ਨਗਰ ਨਿਗਮ ਵੱਲੋਂ ਪਿੰਡ ਬਹਿਲਾਣਾ ਦੀ ਫਿਰਨੀ ’ਤੇ 30 ਲੱਖ ਰੁਪਏ ਦੀ ਲਾਗਤ ਨਾਲ ਪੇਵਰ ਬਲਾਕ ਲਗਾਏ ਜਾਣਗੇ। ਇਸ ਫੈਸਲੇ ਨੂੰ ਨਗਰ ਨਿਗਮ ਦੀ ਵਿੱਤ ਅਤੇ ਠੇਕਾ ਕਮੇਟੀ ਦੀ ਅੱਜ ਹੋਈ ਮੀਟਿੰਗ ਦੌਰਾਨ ਹਰੀ ਝੰਡੀ ਦਿੱਤੀ ਗਈ। ਮੇਅਰ ਰਾਜੇਸ਼ ਕੁਮਾਰ ਕਾਲੀਆ ਦੀ ਪ੍ਰਧਾਨਗੀ ਹੇਠ ਹੋਈ ਮੀਟਿੰਗ ਦੌਰਾਨ ਸ਼ਹਿਰ ਦੇ ਹੋਰ ਵਿਕਾਸ ਕਾਰਜਾਂ ’ਤੇ ਵੀ ਚਰਚਾ ਕੀਤੀ ਗਈ ਅਤੇ ਲੱਖਾਂ ਰੁਪਏ ਦੇ ਵਿਕਾਸ ਕਾਰਜਾਂ ਨੂੰ ਮਨਜ਼ੂਰੀ ਦਿੱਤੀ ਗਈ। ਇਥੇ ਸਨਅਤੀ ਖੇਤਰ ਫੇਜ਼-1 ਵਿੱਚ ਉਸਾਰੇ ਜਾ ਰਹੇ ਪ੍ਰੋਸੈਸਿੰਗ ਪਲਾਂਟ ਨੂੰ ਨਿਗਮ ਵਲੋਂ ਆਪ ਸੰਚਾਲਿਤ ਕੀਤੇ ਜਾਣ ਦੇ ਫੈਸਲੇ ’ਤੇ ਵੀ ਮੀਟਿੰਗ ਦੌਰਾਨ ਮੋਹਰ ਲਗਾਈ ਗਈ। ਕਮੇਟੀ ਨੇ ਇਥੋਂ ਦੇ ਸੈਕਟਰ 16 ਸਥਿਤ ਰੋਜ਼ ਗਾਰਡਨ ਵਿੱਚ ‘ਲੈਂਡਸਕੇਪਿੰਗ’ ਕਰਵਾਉਣ ਲਈ ਸਿੰਜਾਈ ਵਿਵਸਥਾ ਵਾਸਤੇ ਟਿਊਬਵੈੱਲ ਲਗਾਉਣ ਲਈ 24.92 ਲੱਖ ਰੁਪਏ ਦੇ ਅਨੁਮਾਨਤ ਖਰਚੇ ਨੂੰ ਵੀ ਪਾਸ ਕੀਤਾ। ਮੀਟਿੰਗ ਦੌਰਾਨ ਕਮੇਟੀ ਮੈਂਬਰਾਂ ਨੇ ਨਿਗਮ ਅਧਿਕਾਰੀਆਂ ਨੂੰ ਇਥੇ ਸਨਅਤੀ ਖੇਤਰ ਫੇਜ਼-1 ਸਥਿਤ ਸ਼ਮਸ਼ਾਨਘਾਟ ਨੂੰ ਚਾਲੂ ਕਰਨ ਦੇ ਆਦੇਸ਼ ਦਿੱਤੇ। ਕਮੇਟੀ ਮੈਂਬਰਾਂ ਨੇ ਮਨੀਮਾਜਰਾ ਦੇ ਠਾਕੁਰ ਦੁਆਰਾ ਇਲਾਕੇ ਦੀਆਂ ਗਲੀਆਂ ਵਿਚ ਇੰਟਰਲਾਕ ਪੇਵਰ ਪਾਵਰ ਲਗਾਉਣ ਲਈ 30.86 ਲੱਖ ਰੁਪਏ ਦੇ ਅਨੁਮਾਨਤ ਖਰਚੇ ਨੂੰ ਪਾਸ ਕੀਤਾ। ਇਸੇ ਤਰ੍ਹਾਂ ਸੈਕਟਰ-16 ਸਥਿਤ ਰੋਜ਼ ਗਾਰਡਨ ਦੇ ਨੇੜੇ ਸੀਵਰੇਜ ਵਿਵਸਥਾ ਨੂੰ ਮਜ਼ਬੂਤ ਕਰਨ ਲਈ 30 ਲੱਖ ਰੁਪਏ ਦੇ ਖਰਚੇ ਨੂੰ ਪ੍ਰਵਾਨਗੀ ਦਿੱਤੀ ਗਈ। ਮੀਟਿੰਗ ਦੌਰਾਨ ਕਮੇਟੀ ਮੈਂਬਰਾਂ ਨੇ ਸ਼ਹਿਰ ਦੇ ਜੌਗਿੰਗ ਟਰੈਕਾਂ ਦੀ ਮੁਰੰਮਤ ਕਰਨ ਲਈ ਵੀ ਨਿਗਮ ਅਧਿਕਾਰੀਆਂ ਨੂੰ ਹਦਾਇਤ ਦਿੱਤੀ।
ਇਸ ਮੌਕੇ ਨਿਗਮ ਕਮਿਸ਼ਨਰ ਕਮਲ ਕਿਸ਼ੋਰ ਯਾਦਵ, ਵਧੀਕ ਕਮਿਸ਼ਨਰ ਤਿਲਕ ਰਾਜ ਸ਼ਰਮਾ, ਅਨਿਲ ਕੁਮਾਰ ਗਰਗ ਤੇ ਐੱਸਕੇ ਜੈਨ ਸਮੇਤ ਕੌਂਸਲਰ ਭਰਤ ਕੁਮਾਰ, ਮਹੇਸ਼ਇੰਦਰ ਸਿੰਘ ਸਿੱਧੂ, ਰਵੀ ਕਾਂਤ ਸ਼ਰਮਾ, ਸ਼ਕਤੀ ਪ੍ਰਕਾਸ਼ ਦੇਵਸ਼ਾਲੀ ਤੇ ਸ਼ੀਲਾ ਦੇਵੀ ਹਾਜ਼ਰ ਸਨ।
INDIA ਵਿੱਤ ਤੇ ਠੇਕਾ ਕਮੇਟੀ ਦੀ ਮੀਟਿੰਗ ’ਚ ਵਿਕਾਸ ਮਤੇ ਪਾਸ