ਨਿਊ ਯਾਰਕ (ਸਮਾਜ ਵੀਕਲੀ) : ਭਾਰਤੀ ਮੂਲ ਦੇ ਅਮਰੀਕੀ ਸੰਸਦ ਮੈਂਬਰ ਰਾਜਾ ਕ੍ਰਿਸ਼ਨਾਮੂਰਤੀ ਦਾ ਕਹਿਣਾ ਹੈ ਕਿ ਵੀਹ ਲੱਖ ਹਿੰਦੂ ਰਾਸ਼ਟਰਪਤੀ ਚੋਣਾਂ ਨੂੰ ਮੋੜਾ ਦੇਣ ਵਾਲੇ ਕਈ ਰਾਜਾਂ ਵਿਚ ਅਹਿਮ ਵੋਟਿੰਗ ਬਲਾਕ ਹਨ। ਕ੍ਰਿਸ਼ਨਾਮੂਰਤੀ ਨੇ ਕਿਹਾ ਕਿ ਉਹ ਭਾਈਚਾਰੇ ਦੇ ਮੈਂਬਰਾਂ ਨੂੰ ਦੱਸ ਰਹੇ ਹਨ ਕਿ ਵੋਟ ਪਾਉਣਾ ਉਨ੍ਹਾਂ ਦਾ ਧਰਮ ਹੈ। ਇਸ ਹੱਕ ਦੀ ਵਰਤੋਂ ਜ਼ਰੂਰ ਕਰਨ।
‘ਹਿੰਦੂ ਐਮਰੀਕਨਜ਼ ਫਾਰ ਬਾਇਡਨ’ ਵਰਚੁਅਲ ਮੁੱਖ ਭਾਸ਼ਣ ਦਾ ਰਸਮੀ ਆਗਾਜ਼ ਕਰਦਿਆਂ ਸੰਸਦ ਮੈਂਬਰ ਨੇ ਭਾਈਚਾਰੇ ਨੂੰ ਬਾਇਡਨ-ਕਮਲਾ ਹੈਰਿਸ ਜੋੜੀ ਨੂੰ ਵੋਟ ਪਾਉਣ ਦੀ ਅਪੀਲ ਕੀਤੀ। ਰਾਜਾ ਇਲੀਨੌਇ ਤੋਂ ਤਿੰਨ ਵਾਰ ਡੈਮੋਕਰੈਟਿਕ ਧਿਰ ਵੱਲੋਂ ਅਮਰੀਕੀ ਕਾਂਗਰਸ ਲਈ ਚੁਣੇ ਜਾ ਚੁੱਕੇ ਹਨ। ਰਾਜਾ ਨੇ ਕਿਹਾ ਕਿ ਜੋਅ ਬਾਇਡਨ ਦਾ ਨਵੰਬਰ ਵਿਚ ਰਾਸ਼ਟਰਪਤੀ ਵਜੋਂ ਚੁਣਿਆ ਜਾਣਾ ਮਹੱਤਵਪੂਰਨ ਹੈ ਕਿਉਂਕਿ ਹਿੰਦੂ ਕਦਰਾਂ ਕੀਮਤਾਂ ਵਿਚ ‘ਵਾਸੂਦੇਵ ਕਟੁੰਬਕਮ’ (ਸਾਰਾ ਸੰਸਾਰ ਇਕ ਪਰਿਵਾਰ) ਦਾ ਸਿਧਾਂਤ ਹੈ। ਡੈਮੋਕਰੈਟ ਵੀ ਸਾਰਿਆਂ ਨਾਲ ਬਰਾਬਰ ਤੇ ਸਤਿਕਾਰ ਨਾਲ ਪੇਸ਼ ਆਉਣ ਦੇ ਸਿਧਾਂਤ ਉਤੇ ਚੱਲਦੇ ਹਨ।