ਸਵਿਸ ਖਿਡਾਰੀ ਰੋਜਰ ਫੈਡਰਰ ਬੁੱਧਵਾਰ ਨੂੰ ਵਿੰਬਲਡਨ ਟੈਨਿਸ ਚੈਂਪੀਅਨਸ਼ਿਪ ਵਿੱਚ 100ਵੀਂ ਜਿੱਤ ਦਰਜ ਕਰਨ ਤੋਂ ਇਲਾਵਾ ਰਾਫੇਲ ਨਡਾਲ ਖ਼ਿਲਾਫ਼ ਇੱਕ ਹੋਰ ਸੈਮੀ-ਫਾਈਨਲ ਖੇਡਣ ਲਈ ਰਾਹ ਪੱਧਰਾ ਕਰ ਸਕਦਾ ਹੈ। ਪੁਰਸ਼ ਸਿੰਗਲਜ਼ ਕੁਆਰਟਰ-ਫਾਈਨਲ ਵਿੱਚ 30 ਸਾਲ ਤੋਂ ਵੱਧ ਉਮਰ ਦੇ ਪੰਜ ਖਿਡਾਰੀਆਂ ਨੇ ਥਾਂ ਬਣਾਈ ਹੈ। ਮੰਨਿਆ ਜਾ ਰਿਹਾ ਹੈ ਕਿ ਖੇਡ ਦੇ ਦੋ ਸਭ ਤੋਂ ਸਫਲ ਖਿਡਾਰੀ ਫੈਡਰਰ ਅਤੇ ਨਡਾਲ ਕਰੀਅਰ ਵਿੱਚ 40ਵੀਂ ਵਾਰ ਟਕਰਾ ਸਕਦੇ ਹਨ।
ਜੇਕਰ ਅਜਿਹਾ ਹੁੰਦਾ ਹੈ ਤਾਂ 2008 ਮਗਰੋਂ ਦੋਵੇਂ ਖਿਡਾਰੀ ਆਲ ਇੰਗਲੈਂਡ ਕਲੱਬ ’ਤੇ ਭਿੜਨਗੇ। ਨਡਾਲ ਨੇ ਉਦੋਂ ਫੈਡਰਰ ਨੂੰ ਖ਼ਿਤਾਬੀ ਮੁਕਾਬਲੇ ਵਿੱਚ ਹਰਾਇਆ ਸੀ। ਇਸ ਨੂੰ ਟੂਰਨਾਮੈਂਟ ਦੇ ਇਤਿਹਾਸ ਦਾ ਸਭ ਤੋਂ ਸ਼ਾਨਦਾਰ ਫਾਈਨਲ ਵੀ ਮੰਨਿਆ ਜਾਂਦਾ ਹੈ।
ਹਾਲਾਂਕਿ ਸੈਮੀ-ਫਾਈਨਲ ਵਿੱਚ ਪਹੁੰਚਣ ਤੋਂ ਪਹਿਲਾਂ ਅੱਠ ਵਾਰ ਦੇ ਚੈਂਪੀਅਨ ਫੈਡਰਰ ਨੂੰ ਜਾਪਾਨੀ ਖਿਡਾਰੀ ਕੇਈ ਨਿਸ਼ੀਕੋਰੀ ਦੀ ਚੁਣੌਤੀ ਪਾਰ ਕਰਨੀ ਹੋਵੇਗੀ, ਜਦਕਿ ਦੋ ਵਾਰ ਦੇ ਜੇਤੂ ਨਡਾਲ ਦਾ ਸਾਹਮਣਾ ਅਮਰੀਕਾ ਦੇ ਸੈਮ-ਕੁਐਰੀ ਨਾਲ ਹੋਵੇਗਾ। ਆਖ਼ਰੀ-ਚਾਰ ਦੇ ਜੇਤੂ ਦੀ ਟੱਕਰ ਫਾਈਨਲ ਵਿੱਚ ਮੌਜੂਦਾ ਚੈਂਪੀਅਨ ਨੋਵਾਕ ਜੋਕੋਵਿਚ ਨਾਲ ਹੋ ਸਕਦੀ ਹੈ। ਫੈਡਰਰ 37 ਸਾਲ ਦੀ ਉਮਰ ਵਿੱਚ 1991 ਵਿੱਚ ਜਿਮੀ ਕੌਨਰਜ਼ ਮਗਰੋਂ ਕੁਆਰਟਰ ਫਾਈਨਲ ਵਿੱਚ ਥਾਂ ਬਣਾਉਣ ਵਾਲਾ ਸਭ ਤੋਂ ਵੱਡੀ ਉਮਰ ਦਾ ਖਿਡਾਰੀ ਹੈ।
ਉਸ ਨੇ ਆਲ ਇੰਗਲੈਂਡ ਕਲੱਬ ਵਿੱਚ 17ਵੀਂ ਅਤੇ ਗਰੈਂਡ ਸਲੈਮ ਟੂਰਨਾਮੈਂਟ ਵਿੱਚ 55ਵੀਂ ਵਾਰ ਕੁਆਰਟਰ ਫਾਈਨਲ ਵਿੱਚ ਥਾਂ ਬਣਾਈ ਹੈ। ਨਿਸ਼ੀਕੋਰੀ ਖ਼ਿਲਾਫ਼ ਫੈਡਰਰ ਦਾ ਜਿੱਤ-ਹਾਰ ਦਾ ਰਿਕਾਰਡ 7-3 ਦਾ ਹੈ। ਸੱਤਵਾਂ ਦਰਜਾ ਪ੍ਰਾਪਤ ਨਿਸ਼ੀਕੋਰੀ ਨੇ ਬੀਤੇ ਸਾਲ ਏਟੀਪੀ ਫਾਈਨਲਜ਼ ਵਿੱਚ ਫੈਡਰਰ ਨੂੰ ਹਰਾਇਆ ਸੀ।ਦੂਜੇ ਪਾਸੇ ਨਡਾਲ ਦਾ ਦੁਨੀਆਂ ਦੇ 65ਵੇਂ ਨੰਬਰ ਦੇ ਖਿਡਾਰੀ ਕੁਐਰੀ ਖ਼ਿਲਾਫ਼ ਜਿੱਤ-ਹਾਰ ਦਾ ਰਿਕਾਰਡ 4-1 ਹੈ। ਅਮਰੀਕਾ ਦਾ ਖਿਡਾਰੀ ਕੁਐਰੀ ਟੂਰਨਾਮੈਂਟ ਵਿੱਚ ਹੁਣ ਤੱਕ 100 ਐਸ ਮਾਰ ਚੁੱਕਿਆ ਹੈ ਅਤੇ ਇਸ ਦੌਰਾਨ ਉਸ ਨੇ ਸਿਰਫ਼ ਇੱਕ ਵਾਰ ਆਪਣੀ ਸਰਵਿਸ ਗੁਆਈ ਹੈ। ਕੁਐਰੀ ਨੇ ਪਹਿਲੇ ਗੇੜ ਵਿੱਚ ਪੰਜਵਾਂ ਦਰਜਾ ਪ੍ਰਾਪਤ ਡੌਮੀਨਿਕ ਥੀਮ ਨੂੰ ਹਰਾਇਆ ਸੀ।
Sports ਵਿੰਬਲਡਨ: ਫੈਡਰਰ ਦੀਆਂ ਨਜ਼ਰਾਂ 100ਵੀਂ ਜਿੱਤ ’ਤੇ