹਾਮਾਰੀ ਕਰਾਰ ਦਿੰਦਿਆਂ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਬੁੱਧਵਾਰ ਨੂੰ ਕਿਹਾ ਕਿ ਇਸ ਨੇ ਮੁਲਕ ਦੇ ਬਹੁਤੇ ਘਰਾਂ ਨੂੰ ਤਕਲੀਫ਼ ਦਿੱਤੀ ਅਤੇ ਨਾਲ ਹੀ ਅਰਥਚਾਰੇ ’ਤੇ ਵੀ ਮਾੜਾ ਅਸਰ ਪਾਇਆ ਹੈ। ਉਨ੍ਹਾਂ ਕਿਹਾ ਕਿ ਮਹਾਮਾਰੀ ਨੇ ਪੂਰੀ ਦੁਨੀਆ ਨੂੰ ਬਦਲ ਕੇ ਰੱਖ ਦਿੱਤਾ ਹੈ ਅਤੇ ਧਰਤੀ ਕੋਵਿਡ ਤੋਂ ਬਾਅਦ ਪਹਿਲਾਂ ਵਰਗੀ ਨਹੀਂ ਰਹੇਗੀ। ‘ਅਸੀਂ ਘਟਨਾਵਾਂ ਨੂੰ ਆਉਣ ਵਾਲੇ ਸਮੇਂ ’ਚ ਕੋਵਿਡ ਤੋਂ ਪਹਿਲਾਂ ਜਾਂ ਬਾਅਦ ਦੀ ਘਟਨਾ ਵਜੋਂ ਯਾਦ ਕਰਾਂਗੇ।’
ਬੁੱਧ ਪੂਰਨਿਮਾ ਮੌਕੇ ਵੇਸਾਕ ਆਲਮੀ ਸਮਾਗਮ ਨੂੰ ਵੀਡੀਓ ਕਾਨਫਰੰਸ ਰਾਹੀਂ ਸੰਬੋਧਨ ਕਰਦਿਆਂ ਪ੍ਰਧਾਨ ਮੰਤਰੀ ਨੇ ਕਿਹਾ,‘‘ਮਹਾਮਾਰੀ ਨੇ ਹਰੇਕ ਮੁਲਕ ’ਤੇ ਅਸਰ ਪਾਇਆ ਹੈ ਪਰ ਅਜਿਹੇ ਕਈ ਜ਼ਿਕਰਯੋਗ ਘਟਨਾਕ੍ਰਮ ਵਾਪਰੇ ਹਨ ਜਿਸ ਨਾਲ ਮਹਾਮਾਰੀ ਦੇ ਟਾਕਰੇ ਦੀ ਸਾਡੀ ਰਣਨੀਤੀ ਨੂੰ ਹੋਰ ਮਜ਼ਬੂਤੀ ਮਿਲੀ ਹੈ। ਸਭ ਤੋਂ ਅਹਿਮ ਗੱਲ ਹੈ ਕਿ ਸਾਡੇ ਕੋਲ ਵੈਕਸੀਨ ਹੈ ਜੋ ਜਾਨਾਂ ਬਚਾਉਣ ਅਤੇ ਮਹਾਮਾਰੀ ਨੂੰ ਹਰਾਉਣ ਲਈ ਮਹੱਤਵਪੂਰਨ ਹੈ।’’ ਉਨ੍ਹਾਂ ਕਿਹਾ ਕਿ ਕੋਵਿਡ-19 ਫੈਲਣ ਦੇ ਇਕ ਸਾਲ ਦੇ ਅੰਦਰ ਹੀ ਟੀਕਿਆਂ ਦੀ ਕਾਢ ਨਾਲ ਮਨੁੱਖੀ ਅਹਿਦ ਅਤੇ ਦ੍ਰਿੜ੍ਹਤਾ ਦੀ ਝਲਕ ਦਿਖਾਈ ਦਿੰਦੀ ਹੈ।
ਸ੍ਰੀ ਮੋਦੀ ਨੇ ਕਿਹਾ ਕਿ ਭਾਰਤ ਨੂੰ ਵੈਕਸੀਨ ਵਿਕਸਤ ਕਰਨ ਲਈ ਵਿਗਿਆਨੀਆਂ ’ਤੇ ਮਾਣ ਹੈ। ਪ੍ਰਧਾਨ ਮੰਤਰੀ ਨੇ ਡਾਕਟਰਾਂ ਤੇ ਸਿਹਤ ਸੰਭਾਲ ਵਰਕਰਾਂ ਵੱਲੋਂ ਆਪਣੀ ਜਾਨ ਜੋਖਮ ’ਚ ਪਾ ਕੇ ਲੋਕਾਂ ਨੂੰ ਬਚਾਉਣ ਲਈ ਉਨ੍ਹਾਂ ਨੂੰ ਸਲਾਮ ਕੀਤਾ। ਮਹਾਮਾਰੀ ਦੌਰਾਨ ਆਪਣੇ ਨੇੜਲਿਆਂ ਨੂੰ ਗੁਆਉਣ ਅਤੇ ਤਕਲੀਫ਼ ਸਹਿਣ ਵਾਲਿਆਂ ਨਾਲ ਦੁੱਖ ਵੰਡਾਉਂਦਿਆਂ ਪ੍ਰਧਾਨ ਮੰਤਰੀ ਨੇ ਕਿਹਾ ਕਿ ਉਹ ਉਨ੍ਹਾਂ ਦੇ ਦੁੱਖ ’ਚ ਸ਼ਾਮਲ ਹਨ। ਇਸ ਮੌਕੇ ਉਨ੍ਹਾਂ ਵਾਤਾਵਰਨ ਬਦਲਾਅ ਅਤੇ ਅਤਿਵਾਦ ਦਾ ਮੁੱਦਾ ਵੀ ਉਠਾਇਆ ਅਤੇ ਕਿਹਾ ਕਿ ਮਹਾਮਾਰੀ ਨਾਲ ਜੰਗ ਦੌਰਾਨ ਮਨੁੱਖਤਾ ਨੂੰ ਦਰਪੇਸ਼ ਹੋਰ ਚੁਣੌਤੀਆਂ ਨੂੰ ਅੱਖੋਂ ਪਰੋਖੇ ਨਹੀਂ ਕਰਨਾ ਚਾਹੀਦਾ ਹੈ।
ਵਰਚੁਅਲ ਸਮਾਗਮ ਦੌਰਾਨ ਨੇਪਾਲ ਤੇ ਸ੍ਰੀਲੰਕਾ ਦੇ ਪ੍ਰਧਾਨ ਮੰਤਰੀ ਅਤੇ ਕੌਮਾਂਤਰੀ ਬੁੱਧ ਕਨਫੈਡਰੇਸ਼ਨ ਦੇ ਸਕੱਤਰ ਜਨਰਲ ਵੀ ਹਾਜ਼ਰ ਸਨ। ਉਨ੍ਹਾਂ ਸੱਦਾ ਦਿੱਤਾ ਕਿ ਜਿਹੜੇ ਮਾਨਵਤਾ ’ਚ ਯਕੀਨ ਰਖਦੇ ਹਨ, ਉਹ ਅਤਿਵਾਦ ਤੇ ਕੱਟੜਵਾਦ ਨੂੰ ਹਰਾਉਣ ਲਈ ਅੱਗੇ ਆਉਣ। ਸ੍ਰੀ ਮੋਦੀ ਨੇ ਕਿਹਾ ਕਿ ਗੌਤਮ ਬੁੱਧ ਦਾ ਜੀਵਨ ਸ਼ਾਂਤੀ, ਸਦਭਾਵਨਾ ਅਤੇ ਸਹਿ-ਹੋਂਦ ਦੀ ਸਿੱਖਿਆ ਦਿੰਦਾ ਹੈ ਪਰ ਅੱਜ ਵੀ ਅਜਿਹੀਆਂ ਤਾਕਤਾਂ ਮੌਜੂਦ ਹਨ ਜੋ ਨਫ਼ਰਤ, ਅਤਿਵਾਦ ਅਤੇ ਹਿੰਸਾ ਫੈਲਾਉਣ ’ਤੇ ਨਿਰਭਰ ਕਰਦੀਆਂ ਹਨ। ‘ਅਜਿਹੀਆਂ ਤਾਕਤਾਂ ਉਦਾਰ ਲੋਕਰਾਜੀ ਸਿਧਾਂਤਾਂ ’ਤੇ ਯਕੀਨ ਨਹੀਂ ਕਰਦੀਆਂ ਹਨ।’ ਪ੍ਰਧਾਨ ਮੰਤਰੀ ਨੇ ਕਿਹਾ ਕਿ ਭਗਵਾਨ ਬੁੱਧ ਦੀਆਂ ਸਿੱਖਿਆਵਾਂ ਤੋਂ ਪੂਰੇ ਬ੍ਰਹਿਮੰਡ ਨੂੰ ਸਬਕ ਲੈ ਕੇ ਗਿਆਨ ਦਾ ਉਜਾਲਾ ਫੈਲਾਉਣਾ ਚਾਹੀਦਾ ਹੈ।
‘ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly