ਖੰਨਾ ਦੀ ਵੇਟਲਿਫਟਰ ਦਵਿੰਦਰ ਕੌਰ ਨੇ ਸਮੋਆ ਦੇ ਅਪਿਆ ਸ਼ਹਿਰ ਵਿੱਚ ਚੱਲ ਰਹੀ ਰਾਸ਼ਟਰਮੰਡਲ ਵੇਟਲਿਫਟਿੰਗ ਚੈਂਪੀਅਨਸ਼ਿਪ ਵਿੱਚ ਅੱਜ ਸੀਨੀਅਰ ਮਹਿਲਾ ਦੇ 59 ਕਿਲੋ ਵਜ਼ਨ ਵਰਗ ਵਿੱਚ ਸੋਨ ਤਗ਼ਮਾ ਜਿੱਤਿਆ। ਇਸ ਤਰ੍ਹਾਂ ਭਾਰਤ ਨੇ ਦੂਜੇ ਦਿਨ ਸੁਨਹਿਰੀ ਸਫ਼ਰ ਜਾਰੀ ਰੱਖਦਿਆਂ ਸੱਤ ਗੋਲਡ ਜਿੱਤੇ। ਰਾਖੀ ਹਲਦਰ ਨੇ ਵੀ ਸੀਨੀਅਰ ਮਹਿਲਾ ਦੇ 64 ਕਿਲੋ ਵਰਗ ਵਿੱਚ ਭਾਰਤ ਦੀ ਝੋਲੀ ਸੋਨ ਤਗ਼ਮਾ ਪਾਇਆ। ਸੀਨੀਅਰ ਮਹਿਲਾ ਵਰਗ ਤੋਂ ਇਲਾਵਾ ਭਾਰਤ ਨੂੰ ਜੂਨੀਅਰ ਅਤੇ ਯੂਥ ਵਰਗ ਵਿੱਚ ਪੰਜ ਹੋਰ ਸੋਨ ਤਗ਼ਮੇ ਮਿਲੇ। ਰਾਸ਼ਟਰਮੰਡਲ ਚੈਂਪੀਅਨਸ਼ਿਪ ਯੂਥ, ਜੂਨੀਅਰ ਅਤੇ ਸੀਨੀਅਰ ਵਰਗ ਵਿੱਚ ਇਕੱਠੀ ਕਰਵਾਈ ਜਾ ਰਹੀ ਹੈ। ਪੰਜ ਵਾਰ ਨੈਸ਼ਨਲ ਖੇਡ ਚੁੱਕੀ ਦੇਵਿੰਦਰ ਕੌਰ ਨੇ ਕੁੱਲ 184 ਕਿਲੋਗ੍ਰਾਮ (80 ਅਤੇ 104) ਭਾਰ ਚੁੱਕ ਕੇ ਅਤੇ ਰਾਖੀ ਨੇ 214 ਕਿਲੋਗ੍ਰਾਮ (94 ਅਤੇ 120) ਵਜ਼ਨ ਚੁੱਕ ਕੇ ਭਾਰਤ ਦੀ ਝੋਲੀ ਸੁਨਹਿਰੀ ਤਗ਼ਮੇ ਪਾਏ। ਮੰਗਲਵਾਰ ਨੂੰ ਪਹਿਲੇ ਦਿਨ ਭਾਰਤ ਨੇ ਅੱਠ ਸੋਨੇ, ਤਿੰਨ ਚਾਂਦੀ ਅਤੇ ਦੋ ਕਾਂਸੀ ਦੇ ਤਗ਼ਮੇ ਜਿੱਤੇ ਸਨ। ਸਾਬਕਾ ਵਿਸ਼ਵ ਚੈਂਪੀਅਨ ਮੀਰਾਬਾਈ ਚਾਨੂ ਨੇ ਕੱਲ੍ਹ ਮਹਿਲਾਵਾਂ ਦੇ 49 ਕਿਲੋ ਵਰਗ ਵਿੱਚ ਕੁੱਲ 191 ਕਿਲੋ ਵਜ਼ਨ ਚੁੱਕ ਕੇ ਸੋਨ ਤਗ਼ਮੇ ’ਤੇ ਕਬਜ਼ਾ ਕੀਤਾ ਸੀ। ਦਵਿੰਦਰ ਕੌਰ ਨੇ ਸਕੂਲੀ ਪੜ੍ਹਾਈ ਦੌਰਾਨ ਹੀ ਵੇਟਲਿਫਟਿੰਗ ਖੇਡ ਲਈ ਹੋਈ ਹੈ। ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਮਾਣਕਮਾਜਰਾ ਦੀ ਸਾਬਕਾ ਵਿਦਿਆਰਥਣ ਨੇ ਪੰਜ ਵਾਰ ਕੌਮੀ ਖੇਡਾਂ ‘ਚ ਹਿੱਸਾ ਲਿਆ ਅਤੇ ਵੱਖ-ਵੱਖ ਤਗ਼ਮੇ ਜਿੱਤੇ। ਸ਼ਾਨਦਾਰ ਖੇਡ ਦੇ ਪ੍ਰਦਰਸ਼ਨ ਸਦਕਾ ਦਵਿੰਦਰ ਸਾਲ 2017 ਵਿੱਚ ਸੀਆਰਪੀਐੱਫ ’ਚ ਭਰਤੀ ਹੋ ਗਈ। ਇਨ੍ਹੀ ਦਿਨੀਂ ਉਹ ਐੱਨਆਈਐੱਸ ਪਟਿਆਲਾ ਵਿੱਚ ਆਪਣੇ ਕੋਚ ਸ਼ੁਭਕਰਨ ਸਿੰਘ ਗਿੱਲ ਤੋਂ ਟਰੇਨਿੰਗ ਲੈ ਰਹੀ ਹੈ। ਸਕੂਲ ਦੇ ਸਾਬਕਾ ਪ੍ਰਿੰਸੀਪਲ ਸੁਖਦੇਵ ਸਿੰਘ ਰਾਣਾ ਨੇ ਇਸ ਸਫਲਤਾ ’ਤੇ ਦਵਿੰਦਰ ਕੌਰ ਦੀ ਪ੍ਰਸ਼ੰਸਾ ਕੀਤੀ।
Sports ਵੇਟਲਿਫਟਰ ਦਵਿੰਦਰ ਕੌਰ ਨੇ ਜਿੱਤਿਆ ਸੋਨ ਤਗ਼ਮਾ