ਵੈਸਟ ਇੰਡੀਜ਼ ਖ਼ਿਲਾਫ਼ ਜਿੱਤ ਦਰਜ ਕਰਕੇ ਲੜੀ ਵਿੱਚ ਵਾਪਸੀ ਦੀਆਂ ਕੋਸ਼ਿਸ਼ਾਂ ਵਿੱਚ ਲੱਗੀ ਭਾਰਤੀ ਟੀਮ ਸਾਹਮਣੇ ਬੁੱਧਵਾਰ ਨੂੰ ਦੂਜੇ ਇੱਕ ਰੋਜ਼ਾ ਕ੍ਰਿਕਟ ਮੈਚ ਵਿੱਚ ਆਪਣੀ ਗੇਂਦਬਾਜ਼ੀ ਦੀ ਲੈਅ ਸੁਧਾਰਨ ਦੀ ਚੁਣੌਤੀ ਹੋਵੇਗੀ। ਇੱਥੇ ਤਿੰਨ ਮੈਚਾਂ ਦੀ ਲੜੀ ਜਿੱਤਣ ਨਾਲ ਬਤੌਰ ਕਪਤਾਨ ਕੀਰੋਨ ਪੋਲਾਰਡ ਦਾ ਕੱਦ ਵਧੇਗਾ। ਹਾਲਾਂਕਿ ਬੱਲੇਬਾਜ਼ਾਂ ਦੀ ਮਦਦਗਾਰ ਇਸ ਪਿੱਚ ’ਤੇ ਵਿਰਾਟ ਕੋਹਲੀ ਜਾਂ ਰੋਹਿਤ ਸ਼ਰਮਾ ਨੂੰ ਰੋਕਣਾ ਉਨ੍ਹਾਂ ਲਈ ਸੌਖਾ ਨਹੀਂ ਹੋਵੇਗਾ। ਚੇਨੱਈ ਵਿੱਚ ਪਹਿਲੇ ਮੈਚ ਦੌਰਾਨ ਭਾਰਤੀ ਗੇਂਦਬਾਜ਼ੀ ਖ਼ਰਾਬ ਨਹੀਂ ਸੀ, ਪਰ ਹੌਲੀ ਪਿੱਚ ’ਤੇ 287 ਦੌੜਾਂ ਦੇ ਸਕੋਰ ਦਾ ਬਚਾਅ ਨਾ ਹੋਣ ਕਾਰਨ ਟੀਮ ਪ੍ਰਬੰਧਕਾਂ ਸਾਹਮਣੇ ਕੁੱਝ ਸਵਾਲ ਜ਼ਰੂਰ ਖੜ੍ਹੇ ਹੋਏ ਹਨ। ਇੱਥੇ ਏਸੀਏ ਵੀਡੀਸੀਏ ਸਟੇਡੀਅਮ ’ਤੇ 320 ਦੌੜਾਂ ਦਾ ਸਕੋਰ ਚੰਗਾ ਮੰਨਿਆ ਜਾ ਰਿਹਾ ਹੈ। ਇਸ ਲਈ ਪੰਜਵੇਂ ਗੇਂਦਬਾਜ਼ ਨੂੰ ਬਦਲ ਵਜੋਂ ਉਤਾਰਿਆ ਜਾ ਸਕਦਾ ਹੈ। ਪਿਛਲੇ ਮੈਚ ਵਿੱਚ ਸ਼ਿਮਰੋਨ ਹੈਟਮਾਇਰ ਅਤੇ ਸ਼ਾਈ ਹੋਪ ਦੇ ਸੈਂਕੜਿਆਂ ਦੀ ਮਦਦ ਨਾਲ ਵੈਸਟ ਇੰਡੀਜ਼ ਨੇ ਟੀਚਾ ਆਸਾਨੀ ਨਾਲ ਹਾਸਲ ਕਰ ਲਿਆ ਸੀ। ਸਪਿੰਨਰ ਰਵਿੰਦਰ ਜਡੇਜਾ ਅਤੇ ਕੁਲਦੀਪ ਯਾਦਵ ਉਸ ਮੈਚ ਵਿੱਚ ਅਸਫਲ ਰਹੇ, ਜਿਨ੍ਹਾਂ ਨੇ ਦਸ-ਦਸ ਓਵਰਾਂ ਵਿੱਚ ਕ੍ਰਮਵਾਰ 58 ਅਤੇ 45 ਦੌੜਾਂ ਦੇ ਦਿੱਤੀਆਂ ਅਤੇ ਉਨ੍ਹਾਂ ਨੂੰ ਵਿਕਟ ਵੀ ਨਹੀਂ ਮਿਲੀ। ਹੋਪ ਅਤੇ ਹੈਟਮਾਇਰ ਨੇ ਬਿਨਾਂ ਖ਼ਤਰਾ ਮੁੱਲ ਲਏ ਵਿਚਕਾਰਲੇ ਓਵਰਾਂ ਵਿੱਚ 103 ਦੌੜਾਂ ਜੋੜੀਆਂ। ਸ਼ਿਵਮ ਦੂਬੇ ਨੇ 7.5 ਓਵਰਾਂ ਵਿੱਚ 68 ਦੌੜਾਂ ਦਿੱਤੀਆਂ, ਜਿਸ ਤੋਂ ਸਾਬਤ ਹੁੰਦਾ ਹੈ ਕਿ ਗੇਂਦਬਾਜ਼ੀ ਵਿੱਚ ਉਸ ਨੂੰ ਹੋਰ ਮਿਹਨਤ ਕਰਨੀ ਹੋਵੇਗੀ। ਭਾਰਤ ਕੋਲ ਵਾਧੂ ਖਿਡਾਰੀਆਂ ਵਿੱਚ ਸਲਾਮੀ ਬੱਲੇਬਾਜ਼ ਮਯੰਕ ਅਗਰਵਾਲ ਹੈ, ਪਰ ਰੋਹਿਤ ਅਤੇ ਕੇਐੱਲ ਰਾਹੁਲ ਦੀ ਸ਼ਾਨਦਾਰ ਲੈਅ ਨੂੰ ਵੇਖਦਿਆਂ ਉਸ ਦੇ ਖੇਡਣ ਦੀ ਸੰਭਾਵਨਾ ਘੱਟ ਹੀ ਹੈ। ਮਨੀਸ਼ ਪਾਂਡੇ ਮੱਧ ਕ੍ਰਮ ਦਾ ਬੱਲੇਬਾਜ਼ ਹੈ, ਜੋ ਛੇਵੇਂ ਨੰਬਰ ’ਤੇ ਕੇਦਾਰ ਜਾਧਵ ਦੀ ਥਾਂ ਲੈ ਸਕਦਾ ਹੈ। ਹਾਲਾਂਕਿ ਜਾਧਵ ਨੇ ਚੇਨੱਈ ਵਿੱਚ 33 ਗੇਂਦਾਂ ’ਤੇ 40 ਦੌੜਾਂ ਬਣਾਈਆਂ ਹਨ। ਪੰਜਵੇਂ ਗੇਂਦਬਾਜ਼ ਦਾ ਬਦਲ ਸ਼ਰਦੁਲ ਠਾਕੁਰ ਜਾਂ ਯੁਜ਼ਵੇਂਦਰ ਚਾਹਲ ਹਨ। ਇਨ੍ਹਾਂ ਵਿੱਚੋਂ ਇੱਕ ਨੂੰ ਚੁਣਨ ’ਤੇ ਦੋਵਾਂ ਹਰਫ਼ਨਮੌਲਿਆਂ ਦੂਬੇ ਜਾਂ ਰਵਿੰਦਰ ਜਡੇਜਾ ਵਿੱਚੋਂ ਇੱਕ ਨੂੰ ਬਾਹਰ ਕੀਤਾ ਜਾ ਸਕਦਾ ਹੈ। ਦੂਬੇ ਪਿਛਲੇ ਮੈਚ ਵਿੱਚ ਅੱਠਵੇਂ ਨੰਬਰ ’ਤੇ ਉਤਰਿਆ ਸੀ, ਇਸ ਲਈ ਉਸ ਦੀ ਥਾਂ ਸ਼ਰਦੁਲ ਨੂੰ ਮੌਕਾ ਦਿੱਤਾ ਜਾ ਸਕਦਾ ਹੈ। ਵੈਸਟ ਇੰਡੀਜ਼ ਨੂੰ ਹੈਟਮਾਇਰ ਤੋਂ ਉਮੀਦਾਂ ਹੋਣਗੀਆਂ। ਕੈਰੇਬਿਆਈ ਤੇਜ਼ ਗੇਂਦਬਾਜ਼ਾਂ ਸ਼ੈਲਡਨ ਕੋਟਰੇਲ, ਅਲਜ਼ਾਰੀ ਜੋਸੇਫ਼ ਅਤੇ ਕੀਮੋ ਪਾਲ ਨੇ ਚੇਨੱਈ ਵਿੱਚ ਲਾਜਵਾਬ ਪ੍ਰਦਰਸ਼ਨ ਕੀਤਾ, ਪਰ ਵਿਸ਼ਾਖਾਪਟਨਮ ਦੀ ਪਿੱਚ ’ਤੇ ਇਸ ਤਿੱਕੜੀ ਲਈ ਵੱਖਰੀ ਚੁਣੌਤੀ ਹੋਵੇਗੀ। ਮੈਚ ਦੁਪਹਿਰ 1.30 ਵਜੇ ਸ਼ੁਰੂ ਹੋਵੇਗਾ।