ਪੰਜਾਬ ਤੇ ਹਰਿਆਣਾ ਹਾਈ ਕੋਰਟ ਦੇ ਹੁਕਮਾਂ ਦੇ ਮੱਦੇਨਜ਼ਰ ਜ਼ਿਲ੍ਹਾ ਟਰੈਫ਼ਿਕ ਪੁਲੀਸ ਨੇ ਮੁਹਾਲੀ ਵਿੱਚ ਸਖ਼ਤੀ ਵਰਤਣੀ ਸ਼ੁਰੂ ਕਰ ਦਿੱਤੀ ਹੈ। ਪੁਲੀਸ ਨੇ ਸ਼ਹਿਰ ਵਿੱਚ ਵੀਆਈਪੀ ਸਟਿੱਕਰ ਵਾਲੇ ਵਾਹਨਾਂ ਦੇ ਚਲਾਨ ਕੱਟਣੇ ਸ਼ੁਰੂ ਕਰ ਦਿੱਤੇ ਹਨ। ਹੁਣ ਤੱਕ ਮੁਹਾਲੀ ਵਿੱਚ 35 ਵਾਹਨਾਂ ਦੇ ਚਲਾਨ ਕੀਤੇ ਜਾ ਚੁੱਕੇ ਹਨ। ਉਧਰ, ਕਾਫੀ ਲੋਕਾਂ ਨੇ ਹਾਈ ਕੋਰਟ ਦੇ ਹੁਕਮ ਜਾਰੀ ਹੋਣ ਤੋਂ ਬਾਅਦ ਖ਼ੁਦ ਹੀ ਆਪਣੇ ਵਾਹਨਾਂ ’ਤੇ ਲੱਗੇ ਵੀਆਈਪੀ ਸਟਿੱਕਰ ਉਤਾਰ ਦਿੱਤੇ ਹਨ। ਇਸ ਸਬੰਧੀ ਟਰੈਫ਼ਿਕ ਜ਼ੋਨ-1 ਅਧੀਨ ਆਉਂਦੇ ਇਲਾਕੇ ਵਿੱਚ ਹੁਣ ਤੱਕ 13 ਅਤੇ ਟਰੈਫ਼ਿਕ ਜ਼ੋਨ-2 ਵਿੱਚ 22 ਵਾਹਨਾਂ ਦੇ ਚਲਾਨ ਕੀਤੇ ਗਏ ਹਨ। ਟਰੈਫ਼ਿਕ ਜ਼ੋਨ-2 ਦੇ ਇੰਚਾਰਜ ਹਰਨੇਕ ਸਿੰਘ ਨੇ ਦੱਸਿਆ ਕਿ ਟਰੈਫ਼ਿਕ ਪੁਲੀਸ ਨੇ ਵਾਈਪੀਐਸ ਚੌਕ ਨੇੜੇ ਵਿਸ਼ੇਸ਼ ਨਾਕਾਬੰਦੀ ਦੌਰਾਨ ਮੌਕੇ ’ਤੇ ਵਾਹਨ ਚਾਲਕਾਂ ਨੂੰ ਹਾਈ ਕੋਰਟ ਦੇ ਤਾਜ਼ਾ ਹੁਕਮਾਂ ਬਾਰੇ ਜਾਣਕਾਰੀ ਦਿੱਤੀ ਅਤੇ ਵਾਹਨਾਂ ’ਤੇ ਲੱਗੇ ਐਡਵੋਕੇਟ ਅਤੇ ਪੁਲੀਸ ਸਮੇਤ ਹੋਰ ਵੀਆਈਪੀ ਸਟਿੱਕਰ ਉਤਾਰੇ ਗਏ ਹਨ। ਹਾਈ ਕੋਰਟ ਨੇ ਵੀਆਈਪੀ ਸਟਿੱਕਰ ਕਲਚਰ ਖ਼ਤਮ ਕਰਨ ਲਈ ਹੁਕਮ ਜਾਰੀ ਕਰਕੇ ਪੁਲੀਸ ਨੂੰ ਤੁਰੰਤ ਪ੍ਰਭਾਵ ਨਾਲ ਇਹ ਹੁਕਮ ਲਾਗੂ ਕਰਨ ਲਈ ਤਾਂ ਕਹਿ ਦਿੱਤਾ ਪ੍ਰੰਤੂ ਅਜੇ ਤਾਈਂ ਪੁਲੀਸ ਦੀ ਚਲਾਨ ਬੁੱਕ ਵਿੱਚ ਵੀਆਈਪੀ ਸਟਿੱਕਰ ਵਿਰੁੱਧ ਜੁਰਮ ਦੀ ਧਾਰਾ ਜੋੜ ਕੇ ਨਵੀਂ ਚਲਾਨ ਬੁੱਕ ਤਿਆਰ ਨਹੀਂ ਕੀਤੀ ਗਈ ਜਿਸ ਕਾਰਨ ਟਰੈਫ਼ਿਕ ਪੁਲੀਸ ਦੇ ਮੁਲਾਜ਼ਮ ਚਲਾਨ ਬੁੱਕ ਵਿੱਚ ਪੈਨ ਨਾਲ ਧਾਰਾ 177 ਐਮਵੀ ਐਕਟ ਲਿਖ ਕੇ ਉਲੰਘਣਾ ਕਰਨ ਵਾਲਿਆਂ ਦੇ ਚਲਾਨ ਕੱਟ ਰਹੇ ਹਨ। ਮੁਹਾਲੀ ਦੇ ਐਸਪੀ (ਟਰੈਫ਼ਿਕ) ਕੇਸਰ ਸਿੰਘ ਧਾਲੀਵਾਲ ਨੇ ਕਿਹਾ ਕਿ ਸੋਮਵਾਰ ਨੂੰ ਟਰੈਫ਼ਿਕ ਜ਼ੋਨਾਂ ਦੇ ਇੰਚਾਰਜਾਂ ਸਮੇਤ ਸਮੂਹ ਮੁਲਾਜ਼ਮਾਂ ਨਾਲ ਮੀਟਿੰਗ ਕਰਕੇ ਉਨ੍ਹਾਂ ਨੂੰ ਉੱਚ ਅਦਾਲਤ ਦੇ ਹੁਕਮਾਂ ਬਾਰੇ ਦੱਸਿਆ ਜਾਵੇਗਾ। ਦੱਸਣਯੋਗ ਹੈ ਕਿ ਹਾਈ ਕੋਰਟ ਨੇ ਪਿਛਲੇ ਦਿਨੀਂ ਮਹੱਤਵਪੂਰਨ ਫੈਸਲਾ ਸੁਣਾਉਂਦੇ ਹੋਏ ਚੰਡੀਗੜ੍ਹ ਸਮੇਤ ਸਮੁੱਚੇ ਟਰਾਈਸਿਟੀ ਲਈ ਹੁਕਮ ਜਾਰੀ ਕੀਤੇ ਹਨ ਕਿ ਜੇਕਰ ਕੋਈ ਸਰਕਾਰੀ ਜਾਂ ਨਿੱਜੀ ਵਾਹਨ ਉੱਤੇ ਸੰਸਦ ਮੈਂਬਰ, ਵਿਧਾਇਕ, ਮੇਅਰ, ਕੌਂਸਲਰ, ਚੇਅਰਮੈਨ, ਡਾਇਰੈਕਟਰ, ਐਡਵੋਕੇਟ, ਸੀਏ, ਪ੍ਰੈੱਸ, ਪੁਲੀਸ, ਡਾਕਟਰ, ਆਰਮੀ, ਭਾਰਤ ਸਰਕਾਰ, ਪੰਜਾਬ ਸਰਕਾਰ, ਹਰਿਆਣਾ ਸਰਕਾਰ ਜਾਂ ਕਿਸੇ ਸਿਆਸੀ ਪਾਰਟੀ ਦਾ ਸਟਿੱਕਰ ਜਾਂ ਫਿਰ ਆਪਣੇ ਵਾਹਨ ’ਤੇ ਝੰਡੀ ਲਗਾ ਕੇ ਚੱਲੇਗਾ ਤਾਂ ਇਸ ਨੂੰ ਗੈਰਕਾਨੂੰਨੀ ਮੰਨਿਆ ਜਾਵੇਗਾ। ਇਸ ਤੋਂ ਇਲਾਵਾ ਚਾਲਕ ਵਾਹਨ ’ਤੇ ਪਾਰਕਿੰਗ ਦਾ ਸਟਿੱਕਰ ਲਗਾ ਸਕਦਾ ਹੈ।
INDIA ਵੀਆਈਪੀ ਸਟਿੱਕਰ: ਚਲਾਨ ਕੱਟਣ ਵਿੱਚ ਮੁਹਾਲੀ ਚੰਡੀਗੜ੍ਹ ਤੋਂ ਅੱਗੇ