ਮੌਜੂਦਾ ਚੈਂਪੀਅਨ ਨੋਵਾਕ ਜੋਕੋਵਿਚ ਨੇ ਪੰਜਵੇਂ ਵਿੰਬਲਡਨ ਖ਼ਿਤਾਬ ਲਈ ਆਪਣੀ ਮੁਹਿੰਮ ਦੀ ਸ਼ਾਨਦਾਰ ਸ਼ੁਰੂਆਤ ਕਰਦਿਆਂ ਅੱਜ ਪੁਰਸ਼ ਸਿੰਗਲਜ਼ ਦੇ ਪਹਿਲੇ ਗੇੜ ਵਿੱਚ ਜਰਮਨੀ ਦੇ ਫਿਲਿਪ ਕੋਲਸ਼੍ਰੇਬਰ ਨੂੰ ਸਿੱਧੇ ਸੈੱਟਾਂ ਵਿੱਚ ਹਰਾਇਆ। ਚੋਟੀ ਦਾ ਦਰਜਾ ਪ੍ਰਾਪਤ ਅਤੇ ਦੁਨੀਆਂ ਦੇ ਅੱਵਲ ਨੰਬਰ ਖਿਡਾਰੀ ਨੇ ਸਿੱਧੇ ਸੈੱਟਾਂ ਵਿੱਚ 6-3, 7-5, 6-3 ਦੀ ਜਿੱਤ ਨਾਲ ਦੂਜੇ ਗੇੜ ਵਿੱਚ ਥਾਂ ਬਣਾਈ। ਜੋਕੋਵਿਚ ਨੇ ਪਹਿਲੇ ਦੋ ਸੈੱਟਾਂ ਵਿੱਚ ਸ਼ੁਰੂਆਤ ਹੀ ਆਪਣੀ ਸਰਵਿਸ ਗੁਆ ਕੇ ਕੀਤੀ ਸੀ, ਪਰ ਜ਼ੋਰਦਾਰ ਵਾਪਸੀ ਕਰਦਿਆਂ ਜਿੱਤ ਦਰਜ ਕਰਨ ਵਿੱਚ ਸਫਲ ਰਿਹਾ। ਕਰੀਅਰ ਦੇ 16ਵੇਂ ਗਰੈਂਡ ਸਲੈਮ ਲਈ ਚੁਣੌਤੀ ਪੇਸ਼ ਕਰ ਰਹੇ ਜੋਕੋਵਿਚ ਦੂਜੇ ਗੇੜ ਵਿੱਚ ਅਮਰੀਕਾ ਦੇ ਡੈਨਿਸ ਕੁਡਲਾ ਨਾਲ ਭਿੜੇਗਾ, ਜਿਸ ਨੇ ਟਿਊਨਿਸ਼ੀਆ ਦੇ ਮਲਿਕ ਜ਼ਜਿਰੀ ਨੂੰ ਸਿੱਧੇ ਸੈੱਟਾਂ ਵਿੱਚ 6-4, 6-1, 6-3 ਨਾਲ ਹਰਾਇਆ। ਚੌਥਾ ਦਰਜਾ ਪ੍ਰਾਪਤ ਦੱਖਣੀ ਅਫਰੀਕਾ ਦੇ ਕੇਵਿਨ ਐਂਡਰਸਨ ਨੂੰ ਵੀ ਫਰਾਂਸ ਦੇ ਅਨੁਭਵੀ ਪੀਅਰ ਹਿਊਜਸ ਹਰਬਰਟ ਖ਼ਿਲਾਫ਼ ਸਿੱਧੇ ਸੈੱਟਾਂ ਵਿੱਚ 6-3, 6-4, 6-2 ਦੀ ਜਿੱਤ ਦੌਰਾਨ ਜ਼ਿਆਦਾ ਪਸੀਨਾ ਨਹੀਂ ਵਹਾਉਣਾ ਪਿਆ। ਉਹ ਅਗਲੇ ਗੇੜ ਵਿੱਚ ਸਰਬੀਆ ਦੇ ਯਾਂਕੋ ਟਿਪਸਰੇਵਿਚ ਖ਼ਿਲਾਫ਼ ਉਤਰੇਗਾ। ਇੱਕ ਸਮੇਂ ਦੁਨੀਆਂ ਦੇ ਅੱਠਵੇਂ ਨੰਬਰ ਦੇ ਖਿਡਾਰੀ ਰਹੇ ਟਿਪਸਰੇਵਿਚ ਨੂੰ ਜਾਪਾਨ ਦੇ ਵਾਈ ਨਿਸ਼ੀਓਕਾ ਖ਼ਿਲਾਫ਼ ਪੰਜ ਸੈੱਟ ਤੱਕ ਜੂਝਣਾ ਪਿਆ। ਸਰਬੀਆ ਦਾ ਖਿਡਾਰੀ ਹਾਲਾਂਕਿ ਅਖ਼ੀਰ 6-4, 6-7, 6-2, 5-7, 6-2 ਨਾਲ ਜਿੱਤ ਦਰਜ ਕਰਨ ਵਿੱਚ ਸਫਲ ਰਿਹਾ। ਸਵਿਟਜ਼ਰਲੈਂਡ ਦੇ ਤਿੰਨ ਵਾਰ ਦੇ ਗਰੈਂਡ ਸਲੈਮ ਜੇਤੂ ਅਤੇ 22ਵਾਂ ਦਰਜਾ ਪ੍ਰਾਪਤ ਸਟੇਨ ਵਾਵਰਿੰਕਾ ਵੀ ਪਹਿਲੇ ਗੇੜ ਵਿੱਚ ਸਿੱਧੇ ਸੈੱਟਾਂ ਵਿੱਚ ਜਿੱਤ ਦਰਜ ਕਰਨ ਵਿੱਚ ਸਫਲ ਰਿਹਾ। ਵਾਵਰਿੰਕਾ ਨੇ ਬੈਲਜੀਅਮ ਦੇ ਰੂਬੇਨ ਬੇਮੇਲਮਾਨਸ ਨੂੰ 6-3, 6-2, 6-2 ਨਾਲ ਹਰਾਇਆ। ਦੂਜੇ ਗੇੜ ਵਿੱਚ ਵਾਵਰਿੰਕਾ ਦਾ ਸਾਹਮਣਾ ਅਮਰੀਕਾ ਦੇ ਰੇਈਲੀ ਓਪਲੇਕਾ ਨਾਲ ਹੋਵੇਗਾ, ਜਿਸ ਨੇ ਪਹਿਲੇ ਗੇੜ ਵਿੱਚ ਜਰਮਨੀ ਦੇ ਸੈਡਰਿਕ ਮਾਰਸੇਲ ਸਟੇਬ ਨੂੰ 6-3, 7-6, (7/4), 6-1 ਨਾਲ ਬਾਹਰ ਦਾ ਰਸਤਾ ਵਿਖਾਇਆ। ਹੋਰ ਮੁਕਾਬਲਿਆਂ ਵਿੱਚ ਸਪੇਨ ਫੇਲਿਸਿਆਨੋ ਲੋਪੇਜ ਨੇ ਅਮਰੀਕਾ ਦੇ ਮਾਰਕੋਸ ਗਿਰੋਨ ਨੂੰ 6—4, 6-2, 6-4 ਨਾਲ ਹਰਾਇਆ, ਪਰ ਜਰਮਨੀ ਦੇ ਮਿਸ਼ਾ ਜ਼ੈਵੇਰੇਵ ਨੂੰ ਬੈਲਜੀਅਮ ਦੇ ਸਟੀਵ ਡਾਰਸਿਸ ਹੱਥੋਂ 6-2, 6-4, 6-4 ਨਾਲ ਹਾਰ ਝੱਲਣੀ ਪਈ। ਸਪੇਨ ਦੇ 23ਵਾਂ ਦਰਜਾ ਪ੍ਰਾਪਤ ਰੌਬਰਟੋ ਬਤਿਸਤਾ ਆਗੁਤ ਨੇ ਵੀ ਜਰਮਨੀ ਦੇ ਪੀਟਰ ਗੋਜ਼ੋਵਿਕ ਖ਼ਿਲਾਫ਼ 6-3, 6-2, 6-3 ਨਾਲ ਆਸਾਨ ਜਿੱਤ ਦਰਜ ਕੀਤੀ। ਮਹਿਲਾ ਵਰਗ ਵਿੱਚ ਵੀ ਸੀਨੀਅਰ ਦਰਜਾ ਪ੍ਰਾਪਤ ਖਿਡਾਰਨਾਂ ਨੇ ਆਸਾਨ ਜਿੱਤਾਂ ਦਰਜ ਕੀਤਆਂ। ਚੈੱਕ ਗਦਰਾਜ ਦੀ ਤੀਜਾ ਦਰਜਾ ਪ੍ਰਾਪਤ ਕੈਰੋਲੀਨਾ ਪਲਿਸਕੋਵਾ, ਯੂਕਰੇਨ ਦੀ ਅੱਠਵਾਂ ਦਰਜਾ ਪ੍ਰਾਪਤ ਇਲੀਨਾ ਸਵਿਤੋਲੀਨਾ ਅਤੇ ਅਮਰੀਕਾ ਦੀ 17ਵਾਂ ਦਰਜਾ ਪ੍ਰਾਪਤ ਮੈਡੀਸਨ ਕੀਅਜ਼ ਵੀ ਦੂਜੇ ਗੇੜ ਵਿੱਚ ਦਾਖ਼ਲ ਹੋਣ ਵਿੱਚ ਸਫਲ ਰਹੀਆਂ। ਕੈਰੋਲੀਨਾ ਨੇ ਚੀਨ ਦੀ ਝੂ ਲਿਨ ਨੂੰ 6-2, 7-6 ਨਾਲ ਹਰਾਇਆ, ਜਦਕਿ ਸਵਿਤੋਲੀਨਾ ਨੇ ਆਸਟਰੇਲੀਆ ਦੀ ਦਾਰੀਆ ਗਾਵਰਿਲੋਵਾ ਨੂੰ 7-5, 6-0 ਨਾਲ ਸ਼ਿਕਸਤ ਦਿੱਤੀ। ਕੀਅਜ਼ ਨੇ ਥਾਈਲੈਂਡ ਦੀ ਲੁਕਸੁਕਾ ਕੁਮਕੁਮ ਨੂੰ 6-3, 6-2 ਨਾਲ ਹਰਾਇਆ। ਐਸਤੋਨੀਆ ਦੀ 20ਵਾਂ ਦਰਜਾ ਪ੍ਰਾਪਤ ਐਨਟ ਕੋਸਤਾਵੀਟ ਕ੍ਰੋਏਸ਼ੀਆ ਦੀ 24ਵਾਂ ਦਰਜਾ ਪ੍ਰਾਪਤ ਪੇਤਰਾ ਮਾਰਟਿਚ, ਅਮਰੀਕਾ ਦੀ 27ਵਾਂ ਦਰਜਾ ਪ੍ਰਾਪਤ ਸੋਫੀਆ ਕੈਨਿਨ ਅਤੇ ਯੂਨਾਨ ਦੀ 31ਵਾਂ ਦਰਜਾ ਪ੍ਰਾਪਤ ਮਾਰੀਆ ਸਾਕਰੀ ਵੀ ਪਹਿਲੇ ਗੇੜ ਵਿੱਚ ਜਿੱਤ ਦਰਜ ਕਰਨ ਵਿੱਚ ਸਫਲ ਰਹੀਆਂ, ਪਰ ਬੈਲਾਰੂਸ ਦੀ ਦਸਵਾਂ ਦਰਜਾ ਪ੍ਰਾਪਤ ਆਇਰਨਾ ਸਬਾਲੈਂਕਾ ਨੂੰ ਹਾਰ ਦਾ ਸਾਹਮਣਾ ਕਰਨਾ ਪਿਆ।
Uncategorized ਵਿੰਬਲਡਨ: ਨੋਵਾਕ ਜੋਕੋਵਿਚ ਦੂਜੇ ਗੇੜ ਵਿੱਚ, ਐਂਡਰਸਨ ਦੀ ਆਸਾਨ ਜਿੱਤ